ਸੈਲਾਨੀ ਕੇਂਦਰ ਵਜੋਂ ਅਣਗੌਲਿਆ ਇਤਿਹਾਸਕ ਕਸਬਾ ਖਡੂਰ ਸਾਹਿਬ

ਜਸਵੀਰ ਸਿੰਘ

ਖਡੂਰ ਸਾਹਿਬ ਇਤਿਹਾਸਕ ਕਸਬਾ ਹੈ। ਇਸ ਕਸਬੇ ਦੀ ਪੇਂਡੂ ਸਥਾਨਕਤਾ ਅਤੇ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਇਤਿਹਾਸਕ ਅਸਥਾਨਾਂ ਦੀ ਮੌਜੂਦਗੀ ਇਸ ਨੂੰ ਨਾਨਕ ਨਾਮ ਲੇਵਾ ਸੰਗਤ ਲਈ ਮੁਕੱਦਸ ਸਥਾਨ ਬਣਾਉਂਦੀ ਹੈ ਜਦਕਿ ਹੋਰਨਾਂ ਵਿਸ਼ਵਾਸਾਂ ਦੇ ਧਾਰਨੀ ਲੋਕਾਂ ਲਈ ਇਹ ਅਸਥਾਨ ਇਕ ਪ੍ਰਮੁੱਖ ਸੈਲਾਨੀ ਕੇਂਦਰ ਹੋਣ ਦੀ ਸਮਰੱਥਾ ਰੱਖਦਾ ਹੈ। ਖਡੂਰ ਸਾਹਿਬ ਕੋਲ ਇਕ ਸੈਲਾਨੀ ਕੇਂਦਰ ਵਜੋਂ ਵਿਕਸਤ ਹੋਣ ਲਈ ਮੁਢਲੇ ਰੂਪ ਵਿਚ ਉਹ ਸਾਰਾ ਕੁਝ ਮੌਜੂਦ ਹੈ ਜਿਸ ਨੂੰ ਵੇਖਣ ਦੀ ਸੈਰ ਸਪਾਟੇ ’ਤੇ ਨਿਕਲੇ ਕਿਸੇ ਅਜਨਬੀ ਵਿਅਕਤੀ ਨੂੰ ਤਾਂਘ ਹੁੰਦੀ ਹੈ। ਖਡੂਰ ਸਾਹਿਬ ਦਾ ਆਲਾ-ਦੁਆਲਾ ਪੇਂਡੂ ਰਹਿਤਲ ਨਾਲ ਘਿਰਿਆ ਹੋਇਆ ਹੈ। ਸੋਝੀਵਾਨ ਸੈਲਾਨੀਆਂ ਨੂੰ ਜਿੱਥੇ ਕਿਸੇ ਖਿੱਤੇ ਦੇ ਧਾਰਮਿਕ, ਇਤਿਹਾਸਕ ਸਥਾਨਾਂ, ਸਮਾਰਕਾਂ ਨੂੰ ਵੇਖਣ ਦੀ ਇੱਛਾ ਹੁੰਦੀ ਹੈ, ਉਥੇ ਉਹ ਸਥਾਨਕ ਸਭਿਆਚਾਰ, ਸਮਾਜ ਅਤੇ ਆਰਥਿਕਤਾ ਨਾਲ ਸਬੰਧਤ ਜਾਣਕਾਰੀ ਦੇ ਵੀ ਚਾਹਵਾਨ ਹੁੰਦੇ ਹਨ।

ਖਡੂਰ ਸਾਹਿਬ ਕੋਲ ਗੁਰੂ ਸਾਹਿਬਾਨ ਨਾਲ ਸਬੰਧਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ), ਗੁਰਦੁਆਰਾ ਮੱਲ ਅਖਾੜਾ ਸਾਹਿਬ, ਗੁਰਦੁਆਰਾ ਮਾਈ ਭਰਾਈ ਜੀ, ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਤਪਿਆਣਾ ਸਾਹਿਬ, ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਤਪ ਅਸਥਾਨ, ਇਤਿਹਾਸਕ ਬਾਰਾਂਦਰੀ, ਪਵਿੱਤਰ ਸਰੋਵਰ ਅਤੇ ਗੁਰਦੁਆਰਾ ਮਾਤਾ ਖੀਵੀ ਜੀ ਲੰਗਰ ਆਦਿ ਮੌਜੂਦ ਹਨ। ਇਸ ਤੋਂ ਇਲਾਵਾ ਨਿਰਮਲੇ ਸਾਧੂਆਂ ਨਾਲ ਸਬੰਧਤ ਅਸਥਾਨ, ਗੁਰਦੁਆਰਾ ਸਿੱਲ ਸਾਹਿਬ, ਨਿਸ਼ਾਨ-ਏ-ਸਿੱਖੀ ਅੱਠ ਮੰਜ਼ਿਲਾ ਟਾਵਰ ਅਤੇ ਇਸ ਨਾਲ ਸਬੰਧਤ ਵਿਦਿਅਕ ਸੰਸਥਾਵਾਂ ਅਤੇ ਕਾਰ ਸੇਵਾ ਖਡੂਰ ਸਾਹਿਬ ਦੀ ਵਾਤਾਵਰਨ ਦੇ ਖੇਤਰ ਵਿਚ ਸਰਗਰਮੀ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦੀ ਹੈ। ਪਰ ਅਫਸੋਸ ਵਾਲੀ ਗੱਲ ਇਹ ਕਿ ਇੰਨੇ ਮਹੱਤਵਪੂਰਨ ਇਤਿਹਾਸਕ ਕਸਬੇ ਅਤੇ ਸੰਭਾਵਤ ਸੈਲਾਨੀ ਕੇਂਦਰ ਨੂੰ ਵਿਕਸਤ ਕਰਨ ਲਈ ਸਰਕਾਰਾਂ ਕੋਲ ਕੋਈ ਯਥਾਰਥਕ ਨੀਤੀ ਨਹੀਂ। ਉਂਝ ਕਾਗਜ਼ਾਂ ’ਚ ਬੜਾ ਕੁਝ ਹੈ।

ਇਹ ਜੱਗ ਜ਼ਾਹਰ ਤੱਥ ਹੈ ਕਿ ਇਤਿਹਾਸਕ ਧਾਰਮਿਕ ਸਥਾਨਾਂ ’ਤੇ ਸੈਲਾਨੀਆਂ ਦੀ ਆਮਦ ਵਧਣ ਨਾਲ ਨਾ ਸਿਰਫ ਵੱਖ-ਵੱਖ ਰਾਜਾਂ/ਮੁਲਕਾਂ ਦੇ ਨਾਗਰਿਕਾਂ ਵਿਚਾਲੇ ਸਭਿਆਚਾਰਕ ਅਦਾਨ-ਪ੍ਰਦਾਨ ਹੁੰਦਾ ਹੈ, ਸਗੋਂ ਇਸ ਨਾਲ ਸਥਾਨਕ ਲੋਕਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਦਾ ਹੈ। ਦੁਨੀਆਂ ਦੇ ਵਿਕਸਤ ਅਤੇ ਆਪਣੀ ਇਤਿਹਾਸਕ/ਸਭਿਆਚਾਰਕ ਹੋਣੀ ਤੋਂ ਚੇਤਨ ਮੁਲਕ ਹਰ ਸਮੇਂ ਸੈਲਾਨੀਆਂ ਦੀ ਆਮਦ ਨੂੰ ਵਧਾਉਣ ਵਿੱਚ ਲੱਗੇ ਰਹਿੰਦੇ ਹਨ। ਇਥੋਂ ਤੱਕ ਕਿ ਅਤਿ ਵਿਕਸਤ ਮੁਲਕਾਂ ਦੇ ਇਮੀਗਰੇਸ਼ਨ ਵਿਭਾਗ ਵੀ ਹੋਰਨਾਂ ਮੁਲਕਾਂ ਦੇ ਰੱਜੇ-ਪੁੱਜੇ ਸੈਲਾਨੀਆਂ ਨੂੰ ਵੀਜ਼ੇ ਦੇਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਕਿਉਂਕਿ ਸਭਿਆਚਾਰਕ ਤਬਾਦਲੇ ਤੋਂ ਇਲਾਵਾ ਇਹ ਸਰਗਰਮੀ ਸੈਲਾਨੀਆਂ ਨੂੰ ਖਿੱਚਣ ਵਾਲੇ ਮੁਲਕ ਦੀ ਆਰਥਿਕਤਾ ਨੂੰ ਮਜ਼ਬੂਤੀ ਬਖਸ਼ਦੀ ਹੈ। ਇਥੇ ਇਹ ਧਿਆਨ ਦੇਣ ਯੋਗ ਤੱਥ ਹੈ ਕਿ ਸਰਕਾਰਾਂ ਸੈਲਾਨੀਆਂ ਦੀ ਇਸ ਆਵਾਜਾਈ ਨੂੰ ਘਟਾਉਣ ਜਾਂ ਵਧਾਉਣ ਵਿਚ ਕੇਂਦਰੀ ਭੂਮਿਕਾ ਅਦਾ ਕਰਦੀਆਂ ਹਨ। ਬੀਤੇ ਕੁਝ ਸਾਲਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਾਨੰਦਪੁਰ ਸਾਹਿਬ ਵੱਲ ਸ਼ਰਧਾਲੂਆਂ/ਸੈਲਾਨੀਆਂ ਦੀ ਆਮਦ ਕਾਫੀ ਵਧੀ ਹੈ। ਇਸ ਵਾਧੇ ਵਿਚ ਭਾਰਤੀ ਮੱਧ ਵਰਗ ਦੀ ਵਧੀ ਆਮਦਨ, ਆਵਾਜਾਈ ਦੇ ਸਾਧਨਾਂ ਦੀ ਬਹੁਤਾਤ ਅਤੇ ਪ੍ਰਮੁੱਖ ਸੜਕਾਂ ਦੀ ਸੁਧਰੀ ਹਾਲਤ ਨੇ ਆਪਣੀ ਭੂਮਿਕਾ ਨਿਭਾਈ ਹੈ। ਅਾਨੰਦਪੁਰ ਸਾਹਿਬ ਵਿਚ ਵਿਰਾਸਤ-ਏ-ਖਾਲਸਾ ਮਿਊਜ਼ੀਅਮ ਖੁੱਲ੍ਹਣ ਤੋਂ ਬਾਅਦ ਸ੍ਰੀ ਅਾਨੰਦਪੁਰ ਸਾਹਿਬ ਵੱਲ ਸੈਲਾਨੀਆਂ ਦਾ ਵੇਗ ਕਾਫੀ ਵਧਿਆ ਹੈ। ਅੰਮ੍ਰਿਤਸਰ ’ਚ ਭਾਰਤ-ਪਾਕਿ ਵੰਡ ਸਬੰਧੀ ਮਿਊਜ਼ੀਅਮ, ਫ਼ੌਜੀ ਸ਼ਹੀਦਾਂ ਸਬੰਧੀ ਮਿਊਜ਼ੀਅਮ, ਵਿਰਾਸਤੀ ਪਿੰਡ ਤੇ ਵਾਘਾ ਬਾਰਡਰ ਦੀ ਪਰੇਡ ਵੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਣ ਲੱਗੇ ਹਨ। ਇਸ ਮਾਮਲੇ ’ਚ ਪੰਜਾਬ ਸਰਕਾਰ ਦੀ ਇਹ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਨ ਦੀ ਸੰਭਾਵਨਾ ਰੱਖਣ ਵਾਲੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੀ ਨਿਸ਼ਾਨਦੇਹੀ ਕਰੇ ਅਤੇ ਇਨ੍ਹਾਂ ਵੱਲ ਆਉਣ-ਜਾਣ ਵਾਲੀਆਂ ਸੜਕਾਂ ਅਤੇ ਇਨ੍ਹਾਂ ਦੇ ਅੰਦਰਲੀ ਆਵਾਜਾਈ ਨੂੰ ਮੋਕਲੀ ਰੱਖੇ, ਵਿਕਸਤ ਕਰੇ ਤੇ ਇਨ੍ਹਾਂ ਦੀ ਮੁਰੰਮਤ ਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਕਰੇ। ਖਡੂਰ ਸਾਹਿਬ ਵਾਂਗ, ਜਿਥੇ ਪਹਿਲਾਂ ਹੀ ਮਲਟੀਮੀਡੀਆ ਮਿਊਜ਼ੀਅਮ ਮੌਜੂਦ ਹੈ, ਉਥੇ ਇਸ ਨੂੰ ਲਾਈਟ ਐਂਡ ਸਾਊਂਡ ਸਿਸਟਮ ਰਾਹੀਂ ਤੇ ਹੋਰ ਸਕਰੀਨਾਂ ਨਾਲ ਜੋੜ ਕੇ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਹ ਸਭ ਤਦ ਹੀ ਟਿਕਾਊ ਹੋ ਸਕਦਾ ਹੈ ਜੇ ਇਥੇ ਸੈਲਾਨੀਆਂ/ਸ਼ਰਧਾਲੂਆਂ ਦੀ ਆਮਦ ਵਧੇ।

ਅੱਜ ਸਰਕਾਰ ਦੀ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਪ੍ਰਮੁੱਖ, ਧਾਰਮਿਕ ਤੇ ਇਤਿਹਾਸਕ ਕੇਂਦਰਾਂ ਵੱਲ ਜਾਂਦੀਆਂ ਸੜਕਾਂ ਨੂੰ ਪਾਏਦਾਰ ਬਣਾਇਆ ਜਾਵੇ। ਇਸ ਦ੍ਰਿਸ਼ਟੀ ਤੋਂ ਖਡੂਰ ਸਾਹਿਬ ਨੂੰ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਨਾਲ ਜੋੜਨ ਵਾਲੀਆਂ ਸੜਕਾਂ ਦਾ ਹਾਲ ਵੇਖਣ ਵਾਲਾ ਹੈ। ਇੰਨੀਆਂ ਮਾੜੀਆਂ ਸੜਕਾਂ ਸੱਚੇ ਸ਼ਰਧਾਲੂਆਂ ਦੇ ਸਿਦਕ ਨੂੰ ਤਾਂ ਭਾਵੇਂ ਨਾ ਰੋਕ ਸਕਣ, ਪਰ ਇਤਿਹਾਸ, ਸਭਿਆਚਾਰ, ਲੋਕਾਂ ਦੇ ਰੋਜ਼ਮਰ੍ਹਾ ਦੇ ਜੀਵਨ ਤੇ ਕੁਦਰਤੀ ਚੌਗਿਰਦੇ ਨੂੰ ਜਾਨਣ/ਮਾਨਣ ਦੇ ਚਾਹਵਾਨ ਸੈਲਾਨੀ ਅਜਿਹੀਆਂ ਸੜਕਾਂ ਨੂੰ ਦੂਰੋਂ ਹੀ ਸਲਾਮ ਕਹਿ ਜਾਂਦੇ ਹਨ। ਤਰਨ ਤਾਰਨ ਤੋਂ ਖਡੂਰ ਸਾਹਿਬ, ਖਿਲਚੀਆਂ ਤੋਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ, ਵੈਰੋਵਾਲ ਤੋਂ ਖਡੂਰ ਸਾਹਿਬ, ਜੰਡਿਆਲਾ ਤੋਂ ਖਡੂਰ ਸਾਹਿਬ, ਰਈਆ ਤੋਂ ਖਡੂਰ ਸਾਹਿਬ ਅਤੇ ਤਰਨ ਤਾਰਨ ਤੋਂ ਖਡੂਰ ਸਾਹਿਬ ਰੋਡ (ਵਾਇਆ ਵੇਈਂਪੂੰਈਂ) ਸੜਕਾਂ ਦੇ ਕਿਨਾਰਿਆਂ ’ਤੇ ਬਾਬਾ ਸੇਵਾ ਸਿੰਘ ਦੀ ਅਗਵਾਈ ਵਿਚ ਕਾਰ ਸੇਵਾ ਖਡੂਰ ਸਾਹਿਬ ਨੇ ਦਰੱਖ਼ਤ ਲਗਾਏ ਹੋਏ ਹਨ। ਦੂਰ ਤੱਕ ਵੇਖਿਆਂ ਇਹ ਬੜੇ ਸੋਹਣੇ ਦ੍ਰਿਸ਼ ਪੈਦਾ ਕਰਦੇ ਹਨ ਪਰ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਕਿਸੇ ਵੀ ਸਰੋਤ ਤੋਂ ਫੰਡ ਪੈਦਾ ਕਰੇ ਤੇ ਖਡੂਰ ਸਾਹਿਬ ਨੂੰ ਜੁੜਦੀਆਂ ਇਨ੍ਹਾਂ ਸਾਰੀਆਂ ਸੜਕਾਂ ਨੂੰ ਪਾਏਦਾਰ ਬਣਾਏ। ਕੁਝ ਹੀ ਸਾਲਾਂ ਵਿਚ ਤੁਸੀਂ ਵੇਖੋਗੇ ਕਿ ਇਸ ਪਾਸੇ ਵੱਲ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਕਾਫੀ ਵਧੇਗੀ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੀ ਆਮਦਨ ਵਿਚ ਵੀ ਸੁਧਾਰ ਵੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *