ਸ਼ੂਗਰ ਅਤੇ ਗ਼ਲਤ ਖਾਣ-ਪੀਣ ਸਣੇ ਇਨ੍ਹਾਂ ਕਾਰਨਾਂ ਕਰਕੇ ਹੋ ਸਕਦੀ ਹੈ ਪੱਥਰੀ ਦੀ ਸਮੱਸਿਆ

ਗ਼ਲਤ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਤੋਂ ਇਲਾਵਾ ਘੱਟ ਪਾਣੀ ਪੀਂਦੇ ਕਾਰਨ ਪਥਰੀ ਦੀ ਸਮੱਸਿਆ ਹੋ ਜਾਂਦੀ ਹੈ। ਗੁਰਦੇ, ਕਿਡਨੀ ਆਦਿ ਦੀ ਪੱਥਰੀ ਰੇਤ ਦੇ ਦਾਣੇ ਜਿੰਨੀ ਛੋਟੀ ਹੋ ਸਕਦੀ ਹੈ, ਜਿਸ ਦੇ ਹੋਣ ’ਤੇ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਇਹ ਕਠੋਰ ਛੋਟਾ ਜਿਹਾ ਟੁੱਕੜਾ ਉਸ ਸਮੇਂ ਸਰੀਰ ਵਿੱਚ ਬਣਦਾ ਹੈ, ਜਦੋਂ ਸਰੀਰ ਵਿੱਚੋਂ ਬੇਲੋੜੇ ਖਣਿਜ ਪਿਸ਼ਾਬ ਦੇ ਰਸਤੇ ਬਾਹਰ ਨਹੀਂ ਨਿਕਲਦੇ ਅਤੇ ਗੁਰਦਿਆਂ ਵਿੱਚ ਜਮ੍ਹਾਂ ਹੋਣ ਲੱਗ ਜਾਂਦੇ ਹਨ। ਬਹੁਤ ਸਾਰੇ ਲੋਕ ਪਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਦੇ ਹੈ, ਜਿਸ ਕਾਰਨ ਕਈ ਵਾਰ ਇਹ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਥਰੀ ਨਾ ਨਿਕਲਣ ’ਤੇ ਕਈ ਵਾਰ ਸਰਜਰੀ ਵੀ ਕਰਵਾਉਣੀ ਪੈਂਦੀ ਹੈ ਪਰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ….
ਪੱਥਰੀ ਹੋਣ ਦੇ ਮੁੱਖ ਲੱਛਣ
ਯੂਰਿਨ ਕਰਦੇ ਸਮੇਂ ਤੇਜ਼ ਦਰਦ ਹੋਣਾ
ਯੂਰਿਨ ਵਿੱਚੋਂ ਜ਼ਿਆਦਾ ਬਦਬੂ ਆਉਣਾ
ਕਿਡਨੀ ਜਾਂ ਫਿਰ ਢਿੱਡ ਵਿਚ ਸੋਜ ਹੋਣੀ
ਜ਼ਿਆਦਾਤਰ ਬੁਖ਼ਾਰ ਰਹਿਣਾ
ਉਲਟੀ ਆਉਣਾ
ਨਾਰਮਲ ਤੋਂ ਜ਼ਿਆਦਾ ਯੂਰਿਨ ਆਉਣਾ
ਯੂਰੀਨ ਵਿਚ ਖੂਨ ਆਉਣਾ
ਇਨ੍ਹਾਂ ਕਾਰਨਾਂ ਕਰਕੇ ਹੁੰਦੀ ਹੈ ਪਥਰੀ ਦੀ ਸਮੱਸਿਆ
ਪਾਣੀ ਦੀ ਘਾਟ
ਸਰੀਰ ਵਿੱਚੋਂ ਬੇਲੋੜੇ ਖਣਿਜ ਪਾਣੀ ਵਿੱਚ ਘੁਲ ਕੇ ਪਿਸ਼ਾਬ ਰਸਤੇ ਬਾਹਰ ਨਿਕਲਦੇ ਹਨ। ਜੇ ਸਰੀਰ ’ਚ ਪਾਣੀ ਦੀ ਘਾਟ ਹੋਵੇਗੀ ਤਾਂ ਇਨ੍ਹਾਂ ਨੂੰ ਘੁਲਣ ’ਚ ਮੁਸ਼ਕਲ ਹੋ ਸਕਦੀ ਹੈ, ਜਿਸ ਕਾਰਨ ਇਹ ਪੱਥਰੀ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਲਈ ਰੋਜ਼ਾਨਾ ਅੱਠ ਤੋਂ ਦਸ ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਿੰਬੂ, ਸੰਤਰੇ ਜਾਂ ਹੋਰ ਖੱਟੇ ਫਲਾਂ ਦਾ ਰਸ ਪੀਣ ਨਾਲ ਸਰੀਰ ਵਿੱਚ ਪੱਥਰੀ ਨਹੀਂ ਬਣਦੀ।
ਗ਼ਲਤ ਖਾਣ-ਪੀਣ
ਗਲਤ ਖਾਣ-ਪੀਣ ਪੱਥਰੀ ਹੋਣ ਦਾ ਵੱਡਾ ਕਾਰਨ ਹੈ। ਗੁਰਦੇ ਦੀ ਪੱਥਰੀ ਉਸ ਸਮੇਂ ਬਣਦੀ ਹੈ ਜਦੋਂ ਕੈਲਸ਼ੀਅਮ ਅਤੇ ਆਕਸਾਲੇਟ ਇੱਕ ਦੂਜੇ ਨਾਲ ਜੁੜ ਜਾਂਦੇ ਹਨ। ਅਕਸਾਲੇਟ ਇੱਕ ਤਰ੍ਹਾਂ ਦੇ ਰਸਾਇਣ ਹੁੰਦੇ ਹਨ, ਜੋ ਖਾਦ ਪਦਾਰਥ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ। ਇਸ ਲਈ ਦੁੱਧ ਅਤੇ ਫਲ-ਸਬਜ਼ੀਆਂ ਦੇ ਵਿਚਕਾਰ ਖਾਣ ਪੀਣ ਸਮੇਂ ਅੱਧੇ ਘੰਟੇ ਦਾ ਵਕਫਾ ਰੱਖਣਾ ਚਾਹੀਦਾ ਹੈ ।
ਅੰਤੜੀਆਂ ਦੀਆਂ ਸਮੱਸਿਆਵਾਂ
ਅੰਤੜੀਆਂ ਦੀਆਂ ਸਮੱਸਿਆਵਾਂ ਹੋਣ ਕਾਰਨ ਸਰੀਰ ਅੰਦਰ ਆਕਸਲੇਟ ਜਮਾ ਹੋਣ ਲੱਗਦਾ ਹੈ, ਜੋ ਪੱਥਰੀ ਦਾ ਕਾਰਨ ਬਣਦਾ ਹੈ। ਅਕਸਾਲੇਟ ਜਮ੍ਹਾਂ ਹੋਣ ਕਾਰਨ ਪਿਸ਼ਾਬ ਘੱਟ ਆਉਂਦਾ ਹੈ, ਜਿਸ ਕਾਰਨ ਪਥਰੀ ਦੀ ਸਮੱਸਿਆ ਹੋ ਜਾਂਦੀ ਹੈ।
ਮੋਟਾਪਾ
ਮੋਟਾਪੇ ਦੇ ਸ਼ਿਕਾਰ ਲੋਕਾਂ ਦੇ ਸਰੀਰ ਵਿੱਚ ਪੱਥਰੀ ਹੋਣ ਦੀ ਸੰਭਾਵਨਾ ਲੱਗਭਗ ਦੁੱਗਣੀ ਹੋ ਜਾਂਦੀ ਹੈ। ਜੋ ਲੋਕ ਭਾਰ ਘੱਟ ਕਰਨ ਲਈ ਸਰਜਰੀ ਕਰਵਾਉਂਦੇ ਹਨ, ਉਨ੍ਹਾਂ ਵਿੱਚ ਪੱਥਰੀ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ ।
ਸ਼ੂਗਰ
ਜਿਨ੍ਹਾਂ ਲੋਕਾਂ ਨੂੰ ਟਾਈਪ 2 ਸ਼ੂਗਰ ਹੁੰਦੀ ਹੈ। ਉਨ੍ਹਾਂ ਵਿੱਚ ਵੀ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਟਾਈਪ 2 ਸ਼ੂਗਰ ਪਿਸ਼ਾਬ ਨੂੰ ਜ਼ਿਆਦਾ ਤੇਜ਼ਾਬੀ ਬਣਾ ਦਿੰਦੀ ਹੈ, ਜੋ ਕਿਡਨੀ ਸਟੋਨ ਨੂੰ ਉਤਸ਼ਾਹਿਤ ਕਰਦਾ ਹੈ।