‘ਪੰਜਾਬ ’ਚ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਬਾਅਦ 414.35 ਕਰੋੜ ਕੀਮਤ ਦੀਆਂ ਵਸਤਾਂ ਕੀਤੀਆਂ ਜ਼ਬਤ’

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੱਖ-ਵੱਖ ਐਨਫੋਰਸਮੈਂਟ ਟੀਮਾਂ ਨੇ ਚੋਣ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 11 ਫਰਵਰੀ, 2022 ਤੱਕ 414.35 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 28.62 ਕਰੋੜ ਰੁਪਏ ਦੀ 47.13 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਐਨਫੋਰਸਮੈਂਟ ਵਿੰਗਾਂ ਨੇ 319.30 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਤੇ 28.62 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਰਾਜ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ਵਿਖੇ ਮੈਸਰਜ਼ ਚੋਜਰ ਵਾਈਨ ਦੇ ਸ਼ਰਾਬ ਦੇ ਠੇਕਿਆਂ ਤੋਂ ਫੋਸਟਰ, ਹੈਨੀਕੇਨ, ਮਿਲਰ ਸਮੇਤ ਵੱਖ-ਵੱਖ ਬਰਾਂਡਾਂ ਦੀਆਂ ਪੁੱਗ ਚੁੱਕੀ ਮਿਆਦ ਵਾਲੀ ਬੀਅਰ ਦੀਆਂ 2871 ਪੇਟੀਆਂ  ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੁੱਗ ਚੁੱਕੀ ਮਿਆਦ ਵਾਲੀ ਬੀਅਰ ਦੇ ਸਟਾਕ ਨੂੰ ਤੁਰੰਤ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਅਤੇ ਸ਼ਰਾਬ ਵਿਕਰੇਤਾ ਵਿਰੁੱਧ ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਆਬਕਾਰੀ ਵਿਭਾਗ ਨੇ 9 ਫਰਵਰੀ, 2022 ਤੱਕ 1,01,388 ਲੀਟਰ ਸ਼ਰਾਬ, 28,04,889 ਕਿਲੋ ਲਾਹਣ ਸਮੇਤ ਵੱਡੀ ਮਾਤਰਾ ’ਚ ਜ਼ਬਤੀਆਂ ਕੀਤੀਆਂ ਹਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ 928 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 1352 ਕਮਜ਼ੋਰ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ 4288 ਵਿਅਕਤੀਆਂ ਦੀ ਸ਼ਨਾਖਤ ਗੜਬੜੀ ਕਰਨ ਵਾਲੇ ਸੰਭਾਵੀ ਸਰੋਤਾਂ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ’ਚੋਂ 3701 ਵਿਅਕਤੀਆਂ ਵਿਰੁੱਧ ਪਹਿਲਾਂ ਹੀ  ਕਾਰਵਾਈ ਵਿੱਢੀ ਜਾ ਚੁੱਕੀ ਹੈ, ਜਦਕਿ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ 2349 ਵਿਅਕਤੀਆਂ ਨੂੰ ਸੀ. ਆਰ. ਪੀ. ਸੀ. ਐਕਟ ਦੀਆਂ ਰੋਕਥਾਮ ਵਾਲੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ 3121 ਕੇਸਾਂ ’ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ 25112 ਨਾਕੇ ਲਗਾਏ ਗਏ ਹਨ। ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਸੂਬੇ ’ਚ ਹੁਣ ਤੱਕ ਕੁੱਲ 3,90,170 ਲਾਇਸੈਂਸੀ ਹਥਿਆਰਾਂ ’ਚੋਂ 3,79,424 ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ, ਜਦਕਿ ਸੂਬੇ ’ਚ 122 ਬਿਨਾਂ ਲਾਇਸੈਂਸ ਦੇ ਹਥਿਆਰ ਜ਼ਬਤ ਕੀਤੇ ਗਏ ਹਨ।

Leave a Reply

Your email address will not be published. Required fields are marked *