ਉਮਰਾਨੰਗਲ ਦੀ ਪੇਸ਼ੀ ਦੀਆਂ ਸੀਸੀਟੀਵੀ ਫੁਟੇਜ ਜਾਂਚ ਟੀਮ ਨੂੰ ਸੌਂਪਣ ਦੇ ਹੁਕਮ

ਫ਼ਰੀਦਕੋਟ : ਸਥਾਨਕ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਅੱਜ ਆਪਣੇ ਹੁਕਮ ਵਿੱਚ ਅਦਾਲਤ ਦੇ ਪ੍ਰਬੰਧਕੀ ਕੰਪਲੈਕਸ ਦੇ ਇੰਚਾਰਜ ਨੂੰ ਆਦੇਸ਼ ਦਿੱਤੇ ਹਨ ਕਿ ਇਸ ਸਾਲ 19 ਫ਼ਰਵਰੀ ਦੀਆਂ ਸੀਸੀਟੀਵੀ ਫੁਟੇਜ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੀਆਂ ਜਾਣ। ਵਿਸ਼ੇਸ਼ ਜਾਂਚ ਟੀਮ ਨੇ ਇੱਕ ਦਿਨ ਪਹਿਲਾਂ ਅਦਾਲਤ ਵਿੱਚ ਅਰਜ਼ੀ ਦੇ ਕੇ ਕਿਹਾ ਸੀ ਕਿ 19 ਫ਼ਰਵਰੀ ਨੂੰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸੈਸ਼ਨ ਕੋਰਟ ਵਿੱਚ ਪੇਸ਼ ਹੋਏ ਸਨ ਅਤੇ ਉਦੋਂ ਉਨ੍ਹਾਂ ਨਾਲ ਕਈ ਅਣਪਛਾਤੇ ਵਿਅਕਤੀ ਆਏ ਸਨ, ਜਿਨ੍ਹਾਂ ਨੇ ਕਥਿਤ  ਤੌਰ ’ਤੇ ਗਵਾਹਾਂ ਅਤੇ ਜਾਂਚ ਏਜੰਸੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਾਂਚ ਟੀਮ ਨੇ ਆਪਣੀ ਦਰਖ਼ਾਸਤ ਦਾ ਉਹ ਹਿੱਸਾ ਵਾਪਸ ਲੈ ਲਿਆ, ਜਿਸ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਸੀ ਕਿ ਗਵਾਹਾਂ ਤੇ ਜਾਂਚ ਏਜੰਸੀ ਨੂੰ ਦਬਾਉਣ ਵਾਲਿਆਂ ਖ਼ਿਲਾਫ਼ ਅਦਾਲਤ ਖ਼ੁਦ ਨੋਟਿਸ ਲੈ ਕੇ ਕਾਨੂੰਨੀ ਕਾਰਵਾਈ ਕਰੇ। 

ਇਸੇ ਦੌਰਾਨ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਮੁਕੰਮਲ ਨਹੀਂ ਹੋ ਸਕੀ। ਇਸ ਮਾਮਲੇ ਵਿੱਚ ਹਾਈ ਕੋਰਟ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਸੁਣਵਾਈ ਕਰ ਰਹੀ ਹੈ। ਹਾਈ ਕੋਰਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ 25 ਫਰਵਰੀ ਤਕ ਮੁਲਤਵੀ ਕਰ ਦਿੱਤੀ ਹੈ। 

Leave a Reply

Your email address will not be published. Required fields are marked *