ਕੈਰੋਂ ’ਚ ਪੁਲੀਸ ਅਤੇ ਲੁਟੇਰਿਆ ਵਿਚਾਲੇ ਮੁਕਾਬਲਾ, ਇਕ ਹਲਾਕ

ਪੱਟੀ : ਜਿਲ੍ਹਾ ਤਰਨਤਾਰਨ ਵਿੱਚ ਪਿਛਲੇ ਦੋ ਦਿਨਾਂ ਤੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਨੂੰ ਅੱਜ ਪੁਲੀਸ ਨੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ। ਪੱਟੀ ਨੇੜਲੇ ਪਿੰਡ ਕੈਰੋਂ ’ਚ ਗੈਂਗਸਟਰਾਂ ਅਤੇ ਪੁਲੀਸ ਵਿਚਕਾਰ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਦੀ ਮੌਤ ਹੋ ਗਈ ਜਦਕਿ ਪੰਜ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਪੀ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮੁਕਾਬਲੇ ਦੌਰਾਨ ਹੋਮਗਾਰਡ ਮੁਲਾਜ਼ਮ ਸੁਰਬਜੀਤ ਸਿੰਘ ਅਤੇ ਪੁਲੀਸ ਕਰਮਚਾਰੀ ਬਿਕਰਮਜੀਤ ਸਿੰਘ ਜ਼ਖ਼ਮੀ ਹੋਏ ਹਨ। ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਮੁਕਾਬਲੇ ਦੀ ਪੁਸ਼ਟੀ ਕਰਦਿਆਂ ਕਿਹਾ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲੁਟੇਰਿਆਂ ਨੂੰ ਫੜਿਆ ਗਿਆ ਹੈ। ਗੈਂਗਸਟਰ ਜਦੋਂ ਪੱਟੀ ਵੱਲ ਆ ਰਹੇ ਸਨ ਤਾਂ ਪਿੰਡ ਕੈਰੋਂ ਨਜ਼ਦੀਕ ਪੁਲੀਸ ਥਾਣਾ ਸਿਟੀ ਪੱਟੀ ਦੇ ਇੰਚਾਰਜ ਲਖਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨਾਲ ਗੈਂਗਸਟਰਾਂ ਦੀ ਝੜਪ ਹੋ ਗਈ। ਇਸ ਮਗਰੋਂ ਗੈਂਗਸਟਰ ਨਜ਼ਦੀਕ ਪੈਂਦੇ ਮਾਹੀ ਰਿਜ਼ੌਰਟ ਅੰਦਰ ਵੜ ਗਏ ਜਿੱਥੇ ਪੁਲੀਸ ਨੇ ਗੁਰਜਿੰਦਰ ਸਿੰਘ ਵਾਸੀ ਮਾਣਕਪੁਰਾ, ਗੁਰਪ੍ਰੀਤ ਸਿੰਘ ਗੋਪੀ ਵਾਸੀ ਭੁੱਲਰ, ਰਾਜਬੀਰ ਸਿੰਘ ਰਾਜੂ ਵਾਸੀ ਕੱਚਾ ਪੱਕਾ ਅਤੇ ਜੱਗੀ ਵਾਸੀ ਨੌਸ਼ਹਿਰਾ ਪੰਨੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲੋਂ ਤਿੰਨ ਪਿਸਤੌਲ, ਇੱਕ ਲੱਖ ਰੁਪਏ ਦੀ ਨਗਦੀ, ਅਫੀਮ, ਪੋਸਤ ਤੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਛੇ ਤੋਂ ਵੱਧ ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ
ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਅੰਦਰ ਛੇ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਨ੍ਹਾਂ ਵੱਖ ਵੱਖ ਪੈਟਰੋਲ ਪੰਪਾਂ ਤੋਂ ਨਕਦੀ ਸਮੇਤ ਕਾਰਾਂ ਦੀ ਲੁੱਟ ਖੋਹ ਕੀਤੀ ਸੀ। ਉਨ੍ਹਾਂ ’ਤੇ ਕੈਰੋਂ ਨਜ਼ਦੀਕ ਮੋਟਰਸਾਈਕਲ ਸਵਾਰ ਨੂੰ ਗੋਲੀ ਮਾਰ ਕੇ ਲੁੱਟਣ ਅਤੇ ਕਸਬਾ ਢੋਟੀਆਂ ਦੇ ਇੱਕ ਮੈਡੀਕਲ ਸਟੋਰ ਤੋਂ 85 ਹਜ਼ਾਰ ਰੁਪੲੇ ਦੀ ਨਕਦੀ ਖੋਹਣ ਦੇ ਦੋਸ਼ ਵੀ ਲੱਗੇ ਹਨ।