ਚੰਡੀਗੜ੍ਹ ’ਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਅੱਜ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ, ਜਿਸ ਵਿੱਚ ਕਿਸਾਨ ਯੂਨੀਅਨ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ ਅਤੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਦੀ ਅਗਵਾਈ ਹੇਠ ਕੱਢਿਆ ਗਿਆ ਇਹ ਰੋਸ ਮਾਰਚ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ-30 ਤੋਂ ਸ਼ੁਰੂ ਹੋ ਕੇ ਸੈਕਟਰ 30-20 ਅਤੇ 21 ਵਿੱਚੋਂ ਹੁੰਦਾ ਹੋਇਆ ਸੈਕਟਰ-22 ਦੇ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ।
ਬੁਲਾਰਿਆਂ ਨੇ ਕਿਹਾ ਕਿ ਜਦੋਂ ਪੂਰੇ ਦੇਸ਼ ਵਿੱਚ ਇੱਕ ਵੀ ਸੂਬੇ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਤਾਂ ਸਿਰਫ਼ ਚੰਡੀਗੜ੍ਹ ਵਿੱਚ ਇਸ ਨੂੰ ਲਾਗੂ ਕਿਉਂ ਕੀਤਾ ਗਿਆ ਹੈ? ਉਨ੍ਹਾਂ ਕਿਹਾ ਕਿ ਪੰਜਾਬੀ ਮੰਚ ਕਿਸੇ ਵੀ ਹੋਰ ਭਾਸ਼ਾ ਦੇ ਵਿਰੁੱਧ ਨਹੀਂ ਹੈ ਪਰ ਮਾਂ-ਬੋਲੀ ਤੋਂ ਉੱਪਰ ਕੋਈ ਵੀ ਭਾਸ਼ਾ ਸਵੀਕਾਰ ਨਹੀਂ ਹੈ।
ਰੋਸ ਮਾਰਚ ਵਿੱਚ ਗੁਰਪ੍ਰੀਤ ਸਿੰਘ ਸੋਮਲ, ਸਮੂਹ ਚੰਡੀਗੜ੍ਹ ਦੇ ਗੁਰਦੁਆਰਾ ਪ੍ਰਬੰਧਕ ਸੰਗਠਨ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਤੋਂ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਬਾਬਾ ਗੁਰਦਿਆਲ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਤਰਕਸ਼ੀਲ ਸੁਸਾਇਟੀ ਤੋਂ ਜੋਗਾ ਸਿੰਘ, ਪੀਐੱਸਯੂ (ਲਲਕਾਰ) ਤੋਂ ਅਮਨ, ਸੀਟੀਯੂ ਮੁਲਾਜ਼ਮ ਯੂਨੀਅਨ ਤੋਂ ਭੁਪਿੰਦਰ ਸਿੰਘ, ਗੁਰਦੁਆਰਾ ਅਸਥਾਪਨ ਕਮੇਟੀ ਤੋਂ ਗੁਰਜੋਤ ਸਿੰਘ ਸਾਹਨੀ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸੁਖਮਨੀ ਸੇਵਾ ਸੁਸਾਇਟੀ ਖੁੱਡਾ ਅਲੀਸ਼ੇਰ ਤੋਂ ਪਰਮਜੀਤ ਕੌਰ, ਅਮਨਦੀਪ ਕੌਰ ਸਮੇਤ ਸਮੂਹ ਸਹਿਯੋਗੀ ਸੰਗਠਨ ਸ਼ਾਮਲ ਹੋਏ।
ਮੋਦੀ ਸਰਕਾਰ ਉੱਤੇ ਵਰ੍ਹੇ ਬੁਲਾਰੇ
ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਸਾਨੀ ਮੁੱਦਿਆਂ ਉਤੇ ਕੇਂਦਰ ਵਿਚਲੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ, ਜੋ ਕਿਸਾਨਾਂ ਨੂੰ ਕਦੇ ਮਾਓਵਾਦੀ, ਕਦੇ ਖਾਲਿਸਤਾਨੀ ਕਹਿ ਕੇ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਅਤੇ ਕਿਸਾਨੀ ਸਾਡੀ ਹੋਂਦ ਦੇ ਮਸਲੇ ਹਨ, ਜਿਨ੍ਹਾਂ ਨੂੰ ਹੱਲ ਕਰਵਾ ਕੇ ਹੀ ਸਾਹ ਲਿਆ ਜਾਵੇਗਾ।