ਕੁਦਰਤਿ ਹੈ ਕੀਮਤਿ ਨਹੀ ਪਾਇ।।

ਲਸੂੜਾ (cordia dichotoma) ਪੰਜਾਬ ਦੇ ਸਾਹਿਤ ਸੱਭਿਆਚਾਰ ਵਿੱਚ ਆਪਣੀ ਹਾਜ਼ਰੀ ਲਵਾਉਣ ਦੇ ਨਾਲ ਨਾਲ ਰਾਜਸਥਾਨ ਦੇ ਖੁਸ਼ਕ ਇਲਾਕਿਆਂ, ਪੱਛਮੀ ਘਾਟ ਦੇ ਸਿੱਲੇ ਇਲਾਕਿਆਂ ਅਤੇ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿੱਚ ਵੇਖਣ ਨੂੰ ਮਿਲਦਾ ਹੈ। ਸੰਸਾਰ ਦੇ ਹੋਰਨਾਂ ਭਾਗਾਂ ਵਿੱਚ ਇਸ ਰੁੱਖ ਨੂੰ ‘ਹਿੰਦੋਸਤਾਨੀ ਚੈਰੀ’ ਅਤੇ ‘ਬਰਡ ਲਾਈਮ ਟ੍ਰੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਸੇ ਵੇਲੇ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿੱਚ ਆਮ ਹੀ ਮਿਲਣ ਵਾਲੇ ਰੁੱਖ ਦੇ ਪੱਤੇ ਗੋਲ ਅਤੇ ਅੰਡਾਕਾਰ, ਗੂੜ੍ਹੀਆਂ ਰਗਾਂ ਵਾਲੇ ਹੁੰਦੇ ਹਨ ਜੋ ਸਮਾਂ ਪਾ ਕੇ ਖੁਰਦਰੇ ਹੋ ਜਾਂਦੇ ਹਨ। ਮਾਰਚ ਮਹੀਨੇ ਨਿੱਕੇ ਨਿੱਕੇ ਸਫ਼ੈਦ ਕਰੀਮ ਰੰਗ ਦੇ ਹਲਕੇ ਮਹਿਕ ਵਾਲੇ ਫੁੱਲ ਪੈਂਦੇ ਹਨ ਜੋ ਤਕਰੀਬਨ ਜੂਨ ਮਹੀਨੇ ਵਿੱਚ ਹਲਕੇ ਪੀਲੇ, ਗੁਲਾਬੀ ਭਾਹ ਜਾਂ ਜੋਗੀਆ ਰੰਗ ਦੀ ਭਾਹ ਮਾਰਦੇ ਫ਼ਲਾਂ ਵਿੱਚ ਤਬਦੀਲ ਹੋ ਜਾਂਦੇ ਹਨ। ਜਿਨ੍ਹਾਂ ਵਿੱਚ ਚਿਪਚਿਪਾ ਗੁੱਦਾ ਹੁੰਦਾ ਹੈ ਤੇ ਗੁੱਦੇ ਅੰਦਰ ਬੀਜਾਂ ਸਮੇਤ ਗਿਟਕ ਹੁੰਦੀ ਹੈ।
ਮਿਸਰ ਵਾਸੀ ਆਪਣੇ ਵੱਡੇ ਵਡੇਰਿਆਂ ਦੀਆਂ ਲਾਸ਼ਾਂ ਸੰਭਾਲ ਕੇ ਰੱਖਣ ਵਾਲੇ ਬਕਸੇ ਬਣਾਉਣ ਲਈ ਲਸੂੜੇ ਦੀ ਲੱਕੜ ਵਰਤਦੇ ਹਨ। ਪੰਜਾਬ ਵਾਸੀ ਇਸ ਦੀ ਲੱਕੜ ਤੋਂ ਖੇਤੀ ਸੰਦ ਜਾਂ ਖੂਹ ਦੇ ਹਿੱਸੇ, ਕਿਸ਼ਤੀਆਂ ਆਦਿ ਬਣਾਉਂਦੇ ਸਨ। ਇਸ ਦੇ ਫ਼ਲਾਂ ਨੂੰ ਕੱਚਿਆਂ, ਆਚਾਰ ਜਾਂ ਸਬਜ਼ੀ ਦੇ ਤੌਰ ’ਤੇ ਵੀ ਖਾਧਾ ਜਾਂਦਾ ਰਿਹਾ ਹੈ। ਪੱਤਿਆਂ ਵਿੱਚ ਪ੍ਰੋਟੀਨ ਅਤੇ ਕੱਚੇ ਰੇਸ਼ੇ ਦੀ ਮੌਜੂਦਗੀ ਹੋਣ ਸਦਕਾ ਇਸ ਨੂੰ ਬੱਕਰੀਆਂ ਦੇ ਚਾਰੇ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਸ਼ੱਕ ਤੋਂ ਟੈਨਿਨ ਪ੍ਰਾਪਤੀ ਅਤੇ ਪੱਤੇ ਡੂਨੇ ਬਣਾਉਣ ਲਈ ਵੀ ਵਰਤੇ ਜਾਂਦੇ ਸਨ। ਲਸੂੜੇ ਦੇ ਫ਼ਲਾਂ ਵਿੱਚ ਐਂਟੀਏਜਿੰਗ (ਜਵਾਨ ਰਹਿਣ) ਅਤੇ ਚਿਹਰੇ ’ਤੇ ਝੁਰੜੀਆਂ ਪੈਣ ਤੋਂ ਰੋਕਣ ਵਿੱਚ ਸਹਾਈ ਤੱਤ ਮੌਜੂਦ ਹੁੰਦੇ ਸਨ। ਸਾਹਿਤ ਵਿੱਚ ਲਸੂੜੇ ਦੀ ਹਾਜ਼ਰੀ ਅਨੇਕਾਂ ਥਾਈਂ ਮਿਲਦੀ ਹੈ:
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗਿਆ ਲਸੂੜਾ…
ਲੈ ਜਾ ਮੇਰਾ ਗੁੱਟ ਮਿਣਕੇ
ਛੁੱਟੀਆਂ ਆਈਆਂ ਤਾਂ ਲਿਆਵੀਂ ਚੂੜਾ।