ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਸਿਰਸਾ ਵੱਲੋਂ ਅਧੀਰ ਰੰਜਨ ਖ਼ਿਲਾਫ਼ ਸ਼ਿਕਾਇਤ

ਨਵੀਂ ਦਿੱਲੀ/ਕੋਲਕਾਤਾ : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਰਾਜੀਵ ਗਾਂਧੀ ਦੀ ਬਰਸੀ ਮੌਕੇ ਸਿੱਖਾਂ ਖ਼ਿਲਾਫ਼ ਨਫ਼ਰਤ ਤੇ ਭੜਕਾਊ ਟਵੀਟ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਸਿਰਸਾ ਨੇ ਕਿਹਾ ਕਿ ਅੱਜ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਇੰਦਰਾ ਗਾਂਧੀ ਦੀ ਮੌਤ ’ਤੇ ਰਾਜੀਵ ਗਾਂਧੀ ਦਾ ਸੰਵਾਦ ਦੁਹਰਾਇਆ ਕਿ ਜਦੋਂ ਇਕ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। ਸਿਰਸਾ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਇਸ ਟਿੱਪਣੀ ਕਾਰਨ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ।

ਇਸੇ ਦੌਰਾਨ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਟਵਿੱਟਰ ’ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਸਵੀਰ ਨਾਲ ਇਹ ਗੱਲ ਲਿਖੀ ਸੀ ਕਿ ‘ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਜ਼ਮੀਨ ਹਿੱਲਦੀ ਹੈ।’ ਸ੍ਰੀ ਚੌਧਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਅਕਾਊਂਟ ਹੈਕ ਕੀਤਾ ਗਿਆ ਹੈ ਕਿਉਂਕਿ ਜਦੋਂ ਇਹ ਪੋਸਟ ਸੋਸ਼ਲ ਮੀਡੀਆ ’ਤੇ ਪਾਈ ਗਈ ਤਾਂ ਉਸ ਸਮੇਂ ਉਹ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚਲੇ ਪਾਰਟੀ ਦਫ਼ਤਰ ’ਚ ਭਾਸ਼ਣ ਦੇ ਰਹੇ ਸਨ। ਅੱਜ ਸਵੇਰੇ ਵਿਵਾਦ ਭਖਣ ਮਗਰੋਂ ਇਹ ਟਵੀਟ ਹਟਾ ਦਿੱਤਾ ਗਿਆ ਹੈ। ਉਨ੍ਹਾਂ ਇਸ ਵਿਵਾਦਤ ਟਵੀਟ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।

Leave a Reply

Your email address will not be published. Required fields are marked *