ਸਭ ਤੋਂ ਸੌਖੀ ਚੀਜ਼

ਗੁਰਦੇਵ ਚੌਹਾਨ

ਇਕ ਦਿਨ ਮੇਰੀ ਸੱਤ ਸਾਲ ਦੀ ਧੀ ਰੀਟਾ ਜਦ ਉਂਗਲਾਂ ਅਤੇ ਗੀਟੀਆਂ ਦੀ ਖੇਡ ਤੋਂ ਅੱਕ ਗਈ ਤਾਂ ਮੇਰੇ ਕੋਲ ਆ ਕੇ ਆਖਣ ਲੱਗੀ, “ਪਾਪਾ ਜੀ, ਦੁਨੀਆਂ ਵਿਚ ਸਭ ਤੋਂ ਸੌਖੀ ਚੀਜ਼ ਕਿਹੜੀ ਹੈ?”

ਮੈਂ ਅਜੇ ਆਪਣੇ ਵਿਅੰਗ ਲੇਖ ਦਾ ਇਕ ਪਾਸਾ ਹੀ ਸਿੱਧਾ ਕੀਤਾ ਸੀ ਅਤੇ ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਮੈਂ ਕਿਸ ਤਰ੍ਹਾਂ ਇਸ ਨੂੰ ਨੇਪਰੇ ਚਾੜ੍ਹਾਂ।

ਮੈਂ ਕਿਹਾ, “ਲੈ ਇਹ ਵੀ ਕੋਈ ਮੁਸ਼ਕਿਲ ਚੀਜ਼ ਹੈ! ਮਸਲਨ ਗੁੱਡੀਆਂ ਨਾਲ ਖੇਡਣਾ, ਆਲੂਆਂ ਦੇ ਪਕੌੜੇ ਬਣਾਉਣੇ ਅਤੇ ਫਿਰ ਘਾਹ ’ਤੇ ਬੈਠ ਕੇ ਆਪ ਹੀ ਖਾਣੇ, ਅੰਤ ਦੀ ਗਰਮੀ ਜਾਂ ਸਰਦੀ ਵਿਚ ਰੱਬ ਨੂੰ ਗਾਲ੍ਹਾਂ ਕੱਢਣੀਆਂ, ਵਿਹਲੇ ਬਹਿ ਕੇ ਗੱਪਾਂ ਮਾਰਨੀਆਂ, ਮੁਰਗੀਆਂ ਨੂੰ ਦਾਣੇ ਪਾਉਣੇ, ਰੇਡੀਓ ਤੋਂ ਗਾਣੇ ਸੁਣਨੇ, ਦਫ਼ਤਰ ਤੋਂ ਛੁੱਟੀ ਲੈ ਕੇ ਘਰ ਵਿਚ ਮੱਖੀਆਂ ਮਾਰਨੀਆਂ, ਇਹ ਸੋਚਣਾ ਕਿ ਅਗਲੀ ਚੋਣ ਵਿਚ ਫਿਰ ਇਹੀ ਆਗੂ ਜਿੱਤ ਜਾਵੇਗਾ ਕਿ ਨਹੀਂ, ਜੇਕਰ ਕਬੂਤਰ ਰੱਖੇ ਹੋਣ ਤਾਂ ਉਨ੍ਹਾਂ ਨੂੰ ਚੁਬਾਰੇ ਚੜ੍ਹ ਕੇ ਉਡਾਉਣਾ, ਜੇਕਰ ਦੰਦ ਨਾ ਕਢਾਏ ਹੋਣ ਤਾਂ ਇਹ ਸਵਾਲ ਪਾਏ ਜਾਣ ’ਤੇ ਦੰਦ ਕੱਢਣੇ।”

ਰੀਟਾ ਸੋਚ ਵਿਚ ਪੈ ਗਈ। ਉਸ ਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਮੇਰਾ ਜਵਾਬ ਠੀਕ ਸੀ ਜਾਂ ਗ਼ਲਤ, ਪਰ ਮੈਨੂੰ ਜਾਪ ਰਿਹਾ ਸੀ ਕਿ ਮੇਰਾ ਉੱਤਰ ਗ਼ਲਤ ਸੀ।

ਰੀਟਾ ਬੋਲੀ, ‘‘ਇਹ ਕੋਈ ਠੀਕ ਜਵਾਬ ਨਹੀਂ… ਇਹ ਚੀਜ਼ਾਂ ਤਾਂ ਬਸ ਸੌਖੀਆਂ ਨੇ, ਪਰ ਮੈਂ ਤਾਂ ਤੁਹਾਨੂੰ ਇਹ ਪੁੱਛਿਆ ਹੈ ਕਿ ਸਭ ਤੋਂ ਸੌਖੀ ਚੀਜ਼ ਕਿਹੜੀ ਹੈ? ਸਿਰਫ਼ ਇਕ ਚੀਜ਼ ਦੱਸੋ ਜਿਹੜੀ ਤੁਹਾਡੇ ਖ਼ਿਆਲ ਵਿਚ ਸਭ ਤੋਂ ਸੌਖੀ ਹੈ।”

ਮੈਂ ਸੋਚਿਆ ਕਿ ਜੇ ਪ੍ਰਸ਼ਨ ਦਾ ਉੱਤਰ ਨਾ ਆਉਂਦਾ ਹੋਵੇ ਤਾਂ ਚੂਹੇ ਦੀ ਖੁੱਡ ਵੱਲ ਵੇਖਣਾ। ਪਰ ਮੈਂ ਚੁੱਪ ਰਿਹਾ। ਕਮਰਾ ਮੇਰੇ ਵੱਲ ਅੱਖਾਂ ਟੱਡ ਕੇ ਵੇਖਣ ਲੱਗਾ।

ਮੈਂ ਸੋਚਣ ਲੱਗਾ ਕਿ ਇਹ ਸਚਮੁੱਚ ਔਖੀ ਚੀਜ਼ ਹੈ ਇਹ ਦੱਸਣਾ ਕਿ ਕਿਹੜੀ ਚੀਜ਼ ਸਭ ਤੋਂ ਸੌਖੀ ਹੈ। ਮਸਲਨ ਜੇਕਰ ਤੁਸੀਂ ਇਹ ਕਹੋ ਕਿ ਦਫ਼ਤਰ ਤੋਂ ਛੁੱਟੀ ਲੈ ਕੇ ਘਰ ਵਿਚ ਬੈਠ ਕੇ ਗੱਪਾਂ ਮਾਰਨੀਆਂ ਸੌਖੀ ਚੀਜ਼ ਹੈ ਤਾਂ ਇਹ ਸਹੀ ਉੱਤਰ ਨਹੀਂ ਹੋਵੇਗਾ। ਕਿਉਂਕਿ ਅਗਰ ਤੁਸੀਂ ਇਹ ਕਰਦੇ ਹੋ ਤਾਂ ਤੁਹਾਡਾ ਦਿਲ ਦਫ਼ਤਰ ਵਿਚ ਹੀ ਰਹੇਗਾ। ਜਦ ਗਿਆਰਾਂ ਵੱਜਣਗੇ ਤਾਂ ਤੁਸੀਂ ਆਪਣੇ ਆਪ ਨੂੰ ਕੋਸੋਗੇ ਅਤੇ ਆਪਣੀ ਝੂਠੀ ਬਿਮਾਰੀ ਦੀ ਅਰਜ਼ੀ ਦੇ ਕੇ ਲਈ ਛੁੱਟੀ ਦੇ ਆਪਣੇ ਗ਼ਲਤ ਫ਼ੈਸਲੇ ਨੂੰ। ਇਸ ਨਾਲੋਂ ਤਾਂ ਚੰਗਾ ਸੀ ਕਿ ਦਫ਼ਤਰ ਹੁੰਦੇ। ਇਹ ਵਕਤ ਚਾਹ ਪੀਣ ਦਾ ਹੋਣਾ ਸੀ ਅਤੇ ਚੁਗਲੀਆਂ ਕਰਨ ਦਾ। ਇੱਥੇ ਘਰ ਵਿਚ ਕੋਈ ਪੁੱਛ ਵੀ ਨਹੀਂ ਰਿਹਾ ਸੀ ਕਿ ਤੁਹਾਨੂੰ ਚਾਹ ਚਾਹੀਦੀ ਹੈ ਜਾਂ ਨਹੀਂ। ਸਾਰੇ ਸੋਚਦੇ ਹਨ ਡੈਡੀ ਅੱਜ ਘਰ ਹਨ …ਇਹ ਬਹੁਤ ਬੁਰੀ ਗੱਲ ਹੈ। ਨਾ ਤੁਸੀਂ ਜ਼ੋਰ ਨਾਲ ਹੱਸ ਸਕਦੇ ਹੋ, ਨਾ ਗੁਆਂਢੀਆਂ ਦੀਆਂ ਕੁੜੀਆਂ ਨਾਲ ਰਲ ਕੇ ਘਰ ਦੀ ਛੱਤ ਸਿਰ ’ਤੇ ਚੁੱਕ ਸਕਦੇ ਹੋ। ਨਿੱਕੀ ਸੋਚੇਗੀ ਕਿ ਅੱਜ ਉਹ ਗੁਆਂਢੀ ਕੁੜੀ ਨਾਲ ਘਰ ਦੀਆਂ ਚੀਜ਼ਾਂ ਤੋੜਣ ਦੀ ਖੇਡ ਵੀ ਨਹੀਂ ਖੇਡ ਸਕੇਗੀ। ਡੈਡੀ ਕਹਿਣਗੇ ਕਿ ਰੌਲਾ ਪੈਂਦਾ ਹੈ, ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੱਚ ਦੀਆਂ ਚੀਜ਼ਾਂ ਵੀ ਟੁੱਟਣ ਅਤੇ ਆਵਾਜ਼ ਵੀ ਨਾ ਆਵੇ। ਡੈਡੀ ਦਾ ਗਣਿਤ ਕਿਤਨਾ ਕਮਜ਼ੋਰ ਹੈ। ਵਿਹਲਾ ਬੰਦਾ ਵੈਸੇ ਵੀ ਕਿਤਨਾ ਮੂਰਖ ਲੱਗਦਾ ਹੈ ਜਿਵੇਂ ਕੋਈ ਕਾਂ ਸਾਬਣ ’ਤੇ ਬੈਠਾ ਹੋਵੇ।

ਲੋਕਾਂ ਨੂੰ ਕੰਮ ਕਰਦਿਆਂ ਵੇਖ ਕੇ ਵਿਹਲਾ ਬੰਦਾ ਬੇਸੁਰਾ ਹੋ ਜਾਂਦਾ ਹੈ। ਫਿਰ ਦਫ਼ਤਰ ਦੇ ਬੰਦੇ ਦੀ ਘਰ ਦਾਲ ਹੀ ਨਹੀਂ ਗਲਦੀ। ਫਿਰ ਸਾਥ ਲਈ ਵੀ ਕੋਈ ਦਫ਼ਤਰ ਦਾ ਬੰਦਾ ਨਹੀਂ ਮਿਲੇਗਾ।

ਸੋ ਅਸਲ ਵਿਚ ਇਹ ਗੱਲ ਬਹੁਤ ਔਖ ਵਾਲੀ ਹੈ। ਮੈਂ ਸੋਚਿਆ ਕਿ ਇਸ ਵਿਚ ਘਬਰਾਉਣ ਵਾਲੀ ਤਾਂ ਕੋਈ ਗੱਲ ਨਹੀਂ। ਇਹ ਹੀ ਦੱਸਣਾ ਹੈ ਕਿ ਕਿਹੜੀ ਚੀਜ਼ ਸੌਖੀ ਹੈ। ਸੌਖੀ ਤੋਂ ਭਾਵ ਹੈ ਸਹਿਜ, ਜਾਣੀ ਕਿ ਸੁਹਾਵਣੀ। ਲਓ ਸੁੱਝ ਗਿਆ ਉੱਤਰ: “ਬੱਦਲ ਗਰਜਣੇ ਅੱਛੇ ਲੱਗਦੇ ਹਨ” ਪਰ ਦੂਸਰੇ ਪਲ ਹੀ ਖ਼ਿਆਲ ਆਇਆ ਕਿ ਬੱਦਲ ਗਰਜਣੇ ਅੱਛੇ ਤਾਂ ਲੱਗ ਸਕਦੇ ਹਨ ਭਾਵੇਂ ਇਸ ’ਤੇ ਵੀ ਕਈ ਖਿੱਦੋ ਜਿਹੇ ਬੰਦੇ ਕਿੰਤੂ ਕਰਨਗੇ, ਪਰ ਇਹ ਚੀਜ਼ ਸੌਖੀ ਕਿਸ ਤਰ੍ਹਾਂ ਹੋਈ? ਰੀਟਾ ਨੂੰ ਆਪਣਾ ਕੀਤਾ ਸਵਾਲ ਭੁੱਲ ਚੁੱਕਾ ਸੀ ਜਾਂ ਉਸ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਰਹੀ ਸੀ। ਉਸ ਨੇ ਤਾਂ ਸੋਚਿਆ ਸੀ ਕਿ ਡੈਡੀ ਇਤਨੇ ਵੱਡੇ ਹਨ, ਇਸ ਸਵਾਲ ਦਾ ਜਵਾਬ ਜਲਦੀ ਦੇ ਦੇਣਗੇ, ਪਰ ਮੈਨੂੰ ਸੋਚ ਵਿਚ ਪਏ ਨੂੰ ਵੇਖ ਕੇ ਉਹ ਮੇਰਾ ਪੈੱਨ ਚੁੱਕ ਕੇ ਲੈ ਗਈ ਅਤੇ ਹਿਸਾਬ ਦੀ ਆਪਣੀ ਕਾਪੀ ਉੱਤੇ ਖ਼ਰਗੋਸ਼ ਬਣਾਉਣ ਲੱਗ ਪਈ। ਮੈਂ ਸੋਚਣ ਲੱਗਾ ਕਿ ਇਸ ਪ੍ਰਸ਼ਨ ਦਾ ਹੱਲ ਕਿਵੇਂ ਲੱਭਿਆ ਜਾਵੇ। ਦਰਅਸਲ, ਇਸ ਪ੍ਰਸ਼ਨ ਦਾ ਜਵਾਬ ਹਰ ਇਕ ਲਈ ਵੱਖ ਵੱਖ ਹੋਵੇਗਾ ਕਿਉਂਕਿ ਹਰ ਇਕ ਦਾ ਆਪਣਾ ਅਲੱਗ ਜੀਵਨ ਫਲਸਫ਼ਾ ਹੈ।

ਮਸਲਨ, ਖੁਰਾਕ ਦੀ ਗੱਲ ਲੈ ਲਵੋ। ਮੈਨੂੰ ਨੂਡਲਜ਼ ਬਹੁਤ ਬੁਰੀਆਂ ਲੱਗਦੀਆਂ ਹਨ। ਹੋ ਸਕਦਾ ਹੈ ਕਿਸੇ ਨੂੰ ਬੈਂਗਣ ਦਾ ਭੜਥਾ ਅੱਛਾ ਲੱਗੇ। ਹਾਂ, ਅਗਰ ਮੇਰੀ ਮਰਜ਼ੀ ਚੱਲੇ ਤਾਂ ਮੈਂ ਭਿੰਡੀਆਂ ਵਾਲੀ ਕੜ੍ਹੀ ਸਾਰੇ ਪਿੰਡ ਨੂੰ ਜ਼ਬਰਦਸਤੀ ਖੁਆਣੀ ਚਾਹਾਂਗਾ। ਮੇਰੀ ਮਾਂ ਕੜ੍ਹੀ ਬਹੁਤ ਅੱਛੀ ਬਣਾਉਂਦੀ ਸੀ। ਉਹ ਇਸ ਵਿਚ ਭਿੰਡੀਆਂ ਕੱਟ ਕੇ ਪਾ ਦਿੰਦੀ… ਵੈਸੇ ਮੈਨੂੰ ਮੱਛੀ ਵੀ ਘੱਟ ਅੱਛੀ ਨਹੀਂ ਲੱਗਦੀ। ਤਲੀ ਹੋਈ ਮੱਛੀ ਤਰੀ ਵਾਲੀ ਮੱਛੀ ਨਾਲੋਂ ਵਧੇਰੇ ਅੱਛੀ ਲੱਗਦੀ ਹੈ। ਮੱਛੀ ਦਾ ਲੱਕ ਵੀ ਮੈਨੂੰ ਅੱਛਾ ਲੱਗਦਾ ਹੈ ਖਾਣ ਨੂੰ ਨਹੀਂ ਸਿਰਫ਼ ਅਤੇ ਸਿਰਫ਼ ਵੇਖਣ ਨੂੰ। ਕੀ ਮੱਛੀ ਦਾ ਨੱਕ ਵੀ ਹੰਦਾ ਹੈ? ਤਾਂ ਤੇ ਫਿਰ ਉਹ ਚੁੱਲੀ ਵਿਚ ਇਸ ਨੂੰ ਸਹਿਜੇ ਹੀ ਡੁਬੋ ਵੀ ਸਕਦੀ ਹੋਵੇਗੀ।

ਉਹ ਲੋਕ ਨਿਹਾਇਤ ਮੂਰਖ ਹਨ ਜਿਹੜੇ ਤਰੀ ਵਾਲੀ ਮੱਛੀ ਪਸੰਦ ਕਰਦੇ ਹਨ… ਹਾਂ ਸੱਚ, ਗੱਲ ਤਾਂ ਸਭ ਤੋਂ ਸੌਖੀ ਚੀਜ਼ ਦੀ ਹੋ ਰਹੀ ਸੀ… ਚੰਗੀ ਜਾਂ ਬੁਰੀ ਦੀ ਨਹੀਂ। ਮੈਨੂੰ ਆਪਣੇ ਅੰਦਰ ਦੀ ਆਵਾਜ਼ ਸੁਣਾਈ ਦਿੱਤੀ। ਅਸਲ ਵਿਚ ਇਹ ਸਵਾਲ ਗਣਿਤ ਦੇ ਮਾਸਟਰ ਰੱਖਾ ਰਾਮ ਨੇ ਪਾਇਆ ਹੁੰਦਾ ਤਾਂ ਹੁਣ ਤੀਕ ਉਸ ਨੇ ਛੇ ਅਦਦ ਬੈਂਤਾਂ ਮਾਰ ਦੇਣੀਆਂ ਸਨ, ਪਰ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ ਸਵਾਲ ਗਣਿਤ ਦਾ ਨਹੀਂ ਸੀ। ਫਿਰ ਕੀ ਇਹ ਸਵਾਲ ਇਤਿਹਾਸ ਦਾ ਸੀ? ਪਰ ਇਹ ਸਵਾਲ ਇਤਿਹਾਸ ਦਾ ਵੀ ਨਹੀਂ ਹੋ ਸਕਦਾ ਸੀ ਕਿਉਂਕਿ ਇਸ ਵਿਚ ਇਹ ਨਹੀਂ ਸੀ ਪੁੱਛਿਆ ਗਿਆ ਕਿ ਬਾਬਰ ਜਾਂ ਤਾਂਤੀਆ ਟੋਪੇ ਨੂੰ ਕਿਹੜੀ ਚੀਜ਼ ਸਭ ਤੋਂ ਸੌਖੀ ਲੱਗਦੀ ਸੀ। ਇਤਿਹਾਸ ਵਿਚ ਇਹੋ ਜਿਹੇ ਫ਼ਾਲਤੂ ਪ੍ਰਸ਼ਨ ਨਹੀਂ ਪੁੱਛੇ ਜਾਂਦੇ… ਇਸ ਵਿਚ ਤਾਂ ਇਸ ਤਰ੍ਹਾਂ ਦੇ ਸਿੱਧੇ ਸਵਾਲ ਹੁੰਦੇ ਹਨ, ਪਲਾਸੀ ਦੀ ਲੜਾਈ ਕਿੱਥੇ ਅਤੇ ਕਿਸ ਕਿਸ ਵਿਚਕਾਰ ਹੋਈ? ਸ਼ੇਰ ਸ਼ਾਹ ਸੂਰੀ ਨੇ ਸੜਕਾਂ ਕਿਉਂ ਬਣਾਈਆਂ? ਚੀਨ ਦੀ ਦੀਵਾਰ ਨੇ ਚੀਨ ਨੂੰ ਕਿਵੇਂ ਆਪਣੀ ਕੈਦ ਅਤੇ ਗ਼ੁਲਾਮੀ ਵਿਚ ਰੱਖਿਆ? ਤਾਂ ਕੀ ਫਿਰ ਇਹ ਸਵਾਲ ਮਾਨਵ ਵਿਗਿਆਨ ਦਾ ਸੀ ਜਾਂ ਅਰਥ ਵਿਗਿਆਨ ਦਾ? ਇਕ ਵਾਰ ਤਾਂ ਮੈਨੂੰ ਖ਼ਿਆਲ ਆਇਆ ਕਿ ਕਿਉਂ ਨਾ ਰੀਟਾ ਕੋਲੋਂ ਹੀ ਪੁੱਛ ਲਵਾਂ ਕਿ ਇਹ ਸਵਾਲ ਜੁਗਰਾਫ਼ੀਏ ਦਾ ਹੈ ਜਾਂ ਫਿਲਾਸਫ਼ੀ ਦਾ? ਪਰ ਫਿਰ ਖ਼ਿਆਲ ਆਇਆ ਕਿ ਉਹ ਸ਼ਰਮਿੰਦਾ ਕਰੇਗੀ ਅਤੇ ਕਹੇਗੀ ਕਿ ਡੈਡੀ ਜੀ ਤੁਸੀਂ ਬਹੁਤ ਮੂਰਖ਼ ਹੋ, ਤੁਹਾਨੂੰ ਤਾਂ ਸੌਖੇ ਸਵਾਲ ਵੀ ਨਹੀਂ ਆਉਂਦੇ! ਮੈਂ ਸੋਚਣ ਲੱਗਾ ਕਿ ਅਸਲ ਵਿਚ ਉਹ ਚੀਜ਼ ਹੀ ਸਭ ਤੋਂ ਸੌਖੀ ਕਹੀ ਜਾ ਸਕਦੀ ਹੈ ਜਿਹੜੀ ਸਭ ਤੋਂ ਸੌਖੀ ਹੋਵੇ ਜਾਂ ਘੱਟੋ ਘੱਟ ਸੌਖੀ ਲੱਗੇ। ਮਸਲਨ ਅਗਰ ਸਾਨੂੰ ਇਹ ਸਵਾਲ ਪਾਇਆ ਜਾਵੇ ਕਿ ਇਕ ਅਤੇ ਇਕ ਦੋ ਹੁੰਦੇ ਹਨ ਤਾਂ ਇਹ ਸਾਡੇ ਲਈ ਸਭ ਤੋਂ ਸੌਖੀ ਚੀਜ਼ ਹੋਵੇਗੀ। ਇਸ ਤਰ੍ਹਾਂ ਹਜ਼ਾਰਾਂ ਚੀਜ਼ਾਂ ’ਚੋਂ ਕੋਈ ਇਕ ਚੀਜ਼ ਵੀ ਆਸਾਨੀ ਨਾਲ ਸੌਖੀ ਕਹੀ ਜਾ ਸਕਦੀ ਸੀ। ਇਸ ਲਈ ਸਾਡਾ ਜਵਾਬ ਬਣ ਸਕਦੀ ਸੀ।

ਮਸਲਨ, ਪਿੰਜਰੇ ਵਿਚ ਫਸੇ ਹੋਏ ਚੂਹੇ ਗਿਣਨਾ, ਗੰਜੇ ਆਦਮੀ ਦੇ ਗੰਜੇ ਸਿਰ ਬਾਰੇ ਸੋਚਣਾ, ਸਬਜ਼ੀ ਅੱਛੀ ਨਾ ਬਣੀ ਹੋਵੇ ਤਾਂ ਰੋਟੀ ਨੂੰ ਵਿੱਚੇ ਛੱਡ ਦੇਣਾ, ਬਰਫ਼ ਤੋੜਨੀ; ਪ੍ਰਾਹੁਣਿਆਂ ਨੂੰ ਕਹਿਣਾ ਕਿ ਉਹ ਇਸੇ ਤਰ੍ਹਾਂ ਅਕਸਰ ਦਰਸ਼ਨ ਦਿੰਦੇ ਰਿਹਾ ਕਰਨ, ਕਿ ਇਹ ਘਰ ਅਸਲ ਵਿਚ ਉਹਨਾਂ ਦਾ ਹੀ ਤੇ ਹੈ; ਵਿਅੰਗ ਪੜ੍ਹ ਕੇ ਉਦਾਸ ਹੋ ਜਾਣਾ, ਲਾਟਰੀ ਦਾ ਟਿਕਟ ਖਰੀਦ ਕੇ ਝਟ-ਪਟ ਅਮੀਰ ਬਣਨ ਦੀ ਤਿਆਰੀ ਕਰਨੀ (ਉਡੀਕ ਕਿਸ ਨੇ ਵੇਖੀ ਹੈ), ਵਰ੍ਹਦੇ ਮੀਂਹ ਬਾਰੀ ਵਿਚੋਂ ਹੱਥ ਬਾਹਰ ਕੱਢ ਕੇ ਕਣੀਆਂ ਨੂੰ ਬੋਚਣਾ, ਗਰਮੀ ਵਿਚ ਗਰਮੀ ਨੂੰ ਮਹਿਸੂਸ ਕਰਨਾ, ਚਿੱਠੀ ਲਿਖ ਕੇ ਪੋਸਟ ਕਰਨਾ ਭੁੱਲ ਜਾਣਾ, ਮੰਜੇ ’ਤੇ ਲੇਟ ਕੇ ਛੱਤ ਵੱਲ ਵੇਖਣਾ ਜਿਵੇਂ ਛੱਤ ਨੂੰ ਫੁੱਲ ਲੱਗੇ ਹੋਣ, ਅਗਰ ਪਿਆਸ ਲੱਗੀ ਹੋਵੇ ਤਾਂ ਪਾਣੀ ਦਾ ਗਿਲਾਸ ਪੀਣਾ।

ਦਰਅਸਲ, ਇਹ ਸਾਰੀਆਂ ਚੀਜ਼ਾਂ ਸੌਖੀਆਂ ਹਨ… ਪਰ ਹਰ ਸੌਖੀ ਚੀਜ਼ ਦੀ ਇਹ ਔਖ ਹੁੰਦੀ ਹੈ ਕਿ ਇਹ ਸੌਖੀ ਤਾਂ ਹੁੰਦੀ ਹੈ, ਪਰ ਸਭ ਤੋਂ ਸੌਖੀ ਨਹੀਂ ਕਹੀ ਜਾ ਸਕਦੀ ਹੁੰਦੀ। ਸ਼ਾਇਦ ਇਹ ਇਸ ਲਈ ਹੁੰਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਚਲਦੀ ਰਹਿੰਦੀ ਹੈ। ਜਿਹੜੀ ਚੀਜ਼ ਅੱਜ ਸੌਖੀ ਹੈ, ਉਹ ਕੱਲ੍ਹ ਨੂੰ ਮੁਸ਼ਕਿਲ ਹੋ ਨਿਬੜਦੀ ਹੈ। ਜੇਕਰ ਜ਼ਿੰਦਗੀ ਵਿਚ ਦੌੜ ਭੱਜ ਨਾ ਹੁੰਦੀ ਤਾਂ ਅਸੀਂ ਬਾਖ਼ੂਬੀ ਆਖ ਸਕਦੇ… ਕਿ ਹੱਥ ’ਤੇ ਹੱਥ ਰੱਖ ਕੇ ਬੈਠਣਾ ਸੌਖਾ ਹੈ, ਪਰ ਅਜਿਹਾ ਨਹੀਂ ਹੈਂ ਕਿਉਂਕਿ ਕਿਹੜਾ ਅਜਿਹਾ ਸ਼ਖ਼ਸ ਹੈ ਜਿਹੜਾ ਇਹ ਕਰਨ ਦੀ ਹਿੰਮਤ ਜੁਟਾ ਸਕਦਾ ਹੈ! ਮਨੁੱਖ ਜਦ ਵੀ ਵਿਹਲਾ ਹੁੰਦਾ ਹੈ ਤਾਂ ਉਸ ਦੇ ਸਿਰ ’ਤੇ ਚੁੱਕਿਆ ਭਾਰ ਹੋਰ ਵੀ ਭਾਰਾ ਹੋ ਜਾਂਦਾ ਹੈ… ਇਸ ਨਾਲੋਂ ਤਾਂ ਅਸੀਂ ਇਹ ਬਾਖ਼ੂਬੀ ਕਹਿ ਸਕਦੇ ਹਾਂ ਕਿ ਸੂਰਜ ਨੂੰ ਫੜਨ ਲਈ ਦੌੜ ਰਿਹਾ ਬੰਦਾ ਹੀ ਅਸਲ ਵਿਚ ਸਭ ਤੋਂ ਸੌਖੇ ਕਾਰਜ ਵਿਚੋਂ ਲੰਘ ਰਿਹਾ ਹੁੰਦਾ ਹੈ।

ਰੀਟਾ, ਹੁਣ ਖ਼ਰਗੋਸ਼ ਬਣਾ ਕੇ ਕਾਪੀ ਨੂੰ ਨਾਲ ਹੀ ਲੈ ਕੇ ਸੌਂ ਗਈ ਹੈ। ਉਸ ਦਾ ਸੌਂ ਜਾਣਾ ਸਚਮੁੱਚ ਹੀ ਬਹੁਤ ਸੌਖਾ ਹੈ ਭਾਵੇਂ ਉਸ ਦਾ ਪਾਇਆ ਸਵਾਲ ਮੈਨੂੰ ਅਜੇ ਵੀ ਔਖਾ ਕਰ ਰਿਹਾ ਹੈ। ਸੋ ਦੁਨੀਆਂ ਵਿਚ ਕੋਈ ਚੀਜ਼ ਵੀ ਸੌਖੀ ਨਹੀਂ ਹੈ। ਹਰ ਸੌਖੀ ਦਿਸਣ ਵਾਲੀ ਚੀਜ਼ ਵਿਚ ਇਕ ਮੁਸ਼ਕਿਲ ਫਸੀ ਹੋਈ ਹੁੰਦੀ ਹੈ, ਜਿਹੜੀ ਸਿੱਧੇ ਤਰ੍ਹਾਂ ਨਹੀਂ ਦਿਸਦੀ, ਪਰ ਜਦ ਬੰਦਾ ਇਸ ਸੌਖੀ ਚੀਜ਼ ਨਾਲ ਦੋ ਚਾਰ ਹੁੰਦਾ ਹੈ ਤਾਂ ਇਹ ਆਪਣਾ ਸਿਰ ਉੱਚਾ ਚੁੱਕ ਲੈਂਦੀ ਹੈ।

ਇਹ ਹੀ ਗੱਲ ਹੈ ਕਿ ਜਿਨ੍ਹਾਂ ਚੀਜ਼ਾਂ ਨੂੰ ਮੈਂ ਔਖੀਆਂ ਸਮਝਦਾ ਹਾਂ, ਉਹ ਹੀ ਵਾਸਤਵ ਵਿਚ ਸੌਖੀਆਂ ਹਨ। ਮਸਲਨ: ਛੱਤ ’ਤੇ ਚੜ੍ਹ ਕੇ ਤਾਰੇ ਤੋੜਨੇ, ਆਪਣੀ ਮਹਿਬੂਬਾ ਦੇ ਕੇਸਾਂ ਵਿਚ ਤਾਰੇ ਪਕੜ ਕੇ ਗੁੰਦਣੇ (ਜੇਕਰ ਉਸ ਦੇ ਵਾਲ ਫੈਸ਼ਨ ਵੱਸ ਕੱਟੇ ਹੋਏ ਹੋਣ ਤਾਂ ਮੱਲੋ ਮੱਲੀ ਤਾਰੇ ਉਸ ਦੀ ਜੇਬ੍ਹ ਵਿਚ ਪਾ ਦੇਣੇ), ਪਕੜੇ ਹੋਏ ਚੂਹੇ ਦੂਜਿਆਂ ਦੇ ਘਰਾਂ ਮੂਹਰੇ ਛੱਡਣਾ, ਖੂਹ ਵਿਚ ਲਮਕ ਕੇ ਉਸ ਦੀ ਡੂੰਘਾਈ ਨੂੰ ਗਾਲ੍ਹਾਂ ਕੱਢਣੀਆਂ, ਨ੍ਹੇਰੇ ਵਿਚ ਉਸ ਸੂਈ ਨੂੰ ਢੂੰਡਣਾ ਜਿਹੜੀ ਦੀਵੇ ਦੀ ਰੌਸ਼ਨੀ ਵਿਚ ਗੁਆਚ ਗਈ ਸੀ, ਮੂਰਖ ਨੂੰ ਸਮਝਦਾਰ ਸਮਝ ਕੇ ਉਸ ਦੀ ਨਸੀਹਤ ’ਤੇ ਚੱਲਣਾ, ਦੂਜਿਆਂ ਲਈ ਟੋਏ ਪੁੱਟਣੇ, ਮੱਛਰਾਂ ਵਾਲੇ ਕਮਰੇ ਵਿਚ ਮੱਛਰਦਾਨੀ ਤੋਂ ਬਗ਼ੈਰ ਸੌਣਾ…

ਇਹ ਸਾਰੇ ਕੰਮ ਉਪਰੋਂ ਵੇਖਿਆਂ ਹੀ ਮੁਸ਼ਕਿਲ ਲੱਗਦੇ ਹਨ, ਪਰ ਇਨ੍ਹਾਂ ਸਾਰੀਆਂ ਚੀਜ਼ਾਂ ਵਿਚ ਉਹ ਸੁਖ ਫਸਿਆ ਹੋਇਆ ਹੈ ਜਿਹੜਾ ਸਾਨੂੰ ਹਰਦਮ ਚੜ੍ਹਦੀ ਕਲਾ ਵਿਚ ਰੱਖਦਾ ਹੈ। ਹਾਂ, ਤੇ ਮੈਨੂੰ ਸੁੱਝ ਗਿਆ ਹੈ… ਸਭ ਤੋਂ ਸੌਖੀ ਚੀਜ਼ ਹੈ ਇਹ ਪੁੱਛਣਾ ਕਿ ਸਭ ਤੋਂ ਸੌਖੀ ਚੀਜ਼ ਕਿਹੜੀ ਹੈ ਅਤੇ ਸਭ ਤੋਂ ਔਖੀ ਚੀਜ਼ ਹੈ ਇਸ ਸਵਾਲ ਦਾ ਉੱਤਰ ਦੇ ਸਕਣਾ।

Leave a Reply

Your email address will not be published. Required fields are marked *