ਅਖੇ ਜੀ ਪੰਜਾਬ ਦੇ ਹਾਲਾਤ ਨਾ ਵਿਗੜ ਜਾਣ

ਜਲੰਧਰ : ਭਾਜਪਾ ਦੇ ਬੁਲਾਰੇ ਆਰ. ਪੀ. ਸਿੰਘ ਨੇ ਜੂਨ ਮਹੀਨੇ ਆ ਰਹੇ ਘੱਲੂਘਾਰੇ ਦਿਵਸ ਦੇ ਸਬੰਧ ‘ਚ ਸੂਬਾ ਸਰਕਾਰ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ”ਭਗਵੰਤ ਮਾਨ ਜੀ 5 ਜੂਨ ਆਉਣ ‘ਚ 15 ਦਿਨ ਬਚੇ ਹਨ।” ਇਸ ਬਾਰੇ ਜਦ ਉਨ੍ਹਾਂ ਕੋਲੋਂ ਤਫਸੀਲ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੀ ਸਥਿਤੀ ਬੇਹੱਦ ਖਰਾਬ ਚੱਲ ਰਹੀ ਹੈ, ਕੁਝ ਖਾਲਿਸਤਾਨੀ ਤਾਕਤਾਂ ਜਾਣਬੁੱਝ ਕੇ ਹਾਲਾਤ ਖਰਾਬ ਕਰ ਰਹੀਆਂ ਨੇ। ਲਗਾਤਾਰ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਮੁੱਖ ਮੰਤਰੀ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਘਟਨਾ ਨੂੰ ਵਾਪਰਨ ਨਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਘਟਨਾ ਬੀਤਣ ਤੋਂ ਬਾਅਦ ਕੰਟਰੋਲ ਕਰਨ ਲਈ ਅੱਖਾਂ ਖੋਲ੍ਹਦੀ ਹੈ।

ਉਨ੍ਹਾਂ ਲੰਘੇ ਸਮੇਂ ਮੋਹਾਲੀ ਦੇ ਇੰਟੈਲੀਜੈਂਸੀ ਦਫਤਰ ‘ਤੇ ਹੋਏ ਹਮਲੇ ਅਤੇ ਪਟਿਆਲਾ ਘਟਨਾ ਦਾ ਹਵਾਲਾ ਦਿੰਦਿਆਂ ਸੂਬਾ ਸਰਕਾਰ ਦੀ ਕਾਬਲੀਅਤ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਨੂੰ ਸੁਚੇਤ ਕੀਤਾ ਕਿ ਹੁਣ ਘੱਲੂਘਾਰਾ ਦਿਵਸ ਆ ਰਿਹਾ ਹੈ, ਇਸ ਲਈ ਤੁਸੀਂ ਪਹਿਲਾਂ ਹੀ ਤਿਆਰੀ ਕਰ ਸਕਦੇ ਹੋ। ਕਿਤੇ ਅਜਿਹਾ ਨਾ ਹੋਵੇ ਕਿ ਇਸ ਦਿਨ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਤੁਸੀਂ ਫਿਰ ਲੋਕਾਂ ਸਾਹਮਣੇ ਹੱਥ ਝਾੜਦੇ ਹੋਏ ਨਜ਼ਰ ਆਉ। ਆਰ. ਪੀ. ਸਿੰਘ ਨੇ ਮਾਨ ਨੂੰ ਸਲਾਹ ਦਿੱਤੀ ਕਿ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਬਕਾਇਦਾ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਸੁਰੱਖਿਆ ਦੇ ਪ੍ਰਬੰਧ ਕਰਕੇ ਕਿਸੇ ਗਲਤ ਅਨਸਰ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ, ਜੋ ਸਥਿਤੀ ਨੂੰ ਖਰਾਬ ਕਰੇ। ਪੰਜਾਬ ਸਰਕਾਰ ਵੱਲੋਂ ਕੇਂਦਰ ਪਾਸੋਂ ਮੰਗੀਆਂ ਗਈਆਂ ਸੁਰੱਖਿਆ ਏਜੰਸੀਆਂ ‘ਤੇ ਉਨ੍ਹਾਂ ਜਵਾਬ ਦਿੱਤਾ ਕਿ ਕੇਂਦਰ ਫੋਰਸ ਦੇ ਸਕਦੀ ਹੈ ਪਰ ਲਾਅ ਐਂਡ ਆਰਡਰ ਨੂੰ ਸੂਬੇ ਦੀ ਸਰਕਾਰ ਨੇ ਹੀ ਕੰਟਰੋਲ ਕਰਨਾ ਹੁੰਦਾ ਹੈ।

Leave a Reply

Your email address will not be published. Required fields are marked *