ਗੱਡੀ ’ਟੇਸ਼ਣ ’ਤੇ ਆਈ…

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦਾ ਜ਼ਿਕਰ ਉਦੋਂ ਤੋਂ ਹੁੰਦਾ ਆਇਆ ਹੈ, ਜਦੋਂ ਰੇਲ ਗੱਡੀਆਂ ਬਹੁਤ ਘੱਟ ਗਿਣਤੀ ਵਿੱਚ ਹੁੰਦੀਆਂ ਸਨ। ਬਹੁਤ ਘੱਟ ਰੂਟਾਂ ਉੱਪਰ ਵਿਰਲੀਆਂ-ਟਾਵੀਆਂ ਰੇਲ ਗੱਡੀਆਂ ਦਿਨ ਵਿੱਚ ਇੱਕ-ਦੋ ਵਾਰ ਆਉਂਦੀਆਂ ਜਾਂਦੀਆਂ ਸਨ। ਪਿੰਡਾਂ ਵਿੱਚ ਰਹਿਣ ਵਾਲੇ ਲੋਕ ਦੂਰ-ਦੁਰਾਡੇ ਤੋਂ ਜਾਂ ਕਈ ਹਾਲਤਾਂ ਵਿੱਚ ਨੇੜਲੇ ਪਿੰਡ, ਕਸਬੇ ਜਾਂ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਗੱਡੀ ’ਤੇ ਸਵਾਰ ਹੁੰਦੇ ਸਨ। ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦੀ ਚਰਚਾ ਆਵਾਜਾਈ ਦੇ ਬਾਕੀ ਸਵਾਰੀ ਸਾਧਨਾਂ ਨਾਲੋਂ ਵਧੇਰੇ ਹੁੰਦੀ ਜਾਪਦੀ ਹੈ। ਰੇਲ ਗੱਡੀ ਉੱਪਰ ਪੰਜਾਬੀ ਲੋਕ ਕਾਵਿ ਨੇ ਬਹੁਤ ਲੰਮਾ ਪੰਧ ਤੈਅ ਕੀਤਾ ਹੈ ਤੇ ਇਸ ਪੈਂਡੇ ਦੇ ਅਨੁਭਵ ਵੀ ਬਹੁਤ ਨਿਰਾਲੇ ਹਨ :
* ਕੰਮ ਸਰਕਾਰੀ ਸ਼ੁਰੂ ਹੋ ਗਿਆ ਪੱਕੀ ਸੜਕ ਬਣਾਈ
ਪਹਿਲਾਂ ਸੜਕ ’ਤੇ ਸਿੱੱਟ ਲਏ ਬਾਲੇ ਪਿੱਛੋਂ ਲੈਨ ਟਿਕਾਈ
ਵੇਖੋ ਰੇਲ ਗੱਡੀ ਆ ਗਈ ਲੈਨ ’ਤੇ
ਇੰਜਣ ਨੇ ਸੀਟੀ ਵਜਾਈ
ਰਸਤਾ ਛੋੜ ਦਿਓ, ਹੀਰ ਮਜਾਜਣ ਆਈ…
ਰਸਤਾ ਛੋੜ ਦਿਓ…
* ਗੱਡੀ ਆ ਗਈ ’ਟੇਸ਼ਣ ’ਤੇ
ਪਰ੍ਹਾਂ ਹੋ ਜਾ ਵੇ ਬਾਬੂ
ਸਾਨੂੰ ਮਾਹੀਏ ਨੂੰ ਵੇਖਣ ਦੇ…
ਭਾਰਤੀ ਰੇਲ ਦਾ ਸ਼ੁਭ ਆਰੰਭ 19ਵੀਂ ਸਦੀ ਦੇ ਅੱਧ ਵਿੱਚ ਹੁੰਦਾ ਹੈ। ਰੇਲ ਗੱਡੀ ਦੀ ਸਵਾਰੀ ਮਨੁੱਖ ਲਈ ਅਚੰਭੇ ਭਰਪੂਰ ਬਣ ਕੇ, ਉਤਸ਼ਾਹਪੂਰਵਕ ਤੇ ਹੁਲਾਰਾ ਦੇਣ ਵਾਲਾ ਅਨੁਭਵ ਬਣ ਕੇ ਪ੍ਰਗਟ ਹੁੰਦੀ ਹੈ। ਲੋਕ ਰੇਲ ਗੱਡੀ ਦੀ ਸਵਾਰੀ ਦਾ ਭਰਵਾਂ ਤੇ ਭਰਪੂਰ ਸਵਾਗਤ ਕਰਦੇ ਹਨ। ਕੋਇਲੇ (ਭਾਫ਼ ਇੰਜਣ) ਨਾਲ ਚੱਲਣ ਵਾਲੀ ਮੁੱਢਲੇ ਦੌਰ ਦੀ ਯਾਤਰੂ ਰੇਲ ਗੱਡੀ ਦੀਆਂ ਮੀਲਾਂ ਵਿੱਚ ਨਾਪਣ ਵਾਲੀਆਂ ਦੂਰੀਆਂ ਵਧਦੀਆਂ ਗਈਆਂ ਤੇ ਰੇਲ ਸਫ਼ਰ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਿੱਚ ਵੀ ਵਾਧਾ ਹੁੰਦਾ ਗਿਆ। ਹੌਲੀ ਹੌਲੀ ਭਾਫ਼ ਇੰਜਣ ਰੇਲ ਗੱਡੀ ਦੇ ਡੀਜ਼ਲ ਇੰਜਣ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਬਿਹਤਰ ਨਤੀਜੇ ਦੇਣੇ ਸ਼ੁਰੂ ਕਰਦਾ ਹੈ। ਫਿਰ ਬਿਜਲੀ ਨਾਲ ਚੱਲਣ ਵਾਲਾ ਰੇਲ ਇੰਜਣ ਰੇਲਵੇ ਦੇ ਇਤਿਹਾਸ ਵਿੱਚ ਵੱਡਾ ਪਰਿਵਰਤਨ ਲੈ ਕੇ ਆਉਂਦਾ ਹੈ। ਰੇਲ ਗੱਡੀ ਦੇ ਸਫ਼ਰ ਦੇ ਦਿਸਹੱਦੇ ਹੋਰ ਵਿਸਥਾਰ ਕਰਦੇ ਜਾਂਦੇ ਹਨ।
* ਗੱਡੀ ਚੱਲਦੀ ਖਲੋ ਗਈ ਏ
ਜੀਹਨੂੰ ਖੜ੍ਹੀ ਤੂੰ ’ਡੀਕਦੀ
ਉਹਦੀ ਬਦਲੀ ਹੋ ਗਈ ਏ…
* ਗੱਡੀ ਚੱਲਦੀ ਸਲਾਖਾਂ ’ਤੇ
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਏ, ਆਖਾਂ ’ਤੇ…
* ਗੱਡੀ ਚੱਲਦੀ ਏ ਗਾਡਰ ’ਤੇ
ਅੱਗੇ ਮਾਹੀਆ ਨਿੱਤ ਮਿਲਦਾ
ਹੁਣ, ਸਾਹਬ ਦੇ ਆਡਰ ’ਤੇ…
* ਗੱਡੀ ਚੱਲਦੀ ਏ ਸੰਗਲਾਂ ’ਤੇ
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਏ ਮੰਗਲਾਂ ’ਤੇ…
ਖੋਜਾਂ ਹੁੰਦੀਆਂ ਜਾਂਦੀਆਂ ਹਨ ਤਾਂ ਰੇਲ ਗੱਡੀ ਮੈਟਰੋ ਰੇਲ, ਮੋਨੋ ਰੇਲ, ਬੁਲੇਟ ਰੇਲ ਦੇ ਪੜਾਅ ਤੱਕ ਪਹੁੰਚ ਜਾਂਦੀ ਹੈ। ਅਤੀ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਦੀ ਸਹੂਲਤ ਦਾ ਲਾਭ ਵੀ ਭਾਰਤੀ ਯਾਤਰੂ ਉਠਾ ਰਿਹਾ ਹੈ।
* ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ
ਟਿਕਟਾਂ ਦੋ ਲੈ ਲਈਂ…
* ਗੱਡੀ ਚੜ੍ਹ ਤੇਰੇ ਘਰ ਆਵਾਂ
ਚਿੱਠੀ ਤੀਏ ਦਿਨ ਮਿਲਣੀ…
ਪੰਜਾਬੀ ਦੇ ਇੱਕ ਲੋਕ ਗੀਤ ਵਿੱਚ ਧੀ ਅਤੇ ਮਾਂ ਦਰਮਿਆਨ ਸੰਵਾਦ ਚੱਲ ਰਿਹਾ ਹੈ। ਧੀ ਨੇ ਬੜੇ ਚਾਵਾਂ ਨਾਲ ਵੰਨ-ਸੁਵੰਨੇ ਨਵੇਂ ਗਹਿਣੇ ਘੜਵਾਏ ਹਨ। ਉਸ ਨੇ ਰੇਲ ਗੱਡੀ ਵਿੱੱਚ ਸਵਾਰ ਹੋ ਕੇ ਕਿਧਰੇ ਜਾਣਾ-ਆਉਣਾ ਹੈ। ਉਹ ਆਪਣੀ ਮਾਂ ਅੱਗੇ ਵਾਸਤੇ ਪਾਉਂਦੀ ਹੈ ਕਿ ਉਹ ਉਸ ਨੂੰ ਰੇਲ ਗੱਡੀ ਦੇ ’ਟੇਸ਼ਣ ’ਤੇ ਆ ਕੇ ਮਿਲੇ :
* ਕੰਗਣ ਘੜਾਏ, ਮੋਤੀਆਂ ਜੜਤ ਜੜਾਈ
ਕਿਤੇ ਮਿਲ ਨੀਂ ਮਾਏ, ਗੱਡੀ ’ਟੇਸ਼ਣ ’ਤੇ ਆਈ…
ਕੈਂਠਾ ਘੜਾਇਆ, ਮੋਤੀਆਂ ਜੜਤ ਜੜਾਈ
ਕਿਤੇ ਮਿਲ ਨੀਂ ਮਾਏ, ਗੱਡੀ ’ਟੇਸ਼ਣ ’ਤੇ ਆਈ…
* ਗੱਡੀ ਆਉਂਦੀ ਨੂੰ ਲੁੱਕ ਲਾਵਾਂ
ਅੱਜ ਮੇਰੇ ਮਾਹੀ ਆਵਣਾ
ਸਿਰ ਵਾਹ ਕੇ ਕਲਿੱਪ ਲਾਵਾਂ…
ਜਿਨ੍ਹਾਂ ਨਵ-ਵਿਆਹੀਆਂ ਦੇ ਕੰਤ ਰੇਲ ਗੱਡੀ ਵਿੱਚ ਚੜ੍ਹ ਕੇ ਲੰਮੀਆਂ ਔਖੀਆਂ ਲੜਾਈਆਂ ਲੜਨ ਵਾਸਤੇ ਦੇਸ਼ ਦੀਆਂ ਸਰਹੱਦਾਂ ’ਤੇ ਚਲੇ ਜਾਂਦੇ ਹਨ, ਉਨ੍ਹਾਂ ਦੇ ਦਰਦ ਦੀ ਤਰਜ਼ਮਾਨੀ ਪੰਜਾਬੀ ਲੋਕ ਗੀਤਾਂ ਵਿੱਚ ਬਾਖੂਬੀ ਕੀਤੀ ਗਈ ਮਿਲਦੀ ਹੈ।
* ਟੁੱੱਟ ਜਾਵੇਂ ਰੇਲ ਗੱਡੀਏ
ਮੇਰੇ ਮਾਹੀ ਦਾ ਵਿਛੋੜਾ ਪਾਇਆ…
ਗੱਡੀਏ ਨੀਂ ਤੇਰੇ ਪਹੀਏ ਟੁੱਟ ਜਾਣ
ਨਾਲੇ ਟੁੱਟਣ ਬਾਹੀਆਂ
ਗੱਭਰੂ ਤੂੰ ਢੋਅ ਲਏ, ਨਾਰਾਂ ਦੇਣ ਦੁਹਾਈਆਂ…
* ਗੱਡੀ ਚੱਲਦੀ ਏ ਤਾਰਾਂ ’ਤੇ
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਕਰਾਰਾਂ ’ਤੇ…
ਰੇਲ ਗੱਡੀ ਦੇ ਹਵਾਲੇ ਨਾਲ ਕਈ ਸਮਾਜਿਕ ਰਿਸ਼ਤਿਆਂ ਦੀ ਗੱਲ ਬੜੀ ਸ਼ਿੱਦਤ ਨਾਲ ਹੁੰਦੀ ਹੈ। ਧੀ ਵੱਲੋਂ ਆਪਣੇ ਬਾਬਲ ਨੂੰ, ਭੈਣ ਵੱਲੋਂ ਆਪਣੇ ਵੀਰ ਨੂੰ ਅਤੇ ਪਤਨੀ ਵੱਲੋਂ ਆਪਣੇ ਪਤੀ ਨੂੰ ਕਿਸੇ ਵਿਸ਼ੇਸ਼ ਗੱਡੀ ’ਤੇ ਚੜ੍ਹ ਕੇ ਆਉਣ ਲਈ ਦਿੱਤੀ ਜਾਂਦੀ ਸਲਾਹ ਵੇਖਣ ਯੋਗ ਹੈ :
* ਓਸ ਗੱਡੀ ਆਈਂ ਬਾਬਲਾ
ਜਿਹੜੀ ਧੀਆਂ ਦੇ ਦੇਸ ਨੂੰ ਜਾਵੇ..
* ਗੱਡੀ ਕਰਾ ਦੇ ਚੀਕਣੀ,
ਅਸੀਂ ਚੜ੍ਹ ਕੇ ਜਾਣਾ ਪੇਕੜੇ
ਗੱਡੀਓਂ ਉਤਰਨ ਵਾਲੇ ਆਪਣੇ ਯਾਰ ਦੇ ਸਵਾਗਤ ਲਈ ਜਾ ਰਿਹਾ ਇੱਕ ਯਾਰ ਕੁਝ ਇਸ ਤਰ੍ਹਾਂ ਕਹਿੰਦਾ ਸੁਣਾਈ ਦਿੰਦਾ ਹੈ:
* ਝਰਨਾ ਝਰਨਾ ਝਰਨਾ,
ਲੁੱਦੇਹਾਣਾ ਮੈਂ ਵੇਖਿਆ
ਜਿੱਥੇ ਰੇਲ ਗੱਡੀ ਨੇ ਖੜ੍ਹਨਾ
ਪਿੱਛੇ ਹਟ ਵੇ ਖਸਮਾ,
ਮੈਂ ਯਾਰ ਗੁੱਸੇ ਨੀਂ ਕਰਨਾ…
* ਛਾਲ ਗੱਡੀ ’ਚੋਂ ਮਾਰੀ
ਮਿੱਤਰਾਂ ਦਾ ਬੋਲ ਸੁਣ ਕੇ…
ਲੰਮੇ ਪੈਂਡੇ ਤੈਅ ਕਰਨ ਵਾਲੀ ਰੇਲ ਗੱਡੀ ਆਪਣਿਆਂ ਨੂੰ ਮਿਲਾਉਂਦੀ ਵੀ ਹੈ, ਵਿਛੋੜੇ ਵੀ ਪਾਉਂਦੀ ਹੈ। ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦੇ ਨਾਲ-ਨਾਲ ਗਾਰਡ, ਬਾਬੂ, ’ਟੇਸ਼ਣ, ਟਿਕਟਾਂ, ਰੇਲ ਗੱਡੀ ਦੇ ਇੰਜਣ, ਉਸ ਦੀ ਆਵਾਜ਼, ਰੇਲ ਗੱਡੀ ਦੀਆਂ ਲਾਈਨਾਂ (ਪਟੜੀਆਂ), ਮੁਸਾਫ਼ਰਾਂ, ਸ਼ਹਿਰਾਂ ਦੇ ਨਾਵਾਂ, ਧਰਤੀ ਦੇ ਦ੍ਰਿਸ਼ਾਂ, ਗੱਡੀ ਦੇ ਆਉਣ ਜਾਣ ਦੇ ਸਮੇਂ, ਗੱਡੀ ਵਿੱਚ ਚੜ੍ਹਨ ਦੇ ਚਾਅ, ਗੱਡੀ ਦੀ ਉਡੀਕ, ਰੇਲ ਗੱਡੀ ਦੇ ਸਫ਼ਰ ਆਦਿ ਦਾ ਜ਼ਿਕਰ ਬੜੀ ਬੇਬਾਕੀ ਨਾਲ ਹੁੰਦਾ ਹੈ।
* ਖੱਟ ਖੱਟ ਕੇ ਲਿਆਂਦਾ ਰਾਅ ਜਾਮਨੂੰ
ਵੇ ਸਵੇਰੇ ਗੱਡੀ ਮੋੜ
ਘਰ ਆ ਜਾ ਸ਼ਾਮ ਨੂੰ,
ਵੇ ਸਵੇਰੇ ਗੱਡੀ ਮੋੜ..
* ਏਸ ਡਾਕ ਨੇ ਬਠਿੰਡੇ ਜਾਣਾ
ਮੋੜ ਉੱਤੇ ਘਰ ਯਾਰ ਦਾ…
* ਗੱਡੀ ਲਾਈਨ ’ਤੇ ਆਈ ਏ
ਜਾਨ ਸਾਡੀ ਕੱਢਣ ਲਈ
ਮਹਿੰਦੀ ਹੱਥਾਂ ਉੱਤੇ ਲਾਈ ਏ…
* ਗੱਡੀ ਚੜ੍ਹਦੀ ਨੇ ਭਨਾ ਲਏ ਗੋਡੇ
ਚਾਅ ਮੁਕਲਾਵੇ ਦਾ…
ਰੇਲ ਗੱਡੀ ਦਾ ਸਫ਼ਰ ਅਮੁੱਕ ਹੈ। ਇਸ ਸਫ਼ਰ ਦੌਰਾਨ ਪੰਜਾਬੀ ਲੋਕ ਗੀਤ ਰੇਲ ਗੱਡੀ ਦੇ ਨਾਲ-ਨਾਲ ਪੰਧ ਗਾਹੁੰਦੇ ਆਏ ਹਨ। ਇੱਕ ਸਫ਼ਰ ਚੁੱਪ ਦਾ ਸਫ਼ਰ ਵੀ ਹੁੰਦਾ ਹੈ। ਇੱਕ ਸਫ਼ਰ ਸ਼ੋਰ ਦਾ ਸਫ਼ਰ ਵੀ ਹੁੰਦਾ ਹੈ। ਇੱਕ ਸਫ਼ਰ ਖੁਸ਼ੀਆਂ ਖੇੜਿਆਂ ਦਾ ਵੀ ਹੁੰਦਾ ਹੈ। ਇੱਕ ਸਫ਼ਰ ਬੇਚੈਨੀ ਦਾ ਵੀ ਹੁੰਦਾ ਹੈ। ਪੰਜਾਬੀ ਲੋਕ ਗੀਤ ਮਨੁੱਖ ਦੇ ਹਰੇਕ ਸਫ਼ਰ ਦੇ ਨਾਲ ਉਸ ਦੇ ਅੰਗ-ਸੰਗ ਰਹੇ ਹਨ। ਸ਼ਾਲਾ! ਖੁਸ਼ੀਆਂ ਸਾਂਝੀਆਂ ਕਰਨ ਵਾਲੇ ਮਨੁੱਖ ਦਾ ਰੇਲ ਗੱਡੀ ਦਾ ਸਫ਼ਰ ਜਾਰੀ ਰਹੇ। ਰੇਲ ਗੱਡੀ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਂਦੀ ਰਹੇ।