ਕੋਵਿਡ ਪ੍ਰਬੰਧਾਂ ਲਈ 200 ਕਰੋੜ ਰੁਪਏ ਫੌਰੀ ਜਾਰੀ ਕਰੇ ਕੇਂਦਰ: ਅਮਰਿੰਦਰ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੁਅਲ ਮੁਲਾਕਾਤ ਦੌਰਾਨ ਪ੍ਰਧਾਨ ਨਰਿੰਦਰ ਮੋਦੀ ਤੋਂ ਪੰਜਾਬ ’ਚ ਕੋਵਿਡ ਪ੍ਰਬੰਧਨ ਲਈ 200 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਨੂੰ ਕੋਵਿਡ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਨੂੰ ਮੈਡੀਕਲ ਆਕਸੀਜਨ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਦੂਸਰੇ ਰਾਜਾਂ ਨੂੰ ਲੋੜੀਂਦੇ ਕਦਮ ਉਠਾਉਣ ਲਈ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ। ਮੁੱਖ ਮੰਤਰੀ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਲਾਗਤ ਦੇ ਭੁਗਤਾਨ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਵਿੱਤੀ ਮੱਦਦ ਦੇਣ ਦੀ ਮੰਗ ਮੁੜ ਦੁਹਰਾਉਂਦਿਆਂ ਝੋਨੇ ’ਤੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੱਸਥ ਸੁਰੱਕਸ਼ਾ ਯੋਜਨਾ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਸਥਾਪਤ ਕੀਤੇ ਜਾਣ ਵਾਲੇ ਲਿਕੁਅਡ ਮੈਡੀਕਲ ਆਕਸੀਜਨ ਪਲਾਂਟ ਲਈ ਲਾਇਸੰਸ ਦੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ ਜਾਵੇ। ਵਰਚੁਅਲ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਤੋਂ ਇਲਾਵਾ ਛੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਨੂੰ ਕੋਵਿਡ ਸਬੰਧੀ ਜਾਗਰੂਕਤਾ ਉਪਰਾਲਿਆਂ ਵਿੱਚ ਸਿਵਲ ਸੁਸਾਇਟੀਆਂ ਨੂੰ ਵੱਡੀ ਪੱਧਰ ’ਤੇ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪਾਜ਼ੇਟਿਵਿਟੀ ਦਰ ਨੂੰ 5 ਫੀਸਦੀ ਤੋਂ ਘੱਟ ਕਰਨ ਅਤੇ ਕੋਵਿਡ ਮੌਤ ਦਰ ਨੂੰ ਹੇਠਾਂ ਲਿਆਉਣ ਲਈ ਪੰਜਾਬ ਦੀ ਯੋਗਤਾ ਵਿੱਚ ਭਰੋਸਾ ਜ਼ਾਹਰ ਕੀਤਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਮੈਡੀਕਲ ਆਕਸੀਜਨ ਦਾ ਕੋਈ ਉਤਪਾਦਕ ਨਾ ਹੋਣ ਕਰਕੇ ਸੂਬਾ ਲਿਕੁਅਡ ਆਕਸੀਜਨ ਲਈ ਵੱਡੇ ਪੱਧਰ ’ਤੇ ਤਿੰਨ ਵੱਡੇ ਉਤਪਾਦਕਾਂ ’ਤੇ ਨਿਰਭਰ ਹੈ। ਇਹ ਪਲਾਂਟ ਬੱਦੀ (ਹਿਮਾਚਲ ਪ੍ਰਦੇਸ਼), ਦੇਹਰਾਦੂਨ (ਉੱਤਰਾਖੰਡ) ਅਤੇ ਪਾਣੀਪਤ (ਹਰਿਆਣਾ) ਵਿੱਚ ਹਨ, ਪਰ ਦੇਹਰਾਦੂਨ ਅਤੇ ਪਾਣੀਪਤ ਦੇ ਪਲਾਂਟ ਸੂਬੇ ਦੀ ਮੰਗ ਮੁਤਾਬਕ ਆਕਸੀਜਨ ਸਪਲਾਈ ਨਹੀਂ ਕਰ ਰਹੇ।

ਵਿੱਤੀ ਪੈਕੇਜ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ-19 ਐਮਰਜੈਂਸੀ ਰੈਸਪਾਂਸ ਫੰਡ ਤੋਂ 131.22 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਮੌਜੂਦ ਵਸੀਲਿਆਂ ਤੋਂ ਐਸ.ਡੀ.ਆਰ.ਐਫ. ਤਹਿਤ ਕੋਵਿਡ ਰਾਹਤ ਲਈ 35 ਫੀਸਦੀ ਖਰਚੇ ਦੀ ਮਿਥੀ ਹੱਦ ਬਾਰੇ ਪੁਨਰਵਿਚਾਰ ਕਰਨ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਹੱਦ ਨੂੰ ਸਮੁੱਚੀ ਹੱਦ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਜਾਵੇ ਜਾਂ ਬਿਲਕੁਲ ਹੀ ਹਟਾ ਦਿੱਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਪੀਜੀਆਈਐੱਮਈਆਰ, ਚੰਡੀਗੜ੍ਹ ਨੂੰ ਆਈਸੀਯੂ ਬੈੱਡਾਂ ਦੀ ਗਿਣਤੀ ਵਧਾਉਣ ਅਤੇ ਸੰਗਰੂਰ ਵਿਚਲੇ ਆਪਣੇ ਸੈਟੇਲਾਈਟ ਸੈਂਟਰ ਦੀ ਵਿਵਸਥਾ ਮਜ਼ਬੂਤ ਕਰਨ ਤੋਂ ਇਲਾਵਾ ਫਿਰੋਜ਼ਪੁਰ ਵਿਚਲੇ ਸੈਂਟਰ ਸਬੰਧੀ ਕੰਮ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ 3-4 ਹਫ਼ਤਿਆਂ ਦੌਰਾਨ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

Leave a Reply

Your email address will not be published. Required fields are marked *