ਖੇਤੀ ਦਾ ਭਵਿੱਖ ਬਚਾਉਣ ਲਈ MSP ਗਾਰੰਟੀ ਜ਼ਰੂਰੀ, ਲੜਾਈ ਜਾਰੀ ਰਹੇਗੀ : ਰਾਕੇਸ਼ ਟਿਕੈਤ

ਨਵੀਂ ਦਿੱਲੀ- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਕਾਨੂੰਨ ਬਣਾਉਣ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ। ਉਹ ਇਸ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ਟਿਕੈਤ ਨੇ ਟਵੀਟ ਕਰ ਕੇ ਕਿਹਾ,”ਅੰਦੋਲਨ ‘ਚ ਕਿਸਾਨਾਂ ਦੇ ਪਰਿਵਾਰਾਂ ਨੇ ਆਪਣੇ 700 ਤੋਂ ਵੱਧ ਆਪਣਿਆਂ ਨੂੰ ਗੁਆਇਆ ਹੈ। ਪਿਛਲੇ ਸਾਲ ਦੇ ਇਹ ਦਿਨ ਕਿਸਾਨ ਕਦੇ ਨਹੀਂ ਭੁੱਲਣਗੇ। ਐੱਮ.ਐੱਸ.ਪੀ. ਕਿਸਾਨਾਂ ਦੀ ਰੀੜ੍ਹ ਹੈ। ਕਿਸਾਨ ਖੇਤੀ ਦਾ ਭਵਿੱਖ ਬਚਾਉਣ ਲਈ ਐੱਮ.ਐੱਸ.ਪੀ. ਗਾਰੰਟੀ ਚਾਹੁੰਦੇ ਹਨ। ਲੜਾਈ ਜਾਰੀ ਹੈ, ਲੜਾਈ ਜਾਰੀ ਰਹੇਗੀ।”
ਦੱਸਣਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਬਾਅਦ ‘ਚ ਸੰਸਦ ਦੇ ਦੋਹਾਂ ਸਦਨਾਂ ਤੋਂ ਇਸ ਨੂੰ ਸਰਦ ਰੁੱਤ ਸੈਸ਼ਨ ‘ਚ ਪਾਸ ਕਰਵਾਇਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਪੂਰਾ ਕਰਨ ਵਾਲੇ ਬਿੱਲ ਨੂੰ ਆਪਣੀ ਸਹਿਮਤੀ ਦਿੱਤੀ।