ਮੀਂਹ ਤੋਂ ਬਾਅਦ ਪੈ ਰਹੀ ਸੰਘਣੀ ਧੁੰਦ ਨੇ ਠੁਰ-ਠੁਰ ਕਰਨੇ ਲਾਏ ਲੋਕ

ਚੰਡੀਗੜ੍ਹ: ਪੰਜਾਬ ਭਰ ‘ਚ ਦੋ ਦਿਨ ਪਏ ਭਾਰੀ ਮੀਂਹ ਕਾਰਨ ਜਿਥੇ ਠੰਡ ’ਚ ਕਾਫੀ ਵਾਧਾ ਹੋਇਆ ਹੈ, ਉਥੇ ਹੀ ਪੈ ਰਹੀ ਸੰਘਣੀ ਧੁੰਦ ਨੇ ਵੀ ਜਨ ਜੀਵਨ ’ਤੇ ਕਾਫੀ ਅਸਰ ਪਾਇਆ ਹੈ। ਇਸ ਦੌਰਾਨ ਜੇਕਰ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਅੱਜ ਪੂਰਾ ਸ਼ਹਿਰ ਧੁੰਦ ਦੀ ਚਿੱਟੀ ਚਾਦਰ ‘ਚ ਲਿਪਟਿਆ ਹੋਇਆ ਦਿਖਾਈ ਦਿੱਤਾ, ਜਿਸ ਕਾਰਨ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਗਿਆ। ਪੈ ਰਹੀ ਸੰਘਣੀ ਧੁੰਦ ਕਾਰਨ  ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ ’ਤੇ ਤੁਰਨਾ ਮੁਸ਼ਕਲ ਹੋ ਗਿਆ ਹੈ ਅਤੇ ਆਵਾਜਾਈ ਘੱਟ ਗਈ। ਧੁੰਦ ਦੇ ਨਾਲ-ਨਾਲ ਕੋਰਾ ਅਤੇ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।

ਸਵੇਰ ਦੇ ਸਮੇਂ ਪੈ ਰਹੀ ਧੁੰਦ ਕਾਰਨ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਸਫਰ ਤੈਅ ਕਰਨਾ ਪੈ ਰਿਹਾ ਹੈ। ਠੰਢ ਤੋਂ ਰਾਹਤ ਪਾਉਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਦੂਜੇ ਪਾਸੇ ਧੁੰਦ ਕਾਰਨ ਰੇਲ ਗੱਡੀਆਂ ਦੀ ਰਫਤਾਰ ਵੀ ਹੋਲੀ ਹੋ ਗਈ ਹੈ। ਮੌਸਮ ਦੇ ਬਦਲ ਰਹੇ ਮਜ਼ਾਜ ਨੂੰ ਦੇਖਦੇ ਹੋਏ ਲੋਕਾਂ ਨੇ ਮੰਗ ਕੀਤੀ ਹੈ ਕਿ ਸੰਘਣੀ ਧੁੰਦ ਕਾਰਨ ਹਾਦਸਿਆਂ ਦਾ ਖਤਰਾ ਕਾਫੀ ਵੱਧ ਗਿਆ ਹੈ, ਜਿਸ ਨੂੰ ਦੇਖਦੇ ਸਕੂਲਾਂ ‘ਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਠੰਡ ਦਾ ਹੋਰ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।