ਛੱਪੜ ਕੰਢੇ ਵਾਲੀ – ਮਾਵਾਂ ਵਰਗੀ ਚਾਚੀ

ਅਤੈ

ਛੱਪੜ ਹੁਣ ਕਿੱਥੇ! ਛੱਪੜ ਹੋਣ ਤਾਂ ਕੰਢੇ ਵੀ ਹੋਣ! ਖ਼ੈਰ! ਯਾਦਾਂ ਵਿਚੋਂ ਤਾਂ ਨਹੀਂ ਨਾ ਜਾਣੇ ਇਹ! ਇਨ੍ਹਾਂ ਯਾਦਾਂ ਵਿਚੋਂ ਈ ਕੋਈ ਹੋਰ ਯਾਦ ਬਣਗੀ ਹੁਣ- ਚਾਚੀ … ਕੌਰ! ਕਿਹੜੇ ਸਾਕੋਂ ਭਲਾ? ਆਪਣੇ ਪਿੰਡ ਦੇ ਸਾਕੋਂ! ਨਾਂ? ਵਡੇਰੇ ਆਖਗੇ ਆ, ਆਪਣੇ ਤੋਂ ਵੱਡਿਆਂ ਨੂੰ ਨਾਂ ਨਾਲ ਨਹੀਂ ਸੱਦੀਦਾ; ਸਾਊ! ਉਹਨੂੰ ਚਾਚੀ ਤੇ ਚਾਚੇ ਨੂੰ ਭਾਊ ਆਖਣਾ- ਅਜੇ ਕੱਲ੍ਹ ਦੀਆਂ ਗੱਲਾਂ- ਆਪਣੇ ਪਿੰਡਾਂ ਦੀਆਂ! ਖ਼ੈਰ, ਉਹ- ਕਿਸੇ ਦੀ ਚਾਚੀ, ਕਿਸੇ ਦੀ ਤਾਈ, ਕਿਸੇ ਦੀ ਮਾਂ! ਮਾਂ ਈ ਤਾਂ-ਜੱਗ-ਦਿਲ-ਆ: ਪੂਰਨ ਸਿੰਘ ਹੋਰੀਂ ਜੂ ਆਖਗੇ! ਕਿੰਨਾ ਲੰਮਾ ਪੈਂਡਾ ਕਰਦੀ ਆ, ਔਰਤ – ਧੀ ਹੋਣ ਤੋਂ ਮਾਂ ਬਣਨ ਤੀਕ! ਭੈਣ, ਨਣਾਨ, ਵਹੁਟੀ; ਭਾਬੀ, ਦਰਾਣੀ-ਜਠਾਣੀ; ਦਾਦੀ-ਨਾਨੀ, ਨੂੰਹ-ਸੱਸ; ਭੂਆ-ਮਾਸੀ – ਕੀ ਕੁਝ ਬਣਦੀ ਆ ਉਹ ਏਸ ਪੈਂਡੇ ਪੈ ਕੇ! ਉਂਝ ਹੁੰਦੀ ਉਹ ਇਕੱਲੀ ਔਰਤ ਈ ਆ- ਇਕਰੂਪ! ਔਰਤ ਦਾ ਨਾਂ ਔਰਤ, ਕਰਮ ਔਰਤ; ਫ਼ਰਜ਼ ਔਰਤ! ਪੇਕਿਆਂ ਦਾ ਹੋਰ, ਸਹੁਰਿਆਂ ਦਾ ਹੋਰ; ਰਿਸ਼ਤਿਆਂ ਦਾ ਹੋਰ! ਆਪਣਾ ਉਹਦਾ ਇਕੋ ਨਾਂ ਹੁੰਦਾ- ਮਾਂ! ਮਾਂ ਤੋਂ ਜ਼ਿੰਦਗੀ ਜਨਮਦੀ, ਤੁਰਦੀ; ਵਧਦੀ ਏ -ਮਾਂ ਦੇ ਨਾਲ ਈ ਖਲੋ ਜਾਂਦੀ ਏ! ਮਾਂ ਤੋਂ ਅੱਗੇ ਕੀ ਹੁੰਦਾ? …

ਮਾਂ ਤੋਂ ਅੱਗੇ ਕੰਢਾ ਹੁੰਦਾ, ਛੱਪੜ ਕੰਢਾ ਹੁੰਦਾ; ਛੱਪੜ ਕੰਢੇ ਮਹਾਂ ਚਾਚੀ ਦਾ ਘਰ ਹੁੰਦਾ! ਘਰ ਕਾਹਦਾ, ਪਿੰਡ ਈ ਹੁੰਦਾ; ਆਪਣਾ ਪਿੰਡ! ਪਿੰਡਾਂ ਵਰਗਾ ਪਿੰਡ! ਪਿੰਡਾਂ ਵਾਲਿਆਂ ਦਿਆਂ ਪਿੰਡਾਂ ਵਰਗਾ ਪਿੰਡ! ਘਰਾਂ ਵਰਗਾ ਘਰ। ਘਰਾਂ ਵਾਲਿਆਂ ਦਿਆਂ ਘਰਾਂ ਵਰਗਾ ਘਰ। ਐਵੇਂ ਤਾਂ ਨਹੀਂ ਕੋਈ ਘਰ ਵੜਦਿਆਂ ਆਂਹਦਾ; ਘਰਾਂ ਵਾਲਿਓ, ਘਰੇ ਓ? ਕੋਈ ਹੁੱਬ ਕੇ ਦੱਸਦਾ, ਆਹ ਬਾਈ, ਆਪਣੇ ਪਿੰਡੋਂ ਈ ਆ! ਆਹੋ, ਆਪਣੀ ਪੱਤੀਓਂ ਈ ਆ! ਆਪਣੇ ਹੋਣਾ ਕਿੰਨੇ ਵੱਡੇ ਹੋਣਾ! ਬੇਗਾਨੇ ਹੋਣਾ ਕਿੰਨੇ ਛੋਟੇ ਹੋਣਾ! ਘਰ ਵੱਸਦਿਆਂ ਦੇ, ਪਿੰਡ ਰਹਿੰਦਿਆਂ ਦੇ; ਖੇਤ ਵਾਹੁੰਦਿਆਂ ਦੇ!

ਚਾਚੀ ਨੇ ਘਰ ਵਸਾਇਆ- ਚੇਤ-ਵਿਸਾਖ ਦੀ ਪੰਘਰਦੀ ਰੁੱਤੇ! ਸੁੱਕੇ ਛੱਪੜ ਦੀਆਂ ਤ੍ਰੇੜਾਂ ਵਿਚੋਂ ਕਰੜੀਆਂ ਢੀਮਾਂ ਚਾਚੇ ਭਾਊ ਤੋਂ ਕਹੀ ਨਾਲ ਪੁਟਵਾਕੇ, ਖਾਲੀ ਪਏ ਡੂੰਘੇ ਟੋਏ ਵਿਚ ਗਲੀ ਤੂੜੀ ਸੁਟਵਾਕੇ; ਲੱਤਾਂ-ਕਹੀਆਂ ਨਾਲ ਰਲਾਕੇ, ਗਾਲਕੇ; ਇਕਸਾਰ ਕਰਾਕੇ, ਗਾੜ੍ਹੀ ਘਾਣੀ ਕਰਵਾਕੇ। ਫਿਰ ਸਿਰ ਉੱਤੇ ਇੰਨੂ ਧਰ ਕੇ ਬਾਲਟੇ ਭਰ-ਭਰ ਢੋਅਕੇ – ਢੀਮਾਂ ਚੁਕਵਾਕੇ- ਸਾਰਾ ਟੱਬਰ ਨਾਲ ਲਾਕੇ- ਪਿੰਡੋਂ ਮਿਸਤਰੀ ਭਾਊ ਤੇ ਕਾਮੇ ਭਾਊ ਨੂੰ ਸੱਦਕੇ ਇਕ-ਅੱਧ ਦਿਹਾੜੀ ਵਿਚ ਈ ਇਹ ਆਪਣੇ ਪਿੰਡ ਦੇ ਤਿੰਨੇ ਕਿਰਤੀ ਭਾਊ ਚਾਚੀ ਦੀ ਸਬੱਬੀਂ ਸੱਜਰ ਸੂਈ ਮੱਝ ਦੇ ਸੰਘਣੇ ਦੁੱਧ ਵਾਲੀ ਚਾਹ ਪੀ ਪੀ ਕੇ, ਤੰਦੂਰ ਦੀਆਂ ਚੋਪੜੀਆਂ ਮਗਰੋਂ ਬਣਦਾ-ਸਰਦਾ ਮਿੱਠਾ ਖਾਕੇ; ਖੌ-ਪੀਏ ਵੇਲੇ ਚਾਚੇ-ਭਾਊ ਤੋਂ ਮੂੰਹ ਕੌੜਾ ਕਰਕੇ ਅਗਲੇ ਦਿਨ ਛੱਤ ਪਾਉਣ ਦੀਆਂ ਵਿਉਂਤਾਂ ਵਿਉਂਤਦੇ। ਤੜਕੇ ਪਾਣੀ ਵਿਚੋਂ ਕੱਢਕੇ ਸੁਕਾਏ ਛਤੀਰ ਨਾਲ ਸੁੱਕੇ ਟਾਹਣ ਟਿਕਾਕੇ ਬਾਕੀ ਸਰਕੜੇ ਨਾਲ ਭਰਕੇ ਸਿਰ-ਲੁਕਾਵਾ ਕਰਕੇ ਈ ਬਹਿੰਦੇ। ਲਗਦੇ ਹੱਥ ਚਾਚੀ, ਬਾਹਰੋਂ ਫਿਰਨੀ ਨਾਲਦਿਆਂ ਟੋਇਆਂ ਵਿਚੋਂ; ਰੰਬੇ ਨਾਲ ਲਾਲ ਮਿੱਟੀ ਪੁੱਟਕੇ, ਲਿਆਣਕੇ; ਗੋਅਕੇ- ਨਾਲ ਸਿਆਹ ਘਾਣੀ ਕਰਕੇ- ਥੱਪੇ ਝਰਨੇ, ਡੌਲੇ ਚੁੱਲ੍ਹੇ, ਭੜੋਲੇ-ਭੜੋਲੀਆਂ ਉੱਤੇ ਪਾਂਡੂ-ਮਿੱਟੀ ਦਾ ਪਰੋਲਾ ਫੇਰਕੇ- ਮੋਰ-ਘੁੱਗੀਆਂ-ਕਬੂਤਰ ਪਾਕੇ- ਚੌਂਕਾ, ਸਬਾਤ; ਵਿਹੜੇ ਵਾਲੀਆਂ ਕੰਧਾਂ, ਬੂਹਾ, ਬਨੇਰੇ ਸਭ ਚਮਕਾ, ਲਿਸ਼ਕਾ ਸੰਵਾਰ ਘੱਤਦੀ। ਕੱਚਾ ਘਰ ਜਗਦਾ-ਜਾਗਦਾ-ਜਗਾਉਂਦਾ ਲਗਦਾ!

ਲਵੇਰੀ ਮੱਝ, ਬਲਦਾਂ ਦੀ ਜੋਗ; ਵਾਹੀ ਦਾ ਸੰਦ-ਸਹੇੜਾ- ਚਾਚੀ-ਭਾਊ ਦੀ ਜੈਦਾਦ। ਬੱਚਿਆਂ ਦੀਆਂ ਕਿਲਕਾਰੀਆਂ। ਹਰਿਆ-ਭਰਿਆ ਵਿਹੜਾ। ਕੁਕੜੀਆਂ ਦੀ ਕੁੜ-ਕੁੜ। ਬਤਖਾਂ ਦੇ ਆਂਡੇ। ਬੱਕਰੀਆਂ, ਪਠੋਰੇ; ਕਤੂਰੇ। ਪਾਥੀਆਂ ਦੇ ਗਹੀਰੇ- ਕਾਹਦੀ ਘਾਟ? ਪੈਲੀ ਥੋੜ੍ਹੀ? ਕਬੀਲਦਾਰੀ ਭਾਰੀ? …ਪਰਵਾਹ ਨਹੀਂ, ਚਿੰਤਾ ਨਹੀਂ; ਝੋਰਾ ਨਹੀਂ। ਆਹ ਦੋ ਹੱਥ, ਦੋ ਪੈਰ; ਇਕ ਮਿੱਠੀ ਜ਼ਬਾਨ, ਇਮਾਨਦਾਰੀ; ਕਿਰਸਾਨੀ-ਕਸਬ; ਕਰੜੀ-ਜਾਨ! ਕੀਹਦੀ ਪੈਲੀ ਹਿੱਸੇ, ਕਿਹੜੀ ਠੇਕੇ; ਕੇਹਦੇ ਨਾਲ ਵਿੜ੍ਹੀ? ਕੋਈ ਗਿਣਤੀ-ਮਿਣਤੀ ਨਹੀਂ। ਕੋਈ ਲੁਕ-ਲੁਕਾ ਨਹੀਂ। ਕੋਈ ਆਲਸ ਨਹੀਂ। ਰਾਤ ਕਦੋਂ ਪਈ, ਦਿਨ ਕਦੋਂ ਚੜ੍ਹਿਆ; ਦੁਪਹਿਰ ਕਦੋਂ ਹੋਈ? ਛਾਂ ਕੀ, ਧੁੱਪ ਕੀ; ਰੁੱਤ ਕੀ – ਨਾ ਮੁੜ੍ਹਕਾ, ਨਾ ਕਾਂਬਾ; ਨਾ ਝਾਂਬਾ। ਕੰਮ ਨਾਲ ਕੰਮ। ਪੈਸੇ ਪੈਸੇ ਦਾ ਹਿਸਾਬ। ਖਰਾ ਵਿਹਾਰ! ਚਾਚਾ ਖੇਤੀਂ। ਚਾਚੀ ਚੌਂਕੇ। ਚਾਚਾ ਮਿੱਟੀ ਨਾਲ ਮਿੱਟੀ ਹੁੰਦਾ, ਪਾਣੀ ਲਾਉਂਦਾ; ਹਲ ਵਾਹ- ਪੱਠਿਆਂ ਨੂੰ ਜਾਂਦਾ ਨਾ ਥੱਕਦਾ। ਚਾਚੀ ਮਿੱਟੀ ਲਾਉਂਦੀ, ਮੱਝਾਂ ਨੂੰ ਪਾਣੀ ਡੌਂਹਦੀ; ਪਾਥੀਆਂ ਪੱਥਦੀ ਨਾ ਹੰਭਦੀ! ਫੂਹੀ-ਫੂਹੀ ਕਰਕੇ ਕਬੀਲਦਾਰੀ ਤੋਰੀ ਜਾਂਦੇ! ਸਾਰਾ ਸਾਰਾ ਦਿਨ ਕੰਮ ਨੂੰ ਅੱਗੇ ਲਾਈ ਰੱਖਦੇ, ਘੁਕਾਈ ਰੱਖਦੇ; ਦੱਬੀ ਰੱਖਦੇ – ਭਾਊ-ਚਾਚੀ – ਸਣ-ਟੱਬਰ! …ਕੇਹੋ ਜਿਹੇ ਦਿਨ ਚਾਚੀ ਨੇ ਨਹੀਂ ਹੰਢਾਏ ਹੋਣੇ! ਢਾਰੇ ਵੀ ਛੱਤੇ, ਚੁਬਾਰੇ ਵੀ ਪਾਏ! ਬੱਚੇ ਖਿਡਾਏ ਵੀ, ਪਾਲੇ ਵੀ; ਅੱਖੀਂ ਤੁਰਦੇ ਜਰੇ ਵੀ! ਭਾਊ ਇਕ ਇਕ ਕਰਕੇ ਟੁਟਦੇ ਛਤੀਰਾਂ ਨੂੰ ਮੋਢਾ ਦੇਂਦਾ ਆਖ਼ਰ ਬਾਕੀ ਬਚਦੇ ਛਤੀਰਾਂ ਦਿਆਂ ਮੋਢਿਆਂ ਉੱਤੇ ਪੈਕੇ ਤੁਰ ਗਿਆ! ਭਰਿਆ ਵਿਹੜਾ ਸੱਖਣਾ ਹੋ ਗਿਆ! ਚਾਚੀ ਨੇ ਇਹ ਸੱਖਣਾ ਵਿਹੜਾ ਵੀ ਭਰਿਆ! ਪੋਤੇ-ਪੋਤੀਆਂ ਪਾਲੇ। ਘਰ ਦੇ ਕੰਮ-ਕਾਰ ਸੰਭਾਲੇ। ਬੱਚੇ ਕੰਮੀਂ ਧੰਦੇ ਲਾਏ। ਪੁੱਤ ਨੂੰ ਠਾਣੇਦਾਰ ਲੱਗਾ ਵੇਖਿਆ। ਉਹਦਾ ਘਰ ਵਸਾਇਆ। ਔਰਤ ਨੇ ਔਰਤ, ਮਾਂ ਨੇ ਮਾਂ; ਬਜ਼ੁਰਗ ਨੇ ਬਜ਼ੁਰਗ ਬਣਕੇ ਵਿਖਾਇਆ। ਓਸ ਘਰ ਨੂੰ ਮੁੜ ਘਰ ਬਣਾਇਆ। ਹੁਣ ਓਸੇ ਘਰ ਦਾ ਜੰਦਰਾ ਬਣ ਗਈ ਉਹ! ਵਿਹਲਾ ਬਹਿਣਾ ਜੀਕੂੰ ਉਹਨੂੰ ਆਉਂਦਾ ਈ ਨਾ ਹੋਵੇ!

ਫਿਰ ਆਖਰੀ ਉਮਰੇ ਵਿਹਲਿਆਂ ਬਹਿਣਾ ਵੀ ਆ ਗਿਆ ਉਹਨੂੰ! ਬੱਚਿਆਂ ਕਮਾਊ ਹੋਕੇ ਕੁਰਸੀ ਡਾਹਕੇ ਆਪ ਬਿਠਾਇਆ ਉਹਨੂੰ। ਉਮਰ-ਭਰ ਨੈਣ-ਪਰਾਣ ਕੈਮ! ਆਉਂਦੇ-ਜਾਂਦੇ ਮਿਲਦੇ-ਗਿਲਦੇ-ਗੌਲਦੇ-ਗਲਾਉਂਦੇ! ਮਿਲਣ ਆਏ ਨੂੰ ਅਸੀਸਾਂ ਨਾਲ ਲੱਦ ਘੱਤਦੀ! ਸਿਰ ਪਲੋਸਦਿਆਂ ਆਪਣੇ ਕਰੜੇ-ਕਮਾਏ-ਕਾਮੇ ਹੱਥਾਂ ਨਾਲ ਕਿਰਤ ਦੀ ਦੌਲਤ ਨਾਲ ਸੀਨਾ ਭਰਦੀ। ਜ਼ਿੰਦਗੀ ਦੇ ਹੰਢਾਏ ਸਾਰੇ ਵੰਨ ਸਿਖਾਉਂਦੀ! ਨਾ ਊੜਾ-ਐੜਾ, ਨਾ ਇਕ-ਦੋ; ਨਾ ਵਹੀ-ਖਾਤਾ। ਬੱਸ, ਟੱਬਰਦਾਰੀ, ਕਾਰ-ਵਿਹਾਰੀ; ਸਭ ਮੂੰਹ ਜ਼ਬਾਨੀ। ਗਰੀਬੀ ਕੀ? ਅਮੀਰੀ ਕੀ? ਸਰਦਾਰੀ ਕੀ? ਫਕੀਰੀ ਕੀ? ਚੌਧਰ ਕੀ? ਔਧਰ ਕੀ? … ਕਾਹਦਾ ਗਿਆਨ? ਖੇਤ ਗਿਆਨ! ਕਾਹਦਾ ਧਿਆਨ? ਘਰ ਧਿਆਨ! ਕਾਹਦਾ ਨਿਸ਼ਾਨ? ਇਨਸਾਨੀ ਈਮਾਨ! ਚਾਚੀ ਆਪਣੀ ਦਾ ਆਪਣਾ ਆਖਿਆਨ! ਆਪਣੇ ਪਿੰਡ ਵਾਲੀ ਚਾਚੀ ਦਾ ਛੱਪੜ ਕੰਢਾ ਪਛਾਣ! ਬਿਨ ਪੜ੍ਹੀ ਅਧਿਆਪਕ! ਗੁਣਾਂ ਦੀ ਪੰਡ ਪਿੰਡ ਨੂੰ ਵੰਡਕੇ, ਸੱਚੀ-ਸੁੱਚੀ ਕਿਰਤ ਦੀ ਮਿਸਾਲ ਬਣਕੇ; ਸਿਦਕ-ਸਿਰੜ, ਸਬਰ-ਸਬੂਰੀ; ਸਹਿਜ-ਸੁਮੱਤ ਦਾ ਸਬਕ ਪੜ੍ਹਾਕੇ ਤੁਰਗੀ- ਆਪਣੇ ਪਿੰਡੋਂ ਛੱਪੜ ਕੰਢੇ ਵਾਲੀ- ਪਹਾੜ ਜੇਡੇ ਜੇਰੇ, ਧਰਤੀ ਜਿੰਨੀ ਧੀਰਜ ਵਾਲੀ – ਮਾਵਾਂ ਵਰਗੀ ਚਾਚੀ – ਪਿੰਡਾਂ ਵਾਲਿਆਂ ਦੀ ਬਿਨ-ਅੱਖਰੀ-ਕਿਤਾਬ!
ਸੰਪਰਕ: 98151-77577

Leave a Reply

Your email address will not be published. Required fields are marked *