ਇਨਸਾਨ

ਤੌਕ਼ੀਰ ਚੁਗ਼ਤਾਈ

ਸਾਡਾ ਕੁੱਤਾ ਬੜਾ ਚੰਗਾ ਤੇ ਵਫ਼ਾਦਾਰ ਸੀ। ਜਦੋਂ ਉਹ ਮਰ ਗਿਆ ਤਾਂ ਸਾਰੇ ਟੱਬਰ ਨੇ ਟੁੱਕਰ ਖਾਣਾ ਛੱਡ ਦਿੱਤਾ। ਅਸਾਂ ਕੁੱਤੇ ਦੇ ਹਿੱਸੇ ਦਾ ਟੁੱਕਰ ਗੁਆਂਢੀਆਂ ਦੇ ਕੁੱਤੇ ਵੱਲ ਘੱਲਿਆ।

– ਤੁਹਾਡਾ ਕੁੱਤਾ ਕਿੱਥੇ? ਅੱਜ ਤਾਂ ਗਲੀ ਵਿਚ ਵੀ ਨਹੀਂ ਆਇਆ? ਗੁਆਂਢੀਆਂ ਦੇ ਕੁੱਤੇ ਨੇ ਪੁੱਛਿਆ।

– ਊਹ ਮਰ ਗਿਆ ਏ। ਆਹ ਲੈ ਉਹਦੇ ਹਿੱਸੇ ਦਾ ਟੁੱਕਰ ਤੂੰ ਖਾ ਲੈ!

– ਮੈਥੋਂ ਤਾਂ ਅੱਜ ਆਪਣੇ ਹਿੱਸੇ ਦਾ ਟੁੱਕਰ ਵੀ ਖਾ ਨ੍ਹੀਂ ਹੋਣਾ- ਉਹਦਾ ਹਿੱਸਾ ਕਿੰਜ ਖਾਵਾਂਗਾ?

ਬੇੇਬੇ ਨੇ ਬਿੱਲੀ ਅੱਗੇ ਦੁੱਧ ਧਰਿਆ।

– ਕੁੱਤਾ ਕਿੱਥੇ? ਬਿੱਲੀ ਨੇ ਪੁੱਛਿਆ।

– ਉਹ ਤਾਂ ਮਰ ਗਿਆ!

– ਫਿਰ ਮੇਰੇ ਸੰਘ ’ਚੋਂ ਦੁੱਧ ਕਿਵੇਂ ਲੱਥੇਗਾ? ਜਦੋਂ ਉਹ ਜਿਊਂਦਾ ਸੀ ਤਾਂ ਦੁੱਧ ਪੀਣ ਲੱਗਿਆਂ ਮੇਰੇ ਵੱਲ ਘੂਰੀਆਂ ਵੱਟਦਾ ਸੀ। ਪਰ ਮੈਂ ਦੁੱਧ ਪੀ ਜਾਂਦੀ ਸਾਂ। ਜਦੋਂ ਭਾਂਡਾ ਵਿਹਲਾ ਹੋ ਜਾਂਦਾ ਸੀ ਤਾਂ ਉਹ ਮੈਨੂੰ ਜ਼ੋਰ ਦੀ ਭੌਂਕਦਾ ਸੀ। ਮੈਂ ਨੱਠ ਕੇ ਚੁੱਲ੍ਹੇ ਦੇ ਲਾਗੇ ਬੈਠੀ ਬੇਬੇ ਕੋਲ ਜਾ ਬਹਿੰਦੀ ਸਾਂ। ਉਹ ਝੂਠੀ-ਮੂਠੀ ਭਾਂਡੇ ਕੋਲ ਦੌੜ ਕੇ ਅਾਉਂਦਾ ਸੀ ਤੇ ਉਹਦੇ ਵਿਚ ਝਾਤੀਆਂ ਮਾਰ ਕੇ ਜਦੋਂ ਯਕੀਨ ਕਰ ਲੈਂਦਾ ਸੀ ਕਿ ਭਾਂਡਾ ਵਿਹਲਾ ਹੋ ਗਿਆ ਤਾਂ ਪੋਲੇ-ਪੋਲੇ ਨਾਸਾਂ ਚਟਦਾ ਹੋਇਆ ਦਾਦੇ ਦੀ ਮੰਜੀ ਕੋਲ ਜਾ ਬਹਿੰਦਾ ਸੀ। ਅੱਜ ਮੈਥੋਂ ਦੁੱਧ ਨ੍ਹੀਂ ਪੀਤਾ ਜਾਣਾ ਜੇ। ਮੇਰੇ ਹਿੱਸੇ ਦਾ ਦੁੱਧ ਕਾਕੇ ਨੂੰ ਦੇ ਦਿਓ!

ਬਨੇਰੇ ’ਤੇ ਕਾਂ-ਕਾਂ ਹੋਈ। ਪਰ ਕਾਂ ਵੱਲ ਕਿਸੇ ਨੇ ਵੀ ਧਿਆਨ ਨਾ ਦਿੱਤਾ।

– ਅੱਧੀ ਰੋਟੀ ਭੰਨ ਕੇ ਕਾਂ ਨੂੰ ਪਾ ਛੱਡ ਤੇ ਛਾਬਾ ਚੁੱਕ ਕੇ ਅੰਦਰ ਲੈ ਜਾ। ਅੱਜ ਕਿਸੇ ਨੇ ਟੁੱਕਰ ਨ੍ਹੀਂ ਖਾਣਾ। ਬੇੇਬੇ ਨੇ ਨਿੱਕੀ ਨੂੰ ਆਖਿਆ।

ਨਿੱਕੀ ਨੇ ਅੱਧੀ ਰੋਟੀ ਭੰਨ ਕੇ ਕਾਂ ਵੱਲ ਵਾਹੀ।

– ਅੱਜ ਕੁੱਤਾ ਕਿੱਥੇ? ਕਾਂ ਨੇ ਪੁੱਛਿਆ।

– ਉਹ ਤਾਂ ਮਰ ਗਿਆ। ਨਿੱਕੀ ਨੇ ਉਹਨੂੰ ਦੱਸਿਆ।

– ਕੁੱਤਾ ਹੁੰਦਾ ਸੀ ਤਾਂ ਮੈਂ ਛਾਬੇ ਵਿਚੋਂ ਰੋਟੀ ਚੁੱਕ ਕੇ ਲੈ ਜਾਂਦਾ ਸਾਂ, ਤੇ ਉਹ ਭੌਂਕਦਾ ਰਹਿੰਦਾ ਸੀ। ਅੱਜ ਰੋਟੀ ਕੁੱਕੜਾਂ ਨੂੰ ਪਾ ਦਿਓ ਮੈਥੋਂ ਨ੍ਹੀਂ ਖਾਈ ਜਾਣੀ। ਕਾਂ ਨੇ ਆਖਿਆ ਤੇ ਉੱਡ ਗਿਆ।

– ਲਿਆ ਕੁੜੀੲੇ ਛੇਤੀ ਟੁੱਕਰ ਲਿਆ। ਮੈਨੂੰ ਤਾਂ ਬਹੁਤ ਡਾਢੀ ਭੁੱਖ ਲੱਗੀ ਏ। ਅਸੀਂ ਇਨਸਾਨ ਹਾਂ, ਕੋਈ ਕੁੱਤੇ ਬਿੱਲੀਆਂ ਤਾਂ ਨ੍ਹੀਂ। ਦਾਦੇ ਨੇ ਬੇਬੇ ਨੂੰ ਆਖਿਆ ਤੇ ਫਿਰ ਸਾਰੇ ਟੱਬਰ ਨੇ ਰੱਜ ਕੇ ਟੁੱਕਰ ਖਾਧਾ।

* * *

ਵਿਸ਼ਵਾਸ

– ਦਰਿਆ ਦੇ ਕੰਢੇ ਕੀ ਲੱਭਦੇ ਓ? ਚੇਲੇ ਨੇ ਗੁਰੂ ਤੋਂ ਪੁੱਛਿਆ।

– ਮੇਰੀ ਅੱਗ ਗਵਾਚ ਗਈ ਏ।

– ਕਿੱਥੋਂ ਲੀਤੀ ਸੀ?

– ਲੁਹਾਰ ਦੀ ਦੁਕਾਨ ਤੋਂ।

– ਚੱਲੋ ਲੁਹਾਰ ਕੋਲ ਜਾਂਦੇ ਆਂ!

ਲੁਹਾਰ ਕੰਮ ਵਿਚ ਰੁੱਝਿਆ ਹੋਇਆ ਸੀ। ਚੇਲੇ ਨੇ ਆਖਿਆ: ਸਾਡੀ ਇਕ ਮੰਗ ਏ ਲੁਹਾਰ ਜੀ।

– ਮੰਗੋ। ਲੁਹਾਰ ਨੇ ਆਖਿਆ।

– ਗੁਰੂ ਦੀ ਅੱਗ ਗਵਾਚ ਗਈ ਏ…

– ਫੇਰ ਮੈਂ ਕੀ ਕਰਾਂ? ਲੁਹਾਰ ਨੇ ਆਖਿਆ।

– ਥੋੜ੍ਹੀ ਜਹੀ ਅੱਗ ਤਾਂ ਦੇ ਦਿਓ।

– ਮੈਂ ਤਾਂ ਆਪ ਰੋਜ਼ ਸੂਰਜ ਕੋਲੋਂ ਅੱਗ ਉਧਾਰ ਲੈਂਦਾਂ। ਤੁਸੀਂ ਵੀ ਲੈ ਲੌ!

– ਮੈਂ ਸੂਰਜ ਕੋਲੋਂ ਡਰਦਾਂ ਕਿਤੇ ਪਿੰਡਾ ਨਾ ਸਾੜ ਦੇਵੇ…, ਗੁਰੂ ਨੇ ਆਖਿਆ।

– ਤੈਨੂੰ ਗੁਰੂ ਕਿਸ ਨੇ ਬਣਾਇਆ? ਲੁਹਾਰ ਨੇ ਪੁੱਛਿਆ।

– ਇਸ ਨੇ! ਗੁਰੂ ਨੇ ਚੇਲੇ ਵੱਲ ਇਸ਼ਾਰਾ ਕਰ ਕੇ ਆਖਿਆ।

– ਤੈਨੂੰ ਚੇਲਾ ਕਿਸ ਨੇ ਬਣਾਇਆ? ਲੁਹਾਰ ਨੇ ਚੇਲੇ ਤੋਂ ਪੁੱਛਿਆ।

– ਮੇਰੇ ਵਿਸ਼ਵਾਸ ਨੇ! ਚੇਲੇ ਨੇ ਆਖਿਆ।

– ਤੂੰ ਗੁਰੂ ’ਤੇ ਵਿਸ਼ਵਾਸ ਕਰਨ ਦੀ ਥਾਂ ਸੂਰਜ ’ਤੇ ਵਿਸ਼ਵਾਸ ਕਿਉਂ ਨਾ ਕੀਤਾ? ਲੁਹਾਰ ਨੇ ਚੇਲੇ ਤੋਂ ਪੁੱਛਿਆ।

– ਗੁਰੂ ਕਹਿੰਦਾ ਸੀ ਅੰਧ-ਵਿਸ਼ਵਾਸ ਬੰਦੇ ਨੂੰ ਮਰਵਾ ਦੇਂਦਾ…।

Leave a Reply

Your email address will not be published. Required fields are marked *