ਦੋ ਕਲਾਵਾਂ ਦਾ ਸੁਮੇਲ (-ਜਸਵੰਤ ਜ਼ਫ਼ਰ)

ਜਸਪ੍ਰੀਤ ਗਿੱਲ ਕਵਿਤਾਕਾਰੀ ਅਤੇ ਫੋਟੋਕਾਰੀ ਵਿੱਚ ਸਾਡੇ ਵੇਖਦਿਆਂ ਵੇਖਦਿਆਂ ਇੱਕੋ ਸਮੇਂ ਰੁਚਿਤ ਹੁੰਦੀ ਹੈ, ਦੋਵੇਂ ਚੀਜ਼ਾਂ ਇਕੱਠੀਆਂ ਵਿਕਸਤ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ। ਉਸ ਦੀ ਪਹਿਲੀ ਕਿਤਾਬ ਵੀ ਇਨ੍ਹਾਂ ਦੋਵਾਂ ਕਲਾਵਾਂ ਦਾ ਸੁਮੇਲ ਸੀ ਅਤੇ ਹੁਣ ਪ੍ਰਕਾਸ਼ਿਤ ਹੋਈ ਕਿਤਾਬ ‘ਪੌਣਾਂ ਦੀ ਸਰਗਮ’ ਕਾਵਿ ਸੰਗ੍ਰਹਿ ਹੋਣ ਦੇ ਨਾਲ ਨਾਲ ਕੁਦਰਤ ਕਲਾ ਦੀ ਫੋਟੋ ਐਲਬਮ ਵੀ ਹੈ। ਪੰਜਾਬੀ ਕਵਿਤਾ ਦੀ ਹੁਣ ਤੱਕ ਛਪੀ ਇਹ ਸਭ ਤੋਂ ਖ਼ੂਬਸੂਰਤ ਕਿਤਾਬ ਹੈ। ਪਹਿਲੀ ਨਜ਼ਰੇ ਤਾਂ ਅਸੀਂ ਇਸ ਦੀ ਵਿਉਂਤਬੰਦੀ, ਖ਼ੂਬਸੂਰਤੀ ਅਤੇ ਫੋਟੋ ਕਲਾ ਦਾ ਆਨੰਦ ਮਾਣਦੇ ਹਾਂ। ਅਸੀਂ ਇੰਨੇ ਨਿਹਾਲ ਹੋ ਜਾਂਦੇ ਹਾਂ ਕਿ ਕਵਿਤਾ ਬਹੁਤ ਚੰਗੀ ਹੋਵੇ, ਇਸ ਗੱਲ ਦੀ ਬਹੁਤੀ ਮੰਗ ਨਹੀਂ ਰਹਿੰਦੀ। ਪਰ ਇਸ ਦੀ ਪਹਿਲੀ ਕਵਿਤਾ ਦੀ ਪਹਿਲੀ ਸਤਰ ਪੜ੍ਹਦਿਆਂ ਹੀ ਮਨ ਇੰਨਾ ਟੁੰਬਿਆ ਜਾਂਦਾ ਹੈ ਕਿ ਤੁਸੀਂ ਪੂਰੀ ਕਿਤਾਬ ਪੜ੍ਹੇ ਬਿਨਾਂ ਨਹੀਂ ਰਹਿ ਸਕਦੇ:

ਸੁਪਨਿਆਂ ਦਾ ਕੀ ਹੈ

ਝਨਾਂ ਦੀ ਥਾਂ

ਇਹ ਤਾਂ ਹੰਝੂਆਂ ਦੇ ਹੜ੍ਹ ’ਚ ਰੁੜ੍ਹ ਜਾਂਦੇ ਨੇ

ਜਸਪ੍ਰੀਤ ਲਈ ਕਲਾ ਸੁੱਤੇ ਸੁਪਨਿਆਂ ਨੂੰ ਜਗਾਉਣ ਜਾਂ ਮੋਏ ਸੁਪਨਿਆਂ ਨੂੰ ਜੀਵੰਤ ਕਰ ਲੈਣ ਦਾ ਸਾਧਨ ਹੈ। ਕਵਿਤਾ ਰਚਨਾ ਉਸ ਲਈ ਪਿੰਜਰੇ ਵਿੱਚ ਕੈਦੀ ਸੁਪਨਿਆਂ ਨੂੰ ਖੁੱਲ੍ਹਾ ਆਸਮਾਨ ਦੇਣ ਦਾ ਆਹਰ ਹੈ। ਉਸ ਦੀ ਕਵਿਤਾ ਤੋਂ ਸੂਚਨਾ ਮਿਲਦੀ ਹੈ ਕਿ ਕਦੀ ਗਾਇਨ ਉਸ ਦਾ ਸਭ ਤੋਂ ਨੇੜਲਾ ਸ਼ੌਕ ਰਿਹਾ ਹੈ। ਇਸ ਖੇਤਰ ਵਿੱਚ ਅੱਗੇ ਵਧਣਾ ਉਸ ਦਾ ਸੁਪਨਾ ਸੀ। ਇਹ ਸ਼ੌਕ ਤੇ ਸੁਪਨਾ ਹੀ ਉਸ ਤੋਂ ਇਸ ਕਿਤਾਬ ਦਾ ਨਾਂ ‘ਪੌਣਾਂ ਦੀ ਸਰਗਮ’ ਰਖਵਾਉਂਦਾ ਹੈ। ਸੰਗੀਤ ਉਸ ਦੀ ਰੂਹ ਵਿੱਚ ਰਚਿਆ ਹੋਣ ਕਰਕੇ ਉਸ ਦਾ ਮਨ ਪ੍ਰਗੀਤ ਰਚਨਾ ਲਈ ਵਾਰ ਵਾਰ ਅਹੁਲਦਾ ਹੈ:

ਜ਼ਿੰਦਗੀ ਰੋਗ ਅਵੱਲਾ ਸਈਓ

ਹਰ ਕੋਈ ਏਥੇ ਝੱਲਾ ਸਈਓ

ਫੁੱਲਾਂ ਦੀ ਰੁੱਤ ਆਈ ਸੱਜਣ ਜੀ

ਯਾਦ ਤੁਸਾਂ ਦੀ ਆਈ ਐਸੀ

ਰੂਹ ਸਾਡੀ ਨਸ਼ਿਆਈ ਸੱਜਣ ਜੀ

ਦੋਵੇਂ ਸੂਰਜ ਜ਼ਿੰਦਗੀ ਰੰਗਦੇ ਦੋਵੇਂ ਛੰਡਣ ਨ੍ਹੇਰੇ

ਦੋਵੇਂ ਸੂਰਜ ਖਲਕਤ ਸਾਂਝੇ ਨਾ ਤੇਰੇ ਨਾ ਮੇਰੇ

ਸਾਈਂ ਵਿਹੜਾ ਰੱਤੜਾ ਵਿਚ ਚਾਨਣ ਖਿੜਦਾ ਜਿਹੜੇ

ਅਸਾਂ ਲਾਈ ਦੋਹਾਂ ਦੇ ਨਾਲ

ਕਿ ਜ਼ਿੰਦ ਸਾਡੀ ਨੂਰ ਹੋ ਗਈ

ਬੱਦਲਾਂ ਚੋਂ ਚੰਨ ਤੱਕਦਾ ਨੀਂ

ਮੈਂ ਚੰਨ ਦੇ ਗੁਆਂਢ ਘਰ ਪਾਵਾਂ

ਪੁਸਤਕ ਵਿੱਚ ਸ਼ਾਮਲ ਜਸਪ੍ਰੀਤ ਦੀਆਂ ਕਵਿਤਾਵਾਂ ਦਾ ਡਾ. ਜਗਤਾਰ ਸਿੰਘ ਧੀਮਾਨ ਦੁਆਰਾ ਕੀਤਾ ਗਿਆ ਅੰਗਰੇਜ਼ੀ ਅਨੁਵਾਦ ਕਿਤਾਬ ਵਿੱਚ ਨਾਲੋ ਨਾਲ ਹਾਜ਼ਰ ਹੈ। ਕਵਿਤਾ ਦੇ ਅਨੁਵਾਦ ਨੂੰ ਉਸ ਦੇ ਬਰਾਬਰ ਰੱਖ ਕੇ ਛਾਪਣਾ ਅਨੁਵਾਦਕ ਦੇ ਆਪਣੇ ਅਨੁਵਾਦ ਹੁਨਰ ਪ੍ਰਤੀ ਆਤਮ ਵਿਸ਼ਵਾਸ ਅਤੇ ਜੁਰੱਅਤ ਨੂੰ ਦਰਸਾਉਂਦਾ ਹੈ। ਦੋਵਾਂ ਭਾਸ਼ਾਵਾਂ ਨੂੰ ਜਾਣਨ ਵਾਲਾ ਪਾਠਕ ਕਵਿਤਾ ਨੂੰ ਮਾਨਣ ਦੇ ਨਾਲ ਨਾਲ ਅਨੁਵਾਦਕ ਦੀ ਯੋਗਤਾ ਦੀ ਨਿਰਖ ਪਰਖ ਵੀ ਕਰ ਸਕਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਸਾਰੀਆਂ ਪ੍ਰਗੀਤ ਰਚਨਾਵਾਂ ਦਾ ਅਨੁਵਾਦ ਵੀ ਪ੍ਰਗੀਤ ਰੂਪ ਵਿੱਚ ਹੋਇਆ ਹੈ। ਇਸ ਤੋਂ ਪਹਿਲਾਂ ਪ੍ਰਿੰ. ਗੁਰਸ਼ਮਿੰਦਰ ਸਿੰਘ ਜਗਪਾਲ ਨੇ ਕਈ ਪੰਜਾਬੀ ਕਵੀਆਂ ਦੀਆਂ ਪ੍ਰਗੀਤ ਰਚਨਾਵਾਂ ਨੂੰ ਅੰਗਰੇਜ਼ੀ ਪ੍ਰਗੀਤ ਵਿੱਚ ਢਾਲ ਕੇ ਸਾਨੂੰ ਬਹੁਤ ਹੈਰਾਨ ਤੇ ਆਨੰਦਿਤ ਕੀਤਾ ਸੀ। ਡਾ. ਧੀਮਾਨ ਨੇ ਵੀ ਅਜਿਹਾ ਕਰ ਕੇ ਸਾਡੇ ਸੁੱਘੜ ਅਤੇ ਕਾਬਲ ਅਨੁਵਾਦਕਾਂ ਪ੍ਰਤੀ ਸਾਡੇ ਮਾਣ ਵਿੱਚ ਵਾਧਾ ਕੀਤਾ ਹੈ। ਜਸਪ੍ਰੀਤ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਪਿਆਰ ਭਰਿਆ ਅਤੇ ਇਕਮਿਕਤਾ ਵਾਲਾ ਹੈ। ਉਹ ਆਪਣਾ ਜੀਵਨ ਬੋਧ ਅਤੇ ਫ਼ਲਸਫ਼ਾ ਗ੍ਰੰਥਾਂ ਪੋਥੀਆਂ ਦੀ ਬਜਾਏ ਉਸ ਦੁਆਲੇ ਪਸਰੀ ਕੁਦਰਤ ਵਿੱਚੋਂ ਫੋਟੋਗ੍ਰਾਫੀ ਕਰਦਿਆਂ ਗ੍ਰਹਿਣ ਕਰਦੀ ਅਤੇ ਕਵਿਤਾ ਨਾਲ ਪੇਸ਼ ਕਰਦੀ ਹੈ। ਉਸ ਨੂੰ ਪੱਤੇ ਦੀ ਨੋਕ ’ਤੇ ਟਿਕੀ ਬਾਰਸ਼ ਦੀ ਇੱਕ ਬੂੰਦ ਨੇ ਜੀਵਨ ਮਕਸਦ ਦਾ ਪਤਾ ਦਿੱਤਾ ਹੈ:

ਬ੍ਰਹਿਮੰਡ ਦੀ ਹਰ ਸ਼ੈਅ

ਜੀਵ ਜੰਤੂ ਬਿਰਖ ਬੂਟੇ

ਜਲ ਥਲ ਆਕਾਸ਼ ਪਤਾਲ ਚੰਨ ਤਾਰੇ

ਸਦੀਵੀ ਯਾਤਰਾ ’ਤੇ ਹਨ

ਤੁਰਨਾ ਹੀ ਇਬਾਦਤ ਏ ਯਾਤਰਾ ਜ਼ਿਆਰਤ ਏ

ਆਪਣੇ ਤੱਕ ਪਹੁੰਚਣ ਦਾ ਜ਼ਰੀਆ ਏ

ਉਹ ਆਪਣੇ ਮਨ ਅਤੇ ਦਿਲ ਦੀ ਅਵਸਥਾ ਨੂੰ ਵਾਰ ਵਾਰ ਕੁੁਦਰਤ ਭਾਵ ਹਵਾ, ਧੁੱਪ, ਰੁੱਖ, ਮੀਂਹ, ਧੁੰਦ, ਹਨੇਰੀ ਆਦਿ ਨਾਲ ਜੋੜ ਕੇ ਬਿਆਨਦੀ ਹੈ। ਕਿਰਤੀ ਅਤੇ ਗ਼ਰੀਬ ਬੱਚੇ ਹੀ ਨਹੀਂ ਸਗੋਂ ਰੁੱਖ, ਪਸ਼ੂ, ਪੰਛੀ ਵੀ ਉਸ ਨਾਲ ਗੱਲਾਂ ਕਰਦੇ ਹਨ। ਦੁੱਖ-ਸੁੱਖ ਸਾਂਝਾ ਕਰਦੇ ਹਨ। ਉਸ ਨਾਲ ਹੱਸਦੇ, ਨੱਚਦੇ ਅਤੇ ਗਾਉਂਦੇ ਹਨ। ਸਾਡੀ ਸੀਮਾ ਹੈ ਕਿ ਅਸੀਂ ਉਨ੍ਹਾਂ ਦੀ ਭਾਸ਼ਾ ਨੂੰ ਸਮਝਣ ਦੀ ਯੋਗਤਾ ਨਹੀਂ ਰੱਖਦੇ। ਸਾਡੇ ਉਪਭੋਗਤਾਵਾਦੀ ਅਤੇ ਮੁਕਾਬਲੇਬਾਜ਼ੀ ਵਾਲੇ ਅੰਨ੍ਹੇ ਰਵੱਈਏ ਨੇ ਕੁਦਰਤ ਦੀ ਅਸੀਮਤਾ ਨੂੰ ਛਾਂਗ, ਛਾਂਟ, ਤਰਾਸ਼ ਜਾਂ ਕੈਦ ਕਰ ਕੇ ਸ਼ੋਅ ਕੇਸ ਕਰਨ ਦਾ ਰਿਵਾਜ ਪਾ ਲਿਆ ਹੈ। ਪਰ ਜਸਪ੍ਰੀਤ ਨੂੰ ਗਮਲੇ ਵਿੱਚ ਉਗਾਇਆ ਫੁੱਲ ਵੀ ਪਿੰਜਰੇ ਵਿੱਚ ਕੈਦ ਕੀਤੇ ਪੰਛੀ ਵਾਂਗ ਹੀ ਲੱਗਦਾ ਹੈ। ਗੁੱਲੀ ਡੰਡਾ ਸਾਡੀ ਕਿਰਸਾਨੀ ਨੂੰ ਹਾੜ੍ਹੀ ਫ਼ਸਲ ਦਾ ਮੁੱਖ ਦੁਸ਼ਮਣ ਲੱਗਦਾ ਹੈ, ਪਰ ਜਸਪ੍ਰੀਤ ਨੂੰ ਆਪਣੇ ਕੈਮਰੇ ਰਾਹੀਂ ਇਸ ਦੇ ਦੁੰਬ ਵਿੱਚੋਂ ਕੁਦਰਤ ਦੀ ਸੁੰਦਰਤਾ ਦੇ ਦਰਸ਼ਨ ਹੁੰਦੇ ਹਨ। ਸ਼ਾਇਦ ਕਲਾ ਦਾ ਮੁੱਖ ਮਨੋਰਥ ਇਹੀ ਹੈ: ਅਣਗੌਲੀ ਅਤੇ ਅਣਦਿੱਸਦੀ ਸੁੰਦਰਤਾ ਨੂੰ ਦਿੱਸਣ ਲਾਉਣਾ, ਅਣਮਾਣੇ ਨੂੰ ਮਾਣਨਾ, ਅਣਸੁਣੇ ਨੂੰ ਸੁਣਨਾ। ਕੁਦਰਤ, ਸੁੰਦਰਤਾ ਅਤੇ ਪਿਆਰ ਬਾਰੇ ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਅਤੇ ਕਲਾ ਨੂੰ ਮਾਣਦਿਆਂ ਉਸ ਤੋਂ ਰਾਜਸੀ, ਸਮਾਜਿਕ ਅਤੇ ਆਰਥਿਕ ਵਿਵਸਥਾ ਬਾਰੇ ਕਵਿਤਾ ਦੀ ਤਵੱਕੋਂ ਨਹੀਂ ਕੀਤੀ ਜਾਂਦੀ, ਪਰ ਉਸ ਨੇ ਕਈ ਥਾਈਂ ਇਨ੍ਹਾਂ ਬਾਰੇ ਸੰਖੇਪ, ਪਰ ਸਪੱਸ਼ਟ ਟਿੱਪਣੀਆਂ ਕੀਤੀਆਂ ਹਨ ਅਤੇ ਆਪਣੀ ਫੋਟੋ ਕਲਾ ਦਾ ਵਿਸ਼ਾ ਬਣਾਇਆ ਹੈ। ਉਸ ਦੀਆਂ ਰਾਜਸੀ ਰੰਗ ਦੀਆਂ ਸਤਰਾਂ:

ਤੈਨੂੰ ਹਕੂਮਤ ਕਰਨ ਦਾ ਇੰਨਾ ਹੀ ਜੇ ਚਾਅ

ਤਾਂ ਆਪਣੀ ਸਲਤਨਤ ਨੂੰ

ਦਿਲ ਤੋਂ ਦਿਲਾਂ ਤੱਕ ਫੈਲਾਅ

ਇਨਸਾਨ ਨੂੰ ਵਸਤੂ ਬਣਾਉਣ ਤੋਂ ਵੱਡਾ

ਕੋਈ ਪਾਪ ਨਹੀਂ ਹੁੰਦਾ

Leave a Reply

Your email address will not be published. Required fields are marked *