ਕਪਤਾਨ ਦੀ ਲੀਡਰਸ਼ਿਪ ’ਤੇ ਪਰਗਟ ਸਿੰਘ ਨੇ ਚੁੱਕੀ ਉਂਗਲ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ’ਤੇ ਵਿਧਾਇਕ ਪਰਗਟ ਸਿੰਘ ਸਿੱਧੂ ਵੱਲੋਂ ਸੁਆਲ ਚੁੱਕੇ ਜਾਣ ਮਗਰੋਂ ਕਾਂਗਰਸ ਸਰਕਾਰ ’ਚ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਅਜੀਬ ਮੌਕਾ ਮੇਲ ਹੈ ਕਿ ਪਰਗਟ ਸਿੰਘ ਨੇ ਠੀਕ ਉਸ ਵਕਤ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਧਰੀ ਹੈ ਜਦੋਂ ਪੰਜਾਬ ਵਜ਼ਾਰਤ ’ਚ ਨਵਜੋਤ ਸਿੱਧੂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਅਖੀਰਲੇ ਦੌਰ ’ਚ ਹੈ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਚੰਡੀਗੜ੍ਹ ਵਿੱਚ ਮੌਜੂਦਗੀ ਹੈ। ਠੀਕ ਇੱਕ ਵਰ੍ਹਾ ਪਹਿਲਾਂ ਵੀ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਾਰਗੁਜ਼ਾਰੀ ’ਤੇ ਉਂਗਲ ਉਠਾਈ ਸੀ।
ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅੱਜ ਦੇ ਸਮਾਜਿਕ ਸਮਾਗਮਾਂ ’ਚ ਵੀ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਨਜ਼ਰ ਨਹੀਂ ਆਏ ਹਨ। ਚੇਤੇ ਰਹੇ ਕਿ ਪਰਗਟ ਸਿੰਘ ਦੀ ਨਵਜੋਤ ਸਿੱਧੂ ਨਾਲ ਬਹੁਤ ਨੇੜਤਾ ਹੈ। ਦੇਖਿਆ ਜਾਵੇ ਤਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ‘ਕੈਪਟਨ ਫਾਰ 2022’ ਮੁਹਿੰਮ ਸ਼ੁਰੂ ਕਰਨ ਮਗਰੋਂ ਨਵੀਂ ਹਿਲਜੁਲ ਸ਼ੁਰੂ ਹੋਈ ਹੈ। ਵਿਧਾਇਕ ਪਰਗਟ ਸਿੰਘ ਨੇ ਅੱਜ ਇੱਕ ਇੰਟਰਵਿਊ ਦੌਰਾਨ ਆਖਿਆ ਕਿ ਸਾਲ 2022 ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਹਾਈ ਕਮਾਨ ਕਰੇਗੀ। ਉਨ੍ਹਾਂ ਕਿਹਾ ਕਿ ਜਾਖੜ ਦੀ ਨਿੱਜੀ ਰਾਇ ਹੋ ਸਕਦੀ ਹੈ ਪ੍ਰੰਤੂ ਚਿਹਰੇ ਦਾ ਫੈਸਲਾ ਹਾਈ ਕਮਾਨ ਦੇ ਹੱਥ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਲੀਡਰਸ਼ਿਪ ਤੋਂ ਭਰੋਸਾ ਉੱਠਿਆ ਹੈ ਅਤੇ ਮਾਫੀਆ ਰਾਜ ਦੇ ਖਾਤਮੇ ਲਈ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਚਾਰ ਵਰ੍ਹਿਆਂ ਦੀ ਕਾਰਗੁਜਾਰੀ ਓਨੀ ਵਧੀਆ ਨਹੀਂ ਰਹੀ, ਜਿੰਨੀ ਅਮਰਿੰਦਰ ਦੀ ਸਮਰੱਥਾ ਹੈ। ਚਰਚੇ ਚੱਲੇ ਹਨ ਕਿ ਕਿਸਾਨ ਅੰਦੋਲਨ ਦੌਰਾਨ ਹੀ ਸਿਆਸੀ ਲੋਕਾਂ ਵੱਲੋਂ ਨਵੀਂ ਜੰਗ ਛੇੜ ਲਈ ਗਈ ਹੈ। ਬੇਸ਼ੱਕ ਸਰਕਾਰ ਦੀ ਕਾਰਗੁਜ਼ਾਰੀ ਕਿਸੇ ਤੋਂ ਛੁਪੀ ਨਹੀਂ ਹੈ ਪ੍ਰੰਤੂ ਪਰਗਟ ਸਿੰਘ ਦੇ ਬਿਆਨਾਂ ਨੇ ਬਲਦੀ ’ਤੇ ਤੇਲ ਪਾ ਦਿੱਤਾ ਹੈ। ਦੂਸਰੀ ਤਰਫ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਮੁੱਚੀ ਕਿਸਾਨੀ ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡੀ ਜੰਗ ਲੜ ਰਹੀ ਹੈ ਅਤੇ ਇਹ ਮੌਕਾ ਸਿਆਸੀ ਗੱਲਾਂ ਕਰਨ ਲਈ ਢੁਕਵਾਂ ਨਹੀਂ ਹੈ। ਮੌਕਾ ਛੋਟੀਆਂ ਗੱਲਾਂ ਨੂੰ ਛੱਡ ਕੇ ਵਡੇਰੇ ਹਿੱਤਾਂ ਲਈ ਲੜਨ ਦਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ’ਚ ਸਭਨਾਂ ਨੂੰ ਇੱਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਅਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਦਾ ਫਾਇਦਾ ਵਿਰੋਧੀਆਂ ਨੂੰ ਮਿਲਦਾ ਹੋਵੇ। ਕਿਸਾਨ ਤਾਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਹਨ ਅਤੇ ਪੰਜਾਬ ਦੇ ਭਵਿੱਖ ਦਾ ਸੁਆਲ ਹੈ। ਉਨ੍ਹਾਂ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਦਾ ਫੈਸਲਾ ਹਾਈ ਕਮਾਨ ਨੇ ਕਰਨਾ ਹੈ ਪ੍ਰੰਤੂ ਸਰਕਾਰ ਬਣਾਉਣ ਲਈ ਚੋਣਾਂ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਹੇਠ ਹੀ ਲੜੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਤਾਂ ਸਾਰੇ ਵਿਧਾਇਕਾਂ ਦੀ ਰਾਇ ਮਗਰੋਂ ਹਾਈ ਕਮਾਨ ਨੇ ਹੀ ਕਰਨਾ ਹੁੰਦਾ ਹੈ। ਪਹਿਲਾਂ ਸਰਕਾਰ ਤਾਂ ਮੁੜ ਬਣਾਈਏ। ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਕਿਸਾਨੀ ਹੈ।
‘ਆਪ’ ਦੇ ਦਰਵਾਜ਼ੇ ਖੁੱਲ੍ਹੇ ਹਨ : ਚੀਮਾ
ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਅੱਜ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਉਨ੍ਹਾਂ ਗੱਲਾਂ ’ਤੇ ਮੋਹਰ ਲਾਈ ਹੈ ਜਿਨ੍ਹਾਂ ਨੂੰ ਲੈ ਕੇ ‘ਆਪ’ ਚਾਰ ਵਰ੍ਹਿਆਂ ਤੋਂ ਰੌਲਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਖੜ ਨੇ ਕੁਰਸੀ ਬਚਾਉਣ ਲਈ ਮੁਹਿੰਮ ਛੇੜੀ ਹੈ ਅਤੇ ਕਾਂਗਰਸ ਅੰਦਰ ਜੰਗ ਤੇਜ਼ ਹੋਈ ਹੈ। ਚੀਮਾ ਨੇ ਕਿਹਾ ਕਿ ਪਰਗਟ ਸਿੰਘ ਠੀਕ ਬੰਦਾ ਹੈ ਪ੍ਰੰਤੂ ਗਲਤ ਸਾਈਡ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਅੱਜ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ‘ਆਪ’ ਦੇ ਦਰਵਾਜੇ ਖੁੱਲ੍ਹੇ ਹਨ।