ਮਾਰਸ 2020

ਮੰਗਲ ਸੌਰ ਮੰਡਲ ਦਾ ਚੌਥਾ ਗ੍ਰਹਿ ਹੈ| ਆਕਾਰ ਵਿੱਚ ਇਹ ਧਰਤੀ ਤੋਂ ਅੱਧਾ ਅਤੇ ਸਾਰੇ ਗ੍ਰਹਿਆਂ ਵਿੱਚੋਂ ਸਿਰਫ਼ ਬੁੱਧ ਤੋਂ ਵੱਡਾ ਹੈ| ਇਸ ਦਾ ਭਾਰ ਧਰਤੀ ਦੇ ਭਾਰ ਦਾ 10ਵਾਂ ਕੁ ਹਿੱਸਾ ਹੈ ਅਤੇ ਇਸ ਦੀ ਗੁਰੂਤਾ ਖਿੱਚ ਧਰਤੀ ਦੀ 38% ਹੈ| ਆਪਣੇ ਲਾਲ ਰੰਗ ਕਰਕੇ ਇਹ ਅਸਮਾਨ ਵਿੱਚ ਅਲੱਗ ਹੀ ਨਜ਼ਰ ਆ ਜਾਂਦਾ ਹੈ| ਇਸੇ ਰੰਗ ਕਰਕੇ ਯੂਨਾਨੀ ਲੋਕ ਇਸ ਨੂੰ ਜੰਗ ਦਾ ਦੇਵਤਾ ਵੀ ਕਹਿੰਦੇ ਹਨ|

ਅਸਮਾਨ ਵਿੱਚ ਚਮਕਦਾ ਇਹ ਲਾਲ ਬਿੰਦੂ ਸ਼ੁਰੂ ਤੋਂ ਹੀ ਮਨੁੱਖ ਜਾਤੀ ਲਈ ਖਿੱਚ ਦਾ ਕੇਂਦਰ ਰਿਹਾ ਹੈ| ਚੰਦਰਮਾ ਤੋਂ ਬਾਅਦ ਜੇਕਰ ਇਨਸਾਨ ਨੇ ਕਿਸੇ ਹੋਰ ਪੁਲਾੜੀ ਸ਼ੈਅ ’ਤੇ ਜੀਵਨ ਦੀ ਕਲਪਨਾ ਕੀਤੀ ਤਾਂ ਉਹ ਮੰਗਲ ਗ੍ਰਹਿ ਸੀ| ਇਸੇ ਕਰਕੇ ਜੇਕਰ ਚੰਦਰਮਾ ਤੋਂ ਬਾਅਦ ਕਿਸੇ ਥਾਂ ’ਤੇ ਸਭ ਤੋਂ ਵੱਧ ਉਪਗ੍ਰਹਿ ਭੇਜੇ ਗਏ ਤਾਂ ਉਹ ਮੰਗਲ ਹੀ ਹੈ| ਮੰਗਲ ਅਤੇ ਧਰਤੀ ਦੀ ਸ਼ੁਰੂਆਤ ਇੱਕੋ ਜਿਹੀ ਸੀ| ਦੋਵਾਂ ਦਾ ਵਾਯੂਮੰਡਲ ਨਿੱਘਾ ਸੀ ਅਤੇ ਤਰਲ ਪਾਣੀ ਮੌਜੂਦ ਸੀ| ਇਸ ਦੇ ਬਾਵਜੂਦ ਧਰਤੀ ’ਤੇ ਜੀਵਨ ਉਤਪੰਨ ਹੋ ਕੇ ਵਿਕਸਤ ਹੋਇਆ, ਪਰ ਮੰਗਲ ਇੱਕ ਬੰਜਰ, ਬੇਜਾਨ ਗ੍ਰਹਿ ਬਣ ਕੇ ਰਹਿ ਗਿਆ| ਇਸ ਸਵਾਲ ਦਾ ਜਵਾਬ ਲੱਭਣ ਲਈ ਵਿਗਿਆਨੀਆਂ ਨੇ ਮੰਗਲ ’ਤੇ ਉਪਗ੍ਰਹਿ ਭੇਜਣ ਦੀ ਸੋਚੀ| ਮੰਗਲ ’ਤੇ ਉਪਗ੍ਰਹਿ ਭੇਜਣ ਦੀ ਦੌੜ ਅਮਰੀਕਾ ਅਤੇ ਰੂਸ ਦਰਮਿਆਨ ਚੱਲੇ ਸ਼ੀਤ ਯੁੱਧ ਦਰਮਿਆਨ ਸ਼ੁਰੂ ਹੋਈ| ਇਸ ਦੀ ਪਹਿਲੀ ਕੋਸ਼ਿਸ਼ ਰੂਸ ਨੇ 1960 ਵਿੱਚ ਕੀਤੀ, ਪਰ ਸਫਲ ਨਾ ਹੋ ਸਕਿਆ| ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਅੰਤ ਵਿੱਚ ਅਮਰੀਕਾ ਨੇ 1964 ਵਿੱਚ ਪਹਿਲਾ ਉਪਗ੍ਰਹਿ ਮੈਰਾਈਨਰ-4 ਮੰਗਲ ਦੇ ਨੇੜੇ ਦੀ ਲੰਘਾਇਆ| ਇਹ ਇੱਕ ਫਲਾਈ ਬਾਈ ਮਿਸ਼ਨ ਸੀ| ਮੰਗਲ ਦੇ ਪੰਧ ਵਿੱਚ ਪਹਿਲਾ ਉਪਗ੍ਰਹਿ ਮਾਰਸ-2 ਰੂਸ ਨੇ 1971 ਵਿੱਚ ਭੇਜਿਆ| ਨਾਸਾ ਨੇ ਮੰਗਲ ’ਤੇ ਪਹਿਲਾ ਲੈਂਡਰ ਵਾਈਕਿੰਗ-1, 1975 ਵਿੱਚ ਉਤਾਰਿਆ ਅਤੇ ਸਭ ਤੋਂ ਪਹਿਲੀ ਬੱਘੀ (ਰੋਵਰ) ਸੋਜੋਰਨਰ 1997 ਵਿੱਚ ਉਤਾਰੀ| ਉਸ ਤੋਂ ਬਾਅਦ ਭੇਜੇ ਗਏ ਮਿਸ਼ਨਾਂ ਵਿੱਚੋਂ ਨਾਸਾ ਦੇ ਪਾਥਫਾਈਂਡਰ-1996, ਓਡੀਸੀ-2001, ਸਪਿਰਿਟ ’ਤੇ ਆਪਰਚਿਊਨਿਟੀ-2003 ਅਤੇ ਭਾਰਤ ਦਾ 2013 ਵਿੱਚ ਭੇਜਿਆ ਮੰਗਲਾਯਾਨ-1 ਜ਼ਿਕਰਯੋਗ ਹਨ|

ਇਹ ਸਾਰੇ ਮਿਸ਼ਨ ਮੰਗਲ ਗ੍ਰਹਿ ’ਤੇ ਜੀਵਨ ਦੀ ਭਾਲ ਵਿੱਚ ਭੇਜੇ ਗਏ ਸਨ| ਇਨ੍ਹਾਂ ਮਿਸ਼ਨਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੰਗਲ ਅੱਜ ਦੇ ਉਲਟ ਕਿਸੇ ਸਮੇਂ ਵਾਯੂਮੰਡਲ ਭਰਪੂਰ, ਨਮੀ ਵਾਲਾ ਗ੍ਰਹਿ ਸੀ ਜਿਸ ’ਤੇ ਤਰਲ ਪਾਣੀ ਮੌਜੂਦ ਸੀ ਅਤੇ ਹਾਲਾਤ ਜੀਵਨ ਦੇ ਪਨਪਣ ਲਈ ਸਾਜਗਾਰ ਸਨ| ਹੁਣ ਤੱਕ ਦੇ ਮਿਸ਼ਨਾਂ ਨਾਲ ਇਸੇ ਜੀਵਨ ਦੇ ਸਬੂਤ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ|

ਇਸੇ ਨੂੰ ਅੱਗੇ ਤੋਰਦਿਆਂ ਨਾਸਾ ਨੇ ਆਪਣਾ ਅਗਲਾ ਮਿਸ਼ਨ ਮਾਰਸ-2020, 30 ਜੁਲਾਈ 2020 ਨੂੰ ਮੰਗਲ ’ਤੇ ਜਾਣ ਲਈ ਦਾਗਿਆ| ਇਹ ਤਰੀਕ ਇਸ ਲਈ ਮਿੱਥੀ ਗਈ ਕਿ ਜਦੋਂ ਮਿਸ਼ਨ ਮੰਗਲ ’ਤੇ ਉਤਰੇ ਤਾਂ ਨਾਸਾ ਦੇ ਉੱਥੇ ਪਹਿਲਾਂ ਤੋਂ ਮੌਜੂਦ ਉਪਗ੍ਰਹਿ ਉਸ ਨੂੰ ਦੇਖ ਸਕਣ ਅਤੇ ਰੇਡੀਓ ਸੰਪਰਕ ਸਥਾਪਿਤ ਕਰ ਸਕਣ| ਤਾਪ ਰੋਧੀ ਕਵਚ ਅੰਦਰ ਕੈਦ ਇਹ ਮਿਸ਼ਨ 6 ਮਹੀਨੇ ਅਤੇ 19 ਦਿਨ ਦਾ ਪੰਧ ਮੁਕਾ ਕੇ 18 ਫਰਵਰੀ 2021 ਨੂੰ ਮੰਗਲ ’ਤੇ ਪਹੁੰਚਿਆ| ਮੰਗਲ ’ਤੇ ਉਤਰਨ ਲਈ ਪਹਿਲਾਂ 70 ਫੁੱਟ ਵੱਡੇ ਪੈਰਾਸ਼ੂਟ ਨਾਲ ਗਤੀ ਘਟਾਈ ਗਈ ਅਤੇ ਫਿਰ ਛੋਟੇ ਰਾਕਟਾਂ ਦੀ ਮਦਦ ਨਾਲ ਗਤੀ ਬਿਲਕੁਲ ਘਟਾ ਕੇ ਮਿਸ਼ਨ ਨੂੰ ਹਲਕੇ ਜਿਹੇ ਲੈਂਡ ਕਰਵਾਇਆ ਗਿਆ| ਇਸ ਮਿਸ਼ਨ ਦਾ ਮਕਸਦ ਪੁਰਾਤਨ ਜੀਵਨ ਦੀ ਤਲਾਸ਼ ਕਰਨਾ ਅਤੇ ਚਟਾਨਾਂ/ਮਿੱਟੀ ਦੇ ਨਮੂਨੇ ਇਕੱਠੇ ਕਰਨਾ ਹੈ| ਇਸ ਮਿਸ਼ਨ ਨੂੰ ਮੰਗਲ ਦੇ ਉੱਤਰੀ ਅਰਧ ਗੋਲੇ ਦੇ ਜੇਜ਼ੈਰੋ ਖੱਡੇ (Jezero Crater) ਵਿੱਚ ਉਤਾਰਿਆ ਗਿਆ ਹੈ| ਜੇਜ਼ੈਰੋ ਖੱਡਾ ਲਗਭਗ 45 ਕਿਲੋਮੀਟਰ ਚੌੜਾ ਹੈ| ਵਿਗਿਆਨੀਆਂ ਦਾ ਮੰਨਣਾ ਹੈ ਕਿ 3.5 ਅਰਬ ਸਾਲ ਪਹਿਲਾਂ ਇੱਥੇ ਇੱਕ ਨਦੀ ਆ ਕੇ ਝੀਲ ਵਿੱਚ ਮਿਲਦੀ ਸੀ| ਨਦੀ ਦੁਆਰਾ ਵਹਾਅ ਨਾਲ ਲਿਆਂਦੇ ਤੱਤਾਂ ਕਰਕੇ ਇੱਥੇ ਪੁਰਾਤਨ ਸਮੇਂ ਵਿੱਚ ਜੀਵਨ ਹੋਣ ਦੀ ਸੰਭਾਵਨਾ ਹੈ|

ਇਸ ਉਪਗ੍ਰਹਿ ਦੇ ਦੋ ਮੁੱਖ ਭਾਗ ਪਰਸਵੇਰੈਂਸ (Perseverance) ਅਤੇ ਇੰਜੈਨੂਇਟੀ (Ingenuity) ਹਨ| ਪਰਸਵੇਰੈਂਸ ਇੱਕ ਬੱਘੀ ਹੈ ਜੋ ਕਿ 1 ਮੰਗਲ ਸਾਲ (ਲਗਭਗ 687 ਧਰਤ ਦਿਨ) ਲਈ ਮੰਗਲ ਦੀ ਸਤ੍ਵਾ ’ਤੇ ਵਿਗਿਆਨਕ ਪ੍ਰਯੋਗ ਕਰਨ ਲਈ ਵਰਤੀ ਜਾਵੇਗੀ| 6 ਟਾਇਰਾਂ ’ਤੇ ਸਵਾਰ 1025 ਕਿਲੋਗ੍ਰਾਮ ਦੀ ਇਹ ਬੱਘੀ 10 ਫੁੱਟ ਲੰਬੀ, 9 ਫੁੱਟ ਚੌੜੀ ਅਤੇ 7 ਫੁੱਟ ਉੱਚੀ ਹੈ| ਨਾਸਾ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਭਾਰੀ ਬੱਘੀ ਹੈ| ਇਸ ਦਾ ਮੁੱਖ ਕੰਮ ਮੰਗਲ ’ਤੇ ਪੁਰਾਤਨ ਜੀਵਨ ਦੀ ਹੋਂਦ ਦੇ ਸਬੂਤ ਲੱਭਣਾ ਹੈ| ਮੰਗਲ ’ਤੇ ਜੀਵਨ ਤੋਂ ਭਾਵ ਕੀੜੇ, ਮੱਛੀ, ਥਣਧਾਰੀ ਜੀਵ ਆਦਿ ਨਹੀਂ ਬਲਕਿ ਸੂਖਮ ਜੀਵ ਜਿਵੇਂ ਬੈਕਟੀਰੀਆ ਆਦਿ ਹਨ। ਇਸ ਕੰਮ ਵਾਸਤੇ ਬੱਘੀ ਵਿੱਚ ਆਰਗੈਨਿਕ ਮਾਦੇ ਨੂੰ ਲੱਭਣ ਵਾਲਾ ਯੰਤਰ, 100 ਮੀਟਰ ਤੱਕ ਜ਼ੂਮ ਕਰ ਸਕਣ ਵਾਲਾ ਕੈਮਰਾ, ਲੇਜ਼ਰ ਕਟਰ ਅਤੇ ਰਡਾਰ ਲਗਾਏ ਗਏ ਹਨ| ਇਸ ਬੱਘੀ ’ਤੇ ਲੱਗੇ ਕੁੱਲ 19 ਕੈਮਰਿਆਂ ਵਿੱਚੋਂ 2 ਆਮ ਜਨਤਾ ਲਈ ਹਨ| ਕੋਈ ਵੀ ਨਾਸਾ ਦੀ ਵੈੱਬਸਾਈਟ ’ਤੇ ਜਾ ਕੇ ਇਨ੍ਹਾਂ ਕੈਮਰਿਆਂ ਦੀਆਂ ਤਸਵੀਰਾਂ ਦੇਖ ਸਕਦਾ ਹੈ ਤੇ ਮੰਗਲ ਗ੍ਰਹਿ ਦੀਆਂ ਆਵਾਜ਼ਾਂ ਸੁਣ ਸਕਦਾ ਹੈ| ਇਸ ਤੋਂ ਇਲਾਵਾ ਇਸ ’ਤੇ ਕਾਰਬਨ ਡਾਈਆਕਸਾਈਡ ਤੋਂ ਆਕਸੀਜਨ ਤਿਆਰ ਕਰਨ ਵਾਲਾ ਯੰਤਰ ਵੀ ਪ੍ਰਯੋਗ ਦੇ ਤੌਰ ’ਤੇ ਲਾਇਆ ਗਿਆ ਹੈ| ਜੇਕਰ ਇਹ ਸਫਲ ਰਿਹਾ ਤਾਂ ਇਸ ਤਕਨੀਕ ਦੀ ਵਰਤੋਂ ਮਨੁੱਖੀ ਮਿਸ਼ਨਾਂ ਵੇਲੇ ਆਕਸੀਜਨ ਬਣਾਉਣ ਲਈ ਕੀਤੀ ਜਾ ਸਕਦੀ ਹੈ|

ਇਸ ਮਿਸ਼ਨ ਦਾ ਦੂਸਰਾ ਤੇ ਸਭ ਤੋਂ ਨਿਵੇਕਲਾ ਹਿੱਸਾ ਹੈ ਇੰਜੈਨੂਇਟੀ| ਇਹ ਇੱਕ 1.8 ਕਿਲੋਗ੍ਰਾਮ ਭਾਰਾ ਤੇ 19 ਇੰਚ ਉੱਚਾ ਹੈਲੀਕਾਪਟਰ ਹੈ| ਕਿਸੇ ਹੋਰ ਗ੍ਰਹਿ ਜਾਂ ਉਪਗ੍ਰਹਿ ’ਤੇ ਉੱਡਣ ਵਾਲਾ ਇਹ ਪਹਿਲਾ ਹੈਲੀਕਾਪਟਰ ਹੈ| ਧਰਤੀ ’ਤੇ ਸੰਘਣਾ ਵਾਯੂਮੰਡਲ ਹੋਣ ਕਰਕੇ ਹੈਲੀਕਾਪਟਰ ਉਡਾਉਣਾ ਬਹੁਤ ਆਸਾਨ ਹੈ, ਪਰ ਮੰਗਲ ’ਤੇ ਵਾਯੂਮੰਡਲ ਬਹੁਤ ਵਿਰਲਾ ਹੈ| ਇਸ ਕਰਕੇ ਉੱਥੇ ਹੈਲੀਕਾਪਟਰ ਉਡਾਉਣ ਲਈ ਇਸ ਦੇ ਬਲੇਡ ਬਹੁਤ ਵੱਡੇ ਹੋਣੇ ਚਾਹੀਦੇ ਹਨ ਅਤੇ ਇਹ ਬਹੁਤ ਤੇਜ਼ ਗਤੀ ਨਾਲ ਘੁੰਮਣੇ ਚਾਹੀਦੇ ਹਨ| ਇੰਜੈਨੂਇਟੀ ਦੇ ਬਲੇਡ 4 ਫੁੱਟ ਲੰਬੇ ਹਨ ਅਤੇ ਇੱਕ ਮਿੰਟ ਵਿੱਚ 2400 ਵਾਰ ਘੁੰਮਦੇ ਹਨ| ਇਹ ਹੈਲੀਕਾਪਟਰ ਸੂਰਜੀ ਊਰਜਾ ’ਤੇ ਚੱਲਦਾ ਹੈ ਅਤੇ ਪੂਰੀ ਤਰ੍ਹਾਂ ਸਵੈਚਲਿਤ ਹੈ| ਹੁਣ ਤੱਕ ਇਹ ਮੰਗਲ ’ਤੇ ਕਈ ਸਫਲ ਉਡਾਣਾਂ ਭਰ ਚੁੱਕਿਆ ਹੈ। ਇਸ ਉੱਤੇ 2 ਕੈਮਰੇ ਲੱਗੇ ਹਨ ਜੋ ਤਸਵੀਰਾਂ ਬੱਘੀ ਨੂੰ ਘੱਲਦੇ ਹਨ| ਇਸ ਮਿਸ਼ਨ ਵਿੱਚ ਇਹ ਸਿਰਫ਼ ਇੱਕ ਪ੍ਰੀਖਣ ਹੈ, ਜੇਕਰ ਇਹ ਸਫਲ ਰਹਿੰਦਾ ਹੈ ਤਾਂ ਭਵਿੱਖ ਵਿੱਚ ਬਹੁਤ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇਵੇਗਾ|

ਇਸ ਦੇ ਨਾਲ ਹੀ ਨਾਸਾ ਨੇ ਇਸ ਮਿਸ਼ਨ ’ਤੇ 3 ਸਿਲੀਕਾਨ ਦੀਆਂ ਪਲੇਟਾਂ ਵੀ ਭੇਜੀਆਂ ਹਨ ਜਿਸ ’ਤੇ ਲਗਭਗ 11 ਕਰੋੜ ਲੋਕਾਂ ਦੇ ਨਾਮ ਉੱਕਰੇ ਹੋਏ ਹਨ| ਨਾਸਾ ਨੇ ਇਸ ਲਈ ਕੁਝ ਸਮਾਂ ਪਹਿਲਾਂ ਆਨਲਾਈਨ ਅਰਜ਼ੀਆਂ ਮੰਗੀਆਂ ਸਨ| ਸੋ ਜੇਕਰ ਤੁਸੀਂ ਵੀ ਅਰਜ਼ੀ ਦਿੱਤੀ ਸੀ ਤਾਂ ਹੁਣ ਤੁਹਾਡਾ ਨਾਮ ਮੰਗਲ ’ਤੇ ਪਹੁੰਚ ਚੁੱਕਾ ਹੈ| ਨਾਸਾ ਅਤੇ ਈਸਾ (ESA, ਯੂਰੋਪੀਅਨ ਸਪੇਸ ਏਜੰਸੀ) ਦੀ ਭਵਿੱਖ ਵਿੱਚ ਮਿਲ ਕੇ ਮੰਗਲ ਤੋਂ ਮਿੱਟੀ ਅਤੇ ਚਟਾਨਾਂ ਦੇ ਨਮੂਨੇ ਧਰਤੀ ’ਤੇ ਲਿਆਉਣ ਦੀ ਯੋਜਨਾ ਹੈ| ਧਰਤੀ ’ਤੇ ਇਨ੍ਹਾਂ ਨਮੂਨਿਆਂ ਦੀ ਸ਼ਕਤੀਸ਼ਾਲੀ ਉਪਕਰਣਾਂ ਨਾਲ ਜ਼ਿਆਦਾ ਬਾਰੀਕੀ ਨਾਲ ਜਾਂਚ ਕੀਤੀ ਜਾ ਸਕਦੀ ਹੈ| ਜ਼ਿਆਦਾ ਭਾਰੇ ਅਤੇ ਵੱਡੇ ਹੋਣ ਕਰਕੇ ਇਹ ਉਪਕਰਣ ਮੰਗਲ ’ਤੇ ਲਿਜਾ ਸਕਣਾ ਸੰਭਵ ਨਹੀਂ ਹੈ| ਪਰਸਵੇਰੈਂਸ ਆਪਣੇ ਮਿਸ਼ਨ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਨੂੰ ਕੱਚ ਦੀਆਂ ਨਲੀਆਂ ਵਿੱਚ ਬੰਦ ਕਰਕੇ ਇੱਕ ਨਿਰਧਾਰਤ ਜਗ੍ਹਾ ’ਤੇ ਛੱਡਦਾ ਹੈ ਜਿਸ ਨੂੰ ਨਾਸਾ ਅਤੇ ਈਸਾ ਦਾ ਸਾਂਝਾ ਮਿਸ਼ਨ ਧਰਤੀ ’ਤੇ ਲੈ ਆਵੇਗਾ| ਜੇਕਰ ਸਭ ਕੁਝ ਆਸ ਅਨੁਸਾਰ ਰਿਹਾ ਤਾਂ ਮਾਰਸ-2020 ਆਉਣ ਵਾਲੇ ਸਮੇਂ ਵਿੱਚ ਮੰਗਲ ਤੋਂ ਨਮੂਨੇ ਲਿਆਉਣ ਵਾਲੇ ਮਿਸ਼ਨਾਂ ਦੀ ਪਿਰਤ ਪਾ ਸਕਦਾ ਹੈ ਜੋ ਕਿ ਅੱਗੇ ਜਾਂ ਕੇ ਇਨਸਾਨ ਦੇ ਮੰਗਲ ’ਤੇ ਪੈਰ ਰੱਖਣ ਵਿੱਚ ਵੀ ਸਹਾਈ ਹੋਵੇਗਾ|

*ਵਿਗਿਆਨੀ/ਇੰਜੀਨੀਅਰ-ਇਸਰੋ, ਤ੍ਰਿਵੇਂਦਰਮ

Leave a Reply

Your email address will not be published. Required fields are marked *