ਕਰਫਿਊ: ਦਰਬਾਰ ਸਾਹਿਬ ਦੇ ਆਲੇ-ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਘਟਿਆ

ਅੰਮ੍ਰਿਤਸਰ : ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਕਾਰਨ ਕਾਰੋਬਾਰ ਤੇ ਆਵਾਜਾਈ ਬੰਦ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਵਿੱਚ ਵੀ ਵੱਡੀ ਕਮੀ ਆਈ ਹੈ ਅਤੇ ਇਸ ਵੇਲੇ ਵਾਤਾਵਰਨ ਦੀ ਸਥਿਤੀ ਬੇਹਤਰ ਹੋ ਗਈ ਹੈ।
ਕਰੋਨਾਵਾਇਰਸ ਤੋਂ ਬਚਾਅ ਲਈ ਜਨਤਾ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਫਿਊ ਲਾ ਦਿੱਤਾ ਗਿਆ ਸੀ। ਇਹ ਕਰਫਿਊ ਲੱਗਿਆਂ ਲਗਪਗ 14 ਦਿਨ ਹੋ ਗਏ ਹਨ। ਇਸ ਦੌਰਾਨ ਜਿਥੇ ਕਾਰੋਬਾਰ ਬੰਦ ਹਨ, ਉਥੇ ਆਵਾਜਾਈ ਵੀ ਬੰਦ ਹੈ। ਇਸ ਦਾ ਅਸਰ ਵਾਤਾਵਰਨ ’ਤੇ ਪਿਆ ਹੈ। ਸ੍ਰੀ ਦਰਬਾਰ ਸਾਹਿਬ ਨੇੜੇ ਪ੍ਰਦੂਸ਼ਣ ਨੂੰ ਮਾਪਣ ਲਈ ਲਾਏ ਗਏ ਉਪਕਰਨ ਵਿਚ ਅੱਜ ਵੀ ਹਵਾ ਦੀ ਕੁਆਲਿਟੀ ਏਕਿਊਆਈ (ਏਅਰ ਕੁਆਲਿਟੀ ਇੰਡੈਕਸ) 60 ਦਰਜ ਕੀਤੀ ਗਈ ਹੈ, ਜੋ ਕਿ ਕਰਫਿਊ ਤੋਂ ਪਹਿਲਾਂ ਲਗਪਗ 105 ਤੋਂ 120 ਦੇ ਵਿਚਾਲੇ ਦਰਜ ਕੀਤੀ ਗਈ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜਨੀਅਰ ਹਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਵਿੱਚ ਵੱਡੀ ਕਮੀ ਆਈ ਹੈ। ਹਵਾ ਵਿੱਚ ਪ੍ਰਦੂਸ਼ਣ ਘਟਣ ਨਾਲ ਇਸ ਦੀ ਕੁਆਲਿਟੀ ਬੇਹਤਰ ਹੋਈ ਹੈ। ਉਨ੍ਹਾਂ ਆਖਿਆ ਕਿ ਏਕਿਊਆਈ 0 ਤੋਂ 50 ਨੂੰ ਬੇਹਤਰ ਦਰਜਾ ਹਵਾ ਮੰਨਿਆ ਜਾਂਦਾ ਹੈ। ਆਵਾਜਾਈ ਬੰਦ ਹੋਣ ਕਾਰਨ ਸ਼ੋਰ ਪ੍ਰਦੂਸ਼ਣ ਵੀ ਖ਼ਤਮ ਹੋ ਗਿਆ ਹੈ, ਜਿਸ ਕਾਰਨ

ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੁੰਦੇ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਨੂੰ ਬਿਨਾਂ ਕਿਸੇ ਰੁਕਾਵਟ ਸੁਣਿਆ ਜਾ ਸਕਦਾ ਹੈ।
ਇਸ ਵੇਲੇ ਕਰਫਿਊ ਅਤੇ ਕਰੋਨਾ ਦੇ ਪ੍ਰਕੋਪ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ। ਵਧੇਰੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਦਿਨਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅੰਦਰੂਨੀ ਮਰਿਆਦਾ ਨੂੰ ਬਰਕਰਾਰ ਰੱਖਿਆ ਗਿਆ ਹੈ।
ਪਿਛਲੇ ਵਰ੍ਹਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਦੀ ਮਾਤਰਾ ’ਤੇ ਜੇਕਰ ਝਾਤ ਮਾਰੀ ਜਾਵੇ ਤਾਂ 2017 ਵਿੱਚ ਹਵਾ ਦੀ ਕੁਆਲਿਟੀ ਏਕਿਊਆਈ ਔਸਤਨ 132 ਅਤੇ 2018 ਵਿਚ ਔਸਤਨ 115 ਦਰਜ ਕੀਤੀ ਗਈ ਸੀ। 2019 ਵਿੱਚ ਹਵਾ ਦੀ ਕੁਆਲਿਟੀ ਵਿੱਚ ਹੋਰ ਵੀ ਸੁਧਾਰ ਦਰਜ ਕੀਤਾ ਗਿਆ ਸੀ ਪਰ ਇਨ੍ਹਾਂ ਦਿਨਾਂ ਵਿਚ ਵੱਡਾ ਸੁਧਾਰ ਆਇਆ ਹੈ ਅਤੇ ਪ੍ਰਦੂਸ਼ਣ ਖ਼ਤਮ ਹੋਇਆ ਹੈ।
ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਵਧੇਰੇ ਹੋਣ ਕਾਰਨ ਪ੍ਰਦੂਸ਼ਣ ਦਾ ਪ੍ਰਭਾਵ ਨਾ ਸਿਰਫ ਇਥੇ ਲੱਗੇ ਸੋਨੇ ਦੇ ਪੱਤਰਿਆਂ ਸਗੋਂ ਸੰਗਮਰਮਰ ’ਤੇ ਵੀ ਹੋ ਰਿਹਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ਮਗਰੋਂ ਇਥੇ ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨ ਕੀਤੇ ਗਏ ਸਨ ਅਤੇ ਇਨ੍ਹਾਂ ਯਤਨਾਂ ਤਹਿਤ ਹੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ ਇਹ ਪ੍ਰਦੂਸ਼ਣ ਮਾਪਕ ਉਪਕਰਨ ਸਥਾਪਤ ਕੀਤਾ ਗਿਆ ਸੀ, ਜੋ ਰੋਜ਼ਾਨਾ ਹਵਾ ਵਿੱਚ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਸਮੁੱਚੇ ਪੰਜਾਬ ਵਿਚ ਹੀ ਕਰਫਿਊ ਕਾਰਨ ਆਵਾਜਾਈ ਬੰਦ ਹੋਣ ਅਤੇ ਸਨਅਤਾਂ ਆਦਿ ਬੰਦ ਹੋਣ ਕਾਰਨ ਹਵਾ ਪ੍ਰਦੂਸ਼ਣ ਵਿਚ ਕਮੀ ਆਈ ਹੈ। ਇਸੇ ਕਾਰਨ ਹੀ ਆਸਮਾਨ ਵੀ ਸਾਫ ਹੋਇਆ ਹੈ ਅਤੇ ਬੀਤੇ ਕੱਲ ਜਲੰਧਰ ਤੋਂ ਧੋਲਾਧਾਰ ਪਹਾੜ ਰੇਂਜ ਵੀ ਸਾਫ ਦੇਖੀ ਗਈ ਹੈ।

Leave a Reply

Your email address will not be published. Required fields are marked *