ਬੇਅਦਬੀ ਤੇ ਬਹਿਬਲ ਕਲਾਂ ਫਾਇਰੰਗ ਮਾਮਲੇ ਦੀ ਸੁਣਵਾਈ ਹੁਣ 26 ਨੂੰ

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ‘ਚ ਸਾਂਤਮਈ ਰੋਸ ਧਰਨੇ ’ਚ ਜਾਪ ਕਰਦੀਆਂ ਸਿੱਖ ਸੰਗਤਾਂ ’ਤੇ ਪੁਲਿਸ ਫਾਇਰੰਗ ਦੇ ਮਾਮਲੇ ਦੀ ਸੁਣਵਾਈ ਫਰੀਦਕੋਟ ਦੀ ਅਦਾਲਤ ‘ਚ ਹੋਈ। ਅਦਾਲਤ ਨੇ ਅਗਲੀ ਸੁਣਵਾਈ ਲਈ 26 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਉਸ ਦਿਨ ਸਾਬਕਾ ਪੁਲੀਸ ਮੁਲਾਜ਼ਮਾਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਬਲਬ ਕਲਾਂ ‘ਚ ਬੇਅਦਬੀ ਦਾ ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ। ਗੋਲੀਬਾਰੀ ਵਿੱਚ ਪਿੰਡ ਨਿਆਮੀਵਾਲਾ ਦੇ ਦੋ ਵਿਅਕਤੀ ਮਾਰੇ ਗਏ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ‘ਚ ਅਦਾਲਤ ਸਾਬਕਾ ਪੁਲਸ ਅਧਿਕਾਰੀਆਂ ‘ਤੇ ਦੋਸ਼ ਤੈਅ ਕਰ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਇਸ ਮਾਮਲੇ ਵਿੱਚ ਸਾਬਕਾ ਪੁਲੀਸ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਅਦਾਲਤ ਵਿੱਚ ਬਹਿਸ ਹੋਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਬਾਅਦ ਲਗਾਏ ਗਏ ਪੋਸਟਰਾਂ ਦੇ ਮਾਮਲੇ ਦੀ ਸੁਣਵਾਈ ਵੀ ਅੱਜ ਸੀ। ਪੁਲੀਸ ਵੱਲੋਂ ਮੁਲਜ਼ਮ ਡੇਰਾ ਪ੍ਰੇਮੀਆਂ ਨੂੰ ਲੈ ਕੇ ਫੋਰੈਂਸਿਕ ਵਿਭਾਗ ਦੀ ਰਿਪੋਰਟ ਦਿੱਤੀ ਜਾਣੀ ਸੀ ਪਰ ਐਸਆਈਟੀ ਵੱਲੋਂ ਹਾਈ ਕੋਰਟ ਵਿੱਚ ਸੁਣਵਾਈ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਦੀ ਤਰੀਕ ਵੀ 3 ਦਸੰਬਰ ਰੱਖੀ ਗਈ ਹੈ।
ਮੁੜ ਸੁਨਾਰੀਆ ਜੇਲ੍ਹ ਜਾਵੇਗੀ ਪੁਲਿਸ
ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਡੇਰਾ ਸੌਦਾ ਮੁਖੀ ਰਾਮ ਰਹੀਮ ਤੋਂ ਮੁੜ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਫਿਰ ਰੋਹਤਕ ਦੀ ਸੁਨਾਰੀਆ ਜੇਲ੍ਹ ਜਾਵੇਗੀ। ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਨੇ ਰਿਪੋਰਟ ਪੇਸ਼ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਰਾਮ ਰਹੀਮ ਤੋਂ ਅਜੇ ਹੋਰ ਪੁੱਛਗਿੱਛ ਕੀਤੀ ਜਾਣੀ ਹੈ। ਇਸ ਨੂੰ ਦੇਖਦੇ ਹੋਏ ਹਾਈਕੋਰਟ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੋਵੇਗੀ।