ਕਰੋਨਾਵਾਇਰਸ: ਪੰਜਾਬ ਵਿੱਚ 24 ਘੰਟਿਆਂ ’ਚ 15 ਮੌਤਾਂ

ਚੰਡੀਗੜ੍ਹ : ਪੰਜਾਬ ਵਿੱਚ ਕਰੋਨਾਵਾਇਰਸ ਮਹਾਂਮਾਰੀ ਦਾ ਫੈਲਾਅ ਦੁੱਗਣੀ ਰਫ਼ਤਾਰ ਨਾਲ ਹੋਣ ਲੱਗਿਆ ਹੈ ਅਤੇ ਲੰਘੇ 24 ਘੰਟਿਆਂ ਵਿੱਚ ਇਸ ਲਾਗ ਨੇ ਸੂਬੇ ਵਿੱਚ 15 ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਹਨ। ਇਸ ਤੋਂ ਇਲਾਵਾ ਰਾਜ ਵਿਚ ਕਰੋਨਾਵਾਇਰਸ ਦੇ 534 ਨਵੇਂ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਸਿਰਫ ਫ਼ਰੀਦਕੋਟ ਤੇ ਮਾਨਸਾ ਜ਼ਿਲ੍ਹੇ ਅਜਿਹੇ ਹਨ ਜਿੱਥੇ ਕਰੋਨਾਵਾਇਰਸ ਕਾਰਨ ਕੋਈ ਮੌਤ ਨਹੀਂ ਹੋਈ ਹੈ। ਕਰੋਨਾਵਾਇਰਸ ਨੇ ਪੰਜਾਬ ਦੇ 20 ਜ਼ਿਲ੍ਹੇ ਪੂਰੀ ਤਰ੍ਹਾਂ ਲਪੇਟ ਵਿੱਚ ਲੈ ਲਏ ਹਨ। ਕੱਲ੍ਹ ਰਾਜ ਵਿੱਚ ਮਹਾਮਾਰੀ ਨਾਲ 9 ਮੌਤਾਂ ਹੋਈਆਂ ਸਨ ਜਦੋਂ ਕਿ ਅੱਜ ਇਹ ਗਿਣਤੀ ਵਧ ਕੇ 15 ਹੋ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ 5,31,336 ਨਮੂਨੇ ਕਰੋਨਾਵਾਇਰਸ ਦੀ ਜਾਂਚ ਲਈ ਲਏ ਗਏ ਹਨ ਜਿਨ੍ਹਾਂ ’ਚੋਂ 13,218 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਤੱਕ ਕੁੱਲ 8810 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਤੇ ਰਾਜ ਵਿੱਚ ਇਸ ਮਹਾਮਾਰੀ ਨਾਲ ਹੁਣ ਤੱਕ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਕੜਾ 306 ’ਤੇ ਪਹੁੰਚ ਗਿਆ ਹੈ। ਅੱਜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਧ 5 ਮੌਤਾਂ, ਅੰਮ੍ਰਿਤਸਰ, ਗੁਰਦਾਸਪੁਰ ਤੇ ਰੋਪੜ ਵਿੱਚ ਦੋ-ਦੋ ਮੌਤਾਂ ਅਤੇ ਜਲੰਧਰ, ਮੁਹਾਲੀ, ਬਠਿੰਡਾ ਤੇ ਨਵਾਂ ਸਹਿਰ ਵਿਚ ਇੱਕ-ਇੱਕ ਮੌਤ ਹੋਈ। ਪੰਜਾਬ ਵਿੱਚ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 95 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪੰਜ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਇਸੇ ਤਰ੍ਹਾਂ ਬਠਿੰਡਾ ਵਿਚ 27 ਨਵੇਂ ਮਰੀਜ਼ ਆਏ ਹਨ ਜਿਨ੍ਹਾਂ ਵਿਚ ਜੇਲ੍ਹ ਦੇ ਤਿੰਨ ਬੰਦੀ ਵੀ ਸ਼ਾਮਲ ਹਨ। ਇਸੇ ਤਰ੍ਹਾਂ ਫਾਜ਼ਿਲਕਾ ਵਿੱਚ 24, ਜਲੰਧਰ ਵਿੱਚ 70, ਅੰਮ੍ਰਿਤਸਰ ਵਿੱਚ 45 ਅਤੇ ਪਟਿਆਲਾ ਵਿੱਚ 83 ਨਵੇਂ ਕੇਸ ਸਾਹਮਣੇ ਆਏ ਹਨ। ਮੁਕਤਸਰ ਅਤੇ ਫਾਜ਼ਿਲਕਾ ਵਿੱਚ ਅਜੇ ਤੱਕ ਕਰੋਨਾਵਾਇਰਸ ਨਾਲ ਇੱਕ-ਇੱਕ ਮੌਤ ਹੋਈ ਹੈ।