ਕਰੋਨਾ ਦੇ ਟੀਕੇ ਨਹੀਂ ਲਵਾਵਾਂਗੇ: ਕਿਸਾਨ ਆਗੂ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਲੱਗੇ ਮੋਰਚਿਆਂ ’ਚ ਡਟੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਕਿਸਾਨ ਆਗੂਆਂ ਨੇ ਕੋਵਿਡ-19 ਖ਼ਿਲਾਫ਼ ਟੀਕਾਕਰਨ ਦੇ ਅੱਜ ਤੋਂ ਸ਼ੁਰੂ ਹੋਏ ਦੂਜੇ ਗੇੜ ਦੇ ਸੰਦਰਭ ’ਚ ਟਿੱਪਣੀ ਕਰਦਿਆਂ ਕਿਹਾ ਕਿ ਉਹ ਕਰੋਨਾਵਾਇਰਸ ਤੋਂ ਨਹੀਂ ਡਰਦੇ ਤੇ ਟੀਕੇ ਨਹੀਂ ਲਗਵਾਉਣਗੇ। ਆਗੂਆਂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜੇ ਮੋਰਚਿਆਂ ’ਤੇ ਡਟਿਆ ਕੋਈ ਵੀ ਕਿਸਾਨ ਆਪਣੇ ਪੱਧਰ ’ਤੇ ਟੀਕੇ ਲਗਵਾਉਣ ਦਾ ਇੱਛੁਕ ਹੈ ਤਾਂ ਇਹ ਉਸ ਦੀ ਆਪਣੀ ਨਿੱਜੀ ਚੋਣ ਹੋਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਮੈਂਬਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘ਮੈਨੂੰ ਕਿਸੇ ਟੀਕੇ ਦੀ ਲੋੜ ਨਹੀਂ ਹੈ। ਅਸੀਂ ਕਰੋਨਾ ਨੂੰ ਮਾਰ ਦਿੱਤਾ ਹੈ। ਕਿਸਾਨਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ ਕਿਉਂਕਿ ਉਹ ਖੇਤਾਂ ’ਚ ਹੱਡ ਭੰਨ੍ਹਵੀਂ ਮਿਹਨਤ ਕਰਦੇ ਹਨ। ਕਿਸਾਨ ਕਰੋਨਾਵਾਇਰਸ ਤੋਂ ਨਹੀਂ ਡਰਦੇ।’ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ(75) ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਤੋਂ ਧਿਆਨ ਲਾਂਭੇ ਕਰਨ ਲਈ ਕਰੋਨਾ ਦਾ ਭੈਅ ‘ਕਾਫ਼ੀ ਨਹੀਂ’ ਹੈ। ਬੀਕੇਯੂ ੲੇਕਤਾ ਉਗਰਾਹਾਂ ਦੇ ਪ੍ਰਧਾਨ ਨੇ ਕਿਹਾ, ‘ਕਿਸਾਨਾਂ ਲਈ ਕੋਈ ਕਰੋਨਾ ਨਹੀਂ ਹੈ। ਮੈਂ ਕਰੋਨਾ ਦਾ ਟੀਕਾ ਨਹੀਂ ਲਵਾਉਣਾ, ਪਰ ਅਸੀਂ ਕਿਸੇ ਹੋਰ ਨੂੰ ਇਹ ਨਹੀਂ ਕਹਾਂਗੇ ਕਿ ਉਹ ਟੀਕਾ      ਨਾ ਲਵਾਏ।’ ਇਸ ਦੌਰਾਨ 70 ਸਾਲਾ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਵੀ ਕਰੋਨਾ ਟੀਕਾ ਲਵਾਉਣ ਤੋਂ ਨਾਂਹ ਕੀਤੀ ਹੈ। ਉਧਰ ਗਾਜ਼ੀਪੁਰ ਬਾਰਡਰ ’ਤੇ ਲੱਗੇ ਮੋਰਚੇ ’ਚ ਡਟੇ ਬੀਕੇਯੂ ਆਗੂ ਰਾਕੇਸ਼ ਟਿਕੈਤ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਕਿਹਾ ਕਿ ਜੇ ਸਥਾਨਕ ਪ੍ਰਸ਼ਾਸਨ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਟੀਕਾਕਰਨ ਦਾ ਪ੍ਰਬੰਧ ਕਰਦਾ ਹੈ ਤਾਂ ਟਿਕੈਤ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੋਵੇਗੀ। 

Leave a Reply

Your email address will not be published. Required fields are marked *