‘ਆਪ’ ਨੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅਰੂਸਾ ਦੀ ਮੌਜੂਦਗੀ ’ਤੇ ਸਵਾਲ ਚੁੱਕੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਰਹਿ ਰਹੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੀ ਮੌਜੂਦਗੀ ’ਤੇ ਸਵਾਲ ਖੜ੍ਹੇ ਕੀਤੇ ਹਨ।

ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਚੀਮਾ ਨੇ ਕਿਹਾ ਕਿ ਕੋਈ ਵੀ ਪਾਕਿਸਤਾਨੀ ਨਾਗਰਿਕ ਸੀਮਤ ਸਮੇਂ ਤੋਂ ਬਾਅਦ ਭਾਰਤ ਵਿਚ ਨਹੀਂ ਰਹਿ ਸਕਦਾ ਤੇ ਜੇ ਕੋਈ ਜ਼ਿਆਦਾ ਦਿਨ ਠਹਿਰਦਾ ਵੀ ਹੈ ਤਾਂ ਉਸ ਨੂੰ ਲੰਮੀ ਕਾਨੂੰਨੀ ਪ੍ਰਕਿਰਿਆ ’ਚੋਂ ਨਿਕਲਣਾ ਪੈਂਦਾ ਹੈ ਪਰ ਮੁੱਖ ਮੰਤਰੀ ਦੀ ਇਸ ਮਹਿਲਾ ਦੋਸਤ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਰ.ਐੱਸ.ਐੱਸ. ਅਤੇ ਭਾਜਪਾ ਦੀ ਬੋਲੀ ਬੋਲਦੇ ਹਨ। ਇਸ ਕਰਕੇ ਕੇਂਦਰ ਸਰਕਾਰ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਨੂੰ ਰਾਹਤ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਨੂੰ ਅਰੂਸਾ ਦੇ ਮਾਮਲੇ ’ਤੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਆਗੂ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਲੀਹ ਤੋਂ ਲਹਿਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸਰਕਾਰ ਵਿਰੁੱਧ ਅੰਦੋਲਨ ਛੇੜਿਆ ਜਾਵੇਗਾ।

ਇਸੇ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੇ ਸਟੇਟ ਲੀਗਲ ਵਿੰਗ ’ਚ ਵੱਡਾ ਫੇਰਬਦਲ ਕਰਦਿਆਂ ਗਿਆਨ ਸਿੰਘ ਮੂੰਗੋ ਨੂੰ ਲੀਗਲ ਵਿੰਗ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀ ਡਿਊਟੀ ਖ਼ਤਮ ਹੁੰਦਿਆਂ ਹੀ ਉਹ ਇਕ ਮਹੀਨੇ ਦੇ ਅੰਦਰ-ਅੰਦਰ ‘ਆਮ ਆਦਮੀ ਲੀਗਲ ਹੈਲਪ ਡੈਸਕ’ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੀ ਮੌਜੂਦ ਸਨ।

‘ਆਪ’ ਨੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਅੱਗੇ ਪਾਇਆ
ਆਮ ਆਦਮੀ ਪਾਰਟੀ (ਆਪ) ਨੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ 7 ਜਨਵਰੀ ਨੂੰ ਕੀਤਾ ਜਾਣ ਵਾਲਾ ਘਿਰਾਓ ਖ਼ਰਾਬ ਮੌਸਮ ਕਾਰਨ ਅੱਗੇ ਪਾ ਦਿੱਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲਦੀ ਪਾਰਟੀ ਲੀਡਰਸ਼ਿਪ ਵੱਲੋਂ ਘਿਰਾਓ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *