ਜ਼ਿੰਦਗੀ ਹੰਢਾਉਣੀ ਸਿੱਖ

ਜਸਵੰਤ ਗਿੱਲ ਸਮਾਲਸਰ


ਹੱਸ ਖੇਡ ਜਿਉਣੀ ਸਿੱਖ, ਜ਼ਿੰਦਗੀ ਹੰਢਾਉਣੀ ਸਿੱਖ,
ਸਮਝ ਤੂੰ ਪਾਉਣੀ ਸਿੱਖ, ਦੁਨੀਆ ਦੇ ਮੇਲੇ ਦੀ।
ਝੂਠੀ ਸਰਦਾਰੀ ਮਾੜੀ, ਖੋਹੀ ਹੋਈ ਵਾਰੀ ਮਾੜੀ,
ਲਾਲਚੀ ਦੀ ਯਾਰੀ ਮਾੜੀ, ਗੱਲ ਕਰੇ ਧੇਲੇ ਦੀ।
ਰੁਕ ਜਾਂਦੇ ਸਭ ਧੰਦੇ, ਗਲ ਵਿੱਚ ਪੈਣ ਫੰਦੇ,
ਮਾਰ ਜਦੋਂ ਵਜੇ ਬੰਦੇ, ਵਕਤ ਦੇ ਖੇਲੇ ਦੀ।
ਚੰਗੇ ਭਾਗਾਂ ਦੀ ਨਿਸ਼ਾਨੀ, ਚਾਰੇ ਵੇਦਾਂ ਨੇ ਬਿਆਨੀ,
ਗੁਰੂ ਮਿਲਜੇ ਗਿਆਨੀ, ਦੂਣੀ ਬੁੱਧ ਚੇਲੇ ਦੀ।
ਬੰਦਾ ਫੇਰ ਪਛਤਾਉਂਦਾ, ਜਦ ਸਮੇਂ ਨੂੰ ਗਵਾਉਂਦਾ,
ਵਾਗ ਫੜ ਕੌਣ ਸਕਦਾ, ਲੰਘੇ ਹੋਏ ਵੇਲੇ ਦੀ।
ਕਿਸ ਰੀਤ ਹੈ ਬਣਾਈ, ਕਿੱਥੋਂ ਚੱਲ ਇਹ ਆਈ,
ਗੁਰਾਂ ਗੱਲ ਸਮਝਾਈ, ਜਾਤਾਂ ਦੇ ਝਮੇਲੇ ਦੀ।
ਕੀਤਾ ਹੇਰ ਫੇਰ ਮਾੜਾ, ਹੁੰਦਾ ਤੇਰ ਮੇਰ ਮਾੜਾ,
ਘਰ ਆਉਣਾ ਦੇਰ ਮਾੜਾ, ਟੱਕਰ ਕੁਵੇਲੇ ਦੀ।
ਚੰਗੇ ਭਾਗਾਂ ਦੀ ਨਿਸ਼ਾਨੀ, ਚਾਰੇ ਵੇਦਾਂ ਨੇ ਬਿਆਨੀ,
ਗੁਰੂ ਮਿਲਜੇ ਗਿਆਨੀ, ਦੂਣੀ ਬੁੱਧ ਚੇਲੇ ਦੀ।

ਗ਼ਜ਼ਲ

ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਕਿਉਂ ਸਬੱਬੀ ਮੇਲ ਆਖੇਂ, ਸਾਜ਼ਿਸ਼ਾਂ ਨੂੰ ਰਹਿਣ ਦੇ
ਤੇਲ ਪਾ ਕੇ ਸਾੜ ਨਾ ਇਉਂ, ਮਾਚਿਸਾਂ ਨੂੰ ਰਹਿਣ ਦੇ
ਦੌਲਤਾਂ ਦੇ ਨਾਲ਼ ਤੋਲੇਂ, ਕਿਉਂ ਭਲਾਂ ਤੂੰ ਸ਼ੋਹਰਤਾਂ
ਸ਼ਾਇਰੀ ਫ਼ੱਕਰਪੁਣਾ ਹੈ, ਬੰਦਿਸ਼ਾਂ ਨੂੰ ਰਹਿਣ ਦੇ
ਮੈਂ ਅਤੀਤਾਂ ਅੰਦਰੋਂ ਹਾਂ, ਜੁਰਮ ਦਿਲ ਦੇ ਭਾਲਦਾ
ਤੂੰ ਸਲੀਬਾਂ ਚੁੱਕਦੈਂ ਕਿਉਂ, ਖੁੰਦਕਾਂ ਨੂੰ ਰਹਿਣ ਦੇ
ਦਰ ਤਿਰੇ ਜਦ ਆ ਗਿਆਂ ਹਾਂ, ਖ਼ੁਦ ਖ਼ੁਦੀ ਨੂੰ ਮਾਰਕੇ
ਲਾਹ ਕਮਾਨੋਂ ਤੀਰ ਤੂੰ ਵੀ, ਤਰਕਸ਼ਾਂ ਨੂੰ ਰਹਿਣ ਦੇ
ਖ਼ਾਕ ਤੈਨੂੰ ਜੰਮਿਆ ਹੈ, ਖ਼ਾਕ ਤੈਨੂੰ ਪਾਲ਼ਿਆ
ਖ਼ਾਕ ਹੋਣੈ ਅੰਤ ਯਾਰਾ, ਹਿਰਸਾਂ ਨੂੰ ਰਹਿਣ ਦੇ
ਰਾਹ ਗਲੀ ਦੇ ਭੁੱਲਿਐਂ ਤੂੰ, ਆਪਣੇ ਹੀ ਪਿੰਡ ਦੇ
ਕਰਜ਼ ਜਿਸ ਦਾ ਸਿਰ ਤੇਰੇ ਹੈ, ਹੁੰਮਸਾਂ ਨੂੰ ਰਹਿਣ ਦੇ
ਬਦਤਮੀਜ਼ੀ ਹੱਦ ਤੀਕਰ, ਸਹਿਣ ਹੁੰਦੀ ਦੋਸਤਾ
ਮਾਰ ਨਾ ਤੂੰ ਪੋਚਿਆਂ ਨੂੰ, ਕਾਲਖਾਂ ਨੂੰ ਰਹਿਣ ਦੇ
ਧਰਤ ਗੰਦੀ ਧੋਣ ਚੱਲੇ, ਬੱਦਲਾਂ ਦੇ ਝੁੰਡ ਨੇ
‘ਰੇਤਗੜ੍ਹ ਬਾਲੀ’ ਝੜੀਆਂ, ਬਾਰਿਸ਼ਾਂ ਨੂੰ ਰਹਿਣ ਦੇ
ਸੰਪਰਕ: 9465129168

Leave a Reply

Your email address will not be published. Required fields are marked *