ਜੇਲ੍ਹ ਵਿੱਚ ਪਹਿਲੀ ਰਾਤ ਬੇਚੈਨ ਰਿਹਾ ਸਿੱਧੂ

ਪਟਿਆਲਾ: ਸਾਢੇ ਤਿੰਨ ਦਹਾਕੇ ਪੁਰਾਣੇ ਰੋਡਰੇਜ ਦੇ ਮਾਮਲੇ ਵਿੱਚ ਜੇਲ੍ਹ ਗਏ ਕਾਂਗਰਸੀ ਆਗੂ ਨਵਜੋਤ ਸਿੰਘ ਦੀ ਪਹਿਲੀ ਰਾਤ ਬੇਚੈਨੀ ’ਚ ਗੁਜ਼ਰੀ। ਉਹ ਸਾਰੀ ਰਾਤ ਚੰਗੀ ਤਰ੍ਹਾਂ ਸੌਂ ਨਾ ਸਕਿਆ। ਪਹਿਲਾ ਦਿਨ ਉਸ ਨੇ ਆਪਣੇ ਨਾਲ ਲਿਆਂਦੇ ਸਲਾਦ ਅਤੇ ਫ਼ਲ ਖਾ ਕੇ ਲੰਘਾਇਆ ਪਰ ਅੱਜ ਸਵੇਰੇ ਉਸ ਨੇ ਜੇਲ੍ਹ ਦਾ ਅੰਨ-ਪਾਣੀ ਛਕਿਆ ਹੈ। ਹਾਲਾਂਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ ਪਰ ਇਸ ਦੇ ਬਾਵਜੂਦ ਉਸ ਨੇ ਜੇਲ੍ਹ ਦਾ ਖਾਣਾ ਖਾਧਾ। ਅੱਜ ਸਿੱਧੂ ਨੇ ਜੇਲ੍ਹ ਵਿੱਚ ਚਾਰ ਘੰਟੇ ਸਮਾਧੀ ਵੀ ਲਾਈ।
ਪੰਜਾਬ ਦੀਆਂ ਜੇਲ੍ਹਾਂ ’ਚ ਫ਼ਿਲਮਾਂ ਵਾਂਗ ਕੈਦੀਆਂ ਨੂੰ ਵਿਸ਼ੇਸ਼ ਤੌਰ ’ਤੇ ਕੋਈ ਨੰਬਰ ਅਲਾਟ ਨਹੀਂ ਹੁੰਦਾ। ਉਂਜ ਜੇਲ੍ਹ ’ਚ ਬੰਦ ਕੀਤੇ ਜਾਣ ਵਾਲੇ ਹਰ ਹਵਾਲਾਤੀ ਅਤੇ ਕੈਦੀ ਦਾ ਨਾਮ ਤੇ ਪਤਾ ਰਜਿਸਟਰ ’ਚ ਜ਼ਰੂਰ ਦਰਜ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਵਜੋਤ ਸਿੱਧੂ ਦਾ ਨਾਮ 2150/576 ਸੀਟੀ ਦੇ ਤਹਿਤ ਦਰਜ ਕੀਤਾ ਗਿਆ ਹੈ। ਅੱਜ ਨਿਯਮਾਂ ਤਹਿਤ ਜੇਲ੍ਹ ਹਸਪਤਾਲ ਦੇ ਡਾਕਟਰਾਂ ਨੇ ਸਿੱਧੂ ਦਾ ਮੈਡੀਕਲ ਵੀ ਕੀਤਾ।
ਸਿੱਧੂ ਦੇ ਵਾਰਡ ’ਚ ਚਾਰ ਹੋਰ ਕੈਦੀ ਹਨ। ਇਨ੍ਹਾਂ ’ਚੋਂ ਦੋ ਜਣੇ ਤਾਂ ਸਿੱਧੂ ਦੇ ਕਿਸੇ ਨਜ਼ਦੀਕੀ ਦੇ ਚੰਗੇ ਜਾਣਕਾਰ ਹਨ। ਕੈਦੀਆਂ ਲਈ ਹਫਤੇ ’ਚ ਸਿਰਫ਼ ਇੱਕ ਦਿਨ (ਮੰਗਲਵਾਰ ਤੇ ਸ਼ੁੱਕਰਵਾਰ) ਅਤੇ ਹਵਾਲਾਤੀਆਂ ਨੂੰ ਬਾਕੀ ਚਾਰ ਦਿਨਾਂ ’ਚ ਦੋ ਮੁਲਾਕਾਤਾਂ ਦੀ ਵਿਵਸਥਾ ਹੈ। ਐਤਵਾਰ ਨੂੰ ਕਿਸੇ ਦੀ ਵੀ ਮੁਲਾਕਾਤ ਨਹੀਂ ਹੋ ਸਕਦੀ। ਅਕਾਲੀ ਆਗੂ ਬਿਕਰਮ ਮਜੀਠੀਆ ਵੀ ਇਸੇ ਹੀ ਜੇਲ੍ਹ ’ਚ ਹਨ। ਸਿੱਧੂ ਨੂੰ ਲਾਇਬਰੇਰੀ ਹਾਤੇ ਵਜੋਂ ਜਾਣੀ ਜਾਂਦੇ 10 ਨੰਬਰ ਵਾਰਡ ’ਚ ਰੱੱਖਿਆ ਗਿਆ ਹੈ। ਇੱਥੇ ਏਸੀ ਜਾਂ ਕੂਲਰ ਨਹੀਂ, ਸਿਰਫ਼ ਪੱਖਾ ਹੀ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਮੁਤਾਬਕ ਨਵਜੋਤ ਸਿੱਧੂ ਨੂੰ ਜੇਲ੍ਹ ਵਿਚਲੀ ਹੀ ਫੈਕਟਰੀ ’ਚ ਹੀ ਬਣਿਆ ਤਖਤਪੋਸ਼ ਅਤੇ ਗੱਦਾ ਦਿੱਤਾ ਗਿਆ ਹੈ। ਟੀਵੀ ਦੀ ਸੁਵਿਧਾ ਵੀ ਹੈ, ਜਿਸ ’ਤੇ ਕੇਬਲ ਨੈੱਟਵਰਕ ਚੱਲਦਾ ਹੈ। ਇਸ ਦਾ ਕੰਟਰੋਲ ਡਿਓਢੀ ’ਚ ਹੈ ਤੇ ਉਥੋਂ ਰਾਤੀ 11 ਵਜੇ ਸਮੁੱਚੀ ਜੇਲ੍ਹ ਵਿਚਲਾ ਕੇਬਲ ਨੈੱਟਵਰਕ ਬੰਦ ਕਰ ਦਿੱਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਜੇਲ੍ਹ ਵਿੱਚ ਕੈਦੀਆਂ ਤੋਂ ਕੰਮ ਲਿਆ ਜਾਂਦਾ ਹੈ। ਇਸ ਜੇਲ੍ਹ ਵਿੱਚ ਸਥਿਤ ਫੈਕਟਰੀ ਵਿੱਚ ਵੀ ਕੈਦੀ ਕੰਮ ਕਰਦੇ ਹਨ, ਜਿਥੇ ਫਰਨੀਚਰ, ਦਰੀਆਂ, ਫੁਲਕਾਰੀਆਂ ਤੇ ਹੋਰ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਸਿੱਧੂ ਨੂੰ ਹਾਲੇ ਕਿਸੇ ਕੰਮ ’ਤੇ ਨਹੀਂ ਲਾਇਆ ਗਿਆ।
ਅਦਾਲਤ ਨੇ ਜੇਲ੍ਹ ’ਚ ਸਿੱਧੂ ਦੀ ਖੁਰਾਕ ਬਾਰੇ ਰਿਪੋਰਟ ਮੰਗੀ
ਜੇਲ੍ਹ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਪਣੇ ਵਕੀਲ ਐੱਚ.ਪੀ.ਐੱਸ ਵਰਮਾ ਰਾਹੀਂ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਕਣਕ ਤੋਂ ਅਲਰਜੀ ਹੋਣ ਸਮੇਤ ਡਾਈਟ ਸਬੰਧੀ ਕੁਝ ਹੋਰ ਮੱਦਾਂ ਵੀ ਦਰਜ ਕੀਤੀਆਂ ਗਈਆਂ ਸਨ। ਇਸ ਅਰਜ਼ੀ ’ਤੇ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸਿਹਤ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦਾ ਇੱਕ ਬੋਰਡ ਕਾਇਮ ਕਰਨ ਲਈ ਆਖਿਆ ਹੈ। ਇਸ ਬੋਰਡ ਨੂੰ ਸਿੱਧੂ ਦੀ ਖੁਰਾਕ ਸਬੰਧੀ ਆਪਣੀ ਰਾਇ ’ਤੇ ਆਧਾਰਿਤ ਰਿਪੋਰਟ 23 ਮਈ ਨੂੰ ਅਦਾਲਤ ’ਚ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।