ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ‘ਖਾੜਕੂ’ ਹਲਾਕ

ਸ੍ਰੀਨਗਰ: ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਘੁਸਪੈਠ ਕਰਨ ਵਾਲੇ ਲਸ਼ਕਰ-ਏ-ਤੋਇਬਾ ਦੇ ਤਿੰਨ ‘ਖਾੜਕੂਆਂ’ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਜ਼ਿਲ੍ਹੇ ਵਿੱਚ ਅੱਜ ਖਾੜਕੂਆਂ ਦਾ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋਇਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਦੇ ਅਰਗਾਮ ਖੇਤਰ ਦੇ ਬਰਾੜ ਵਿੱਚ ਖਾੜਕੂਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਜਿਸ ਤੋਂ ਬਾਅਦ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਲੁਕੇ ਹੋਏ ਖਾੜਕੂਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਤਿੰਨ ਖਾੜਕੂ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੈ ਕੁਮਾਰ ਨੇ ਕਿਹਾ ਸੀ ਕਿ ਬਾਂਦੀਪੋਰਾ ਵਿਚ ਲੁਕੇ ਹੋਏ ਖਾੜਕੂ ਪਾਕਿਸਤਾਨੀ ਹਨ ਅਤੇ ਲਸ਼ਕਰ ਨਾਲ ਸਬੰਧਤ ਹਨ। ਉਨ੍ਹਾਂ ਨੇ ਹਾਲ ਹੀ ’ਚ ਜੰਮੂ-ਕਸ਼ਮੀਰ ਵਿਚ ਘੁਸਪੈਠ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਾਲਿੰਦਰ ਜੰਗਲੀ ਖੇਤਰ ਵਿੱਚ ਹੋਏ ਮੁਕਾਬਲੇ ਦੌਰਾਨ ਉਹ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਇਸ ਸਬੰਧੀ ਜਾਣਕਾਰੀ ਆਈਜੀਪੀ ਨੇ ਟਵੀਟ ਕਰਦਿਆਂ ਦਿੱਤੀ।

Leave a Reply

Your email address will not be published. Required fields are marked *