ਚੀਫ ਖਾਲਸਾ ਦੀਵਾਨ ਵੱਲੋਂ ਇਕਬਾਲ ਲਾਲਪੁਰਾ ਦੀ ਛੁੱਟੀ

ਸ੍ਰੀ ਆਨੰਦਪੁਰ ਸਾਹਿਬ : ਚੀਫ ਖਾਲਸਾ ਦੀਵਾਨ ਨੇ ਆਪਣੀਆਂ ਵਿੱਦਿਅਕ ਸੰਸਥਾਵਾਂ ’ਚ ਬਤੌਰ ਮੈਂਬਰ ਇੰਚਾਰਜ ਅਗਵਾਈ ਕਰਦੇ ਆ ਰਹੇ ਸਾਬਕਾ ਆਈਪੀਐੱਸ ਅਧਿਕਾਰੀ ਤੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ। ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲੱਗੇ ਕਥਿਤ ਦੋਸ਼ਾਂ ਬਾਰੇ ਜੁਆਬ ਤਲਬੀ ਬਾਰੇ ਕਾਰਨ ਦੱਸੋ ਨੋੋਟਿਸ ਜਾਰੀ ਕੀਤਾ ਹੈ। ਇਸ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਇਕਬਾਲ ਸਿੰਘ ਲਾਲਪੁਰਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਉਪਰੰਤ ਕਿਸਾਨਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਸਮੁੱਚੇ ਮਾਮਲੇ ਬਾਰੇ ਜਾਨਣ ਮਗਰੋਂ ਫੈਸਲਾ ਲੈਂਦੇ ਹੋਏ ਇਕਬਾਲ ਸਿੰਘ ਲਾਲਪੁਰਾ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਭਾਈ ਹਰਿਕ੍ਰਿਸ਼ਨ ਪਬਲਿਕ ਸਕੂਲ ਤੇ ਕੀਰਤਪੁਰ ਸਾਹਿਬ ਦੇ ਸਕੂਲ ਦੇ ਮੈਂਬਰ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਬੇਅਦਬੀ ਦੇ ਮਾਮਲੇ ’ਤੇ ਸਥਿਤੀ ਸਪਸ਼ਟ ਕਰਨ ਲਈ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਸ੍ਰੀ ਲਾਲਪੁਰਾ ਨੇ ਆਖਿਆ ਕਿ ਉਨ੍ਹਾਂ ਦੇ ਘਰ ’ਚ 40 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉਹ ਬੇਅਦਬੀ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਉਨ੍ਹਾਂ ਦੇ ਸਿਆਸੀ ਵਿਰੋਧੀ ਜਾਣਬੁੱਝ ਕੇ ਮਨਘੜਤ ਗੱਲਾਂ ਨਾਲ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੱਥੋਂ ਤੱਕ ਚੀਫ ਖਾਲਸਾ ਦੀਵਾਨ ਦੇ ਨੋਟਿਸ ਦੀ ਗੱਲ ਹੈ, ਉਹ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ ਤੇ ਜਦੋਂ ਮਿਲੇਗਾ ਤਾਂ ਉਸ ਦਾ ਜੁਆਬ ਦੇ ਦਿੱਤਾ ਜਾਵੇਗਾ।