ਜ਼ਿਲ੍ਹਾ ਪ੍ਰਧਾਨ ਦਾ ਹੌਸਲਾ ਵਧਾਉਣ ਪੁੱਜੇ ਭਾਜਪਾ ਆਗੂਆਂ ਦੇ ਤੋੜੇ ਕਿਸਾਨਾਂ ਨੇ ਹੌਸਲੇ

ਮੋਗਾ: ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਕਰਕੇ ਭਾਜਪਾ ਆਗੂਆਂ ਨੂੰ ਥਾਂ-ਥਾਂ ’ਤੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਹਿਤ ਅੱਜ ਇਥੇ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਅਤੇ ਸ਼ਵੇਤ ਮਲਿਕ ਨੂੰ ਰੋਹ ’ਚ ਆਏ ਕਿਸਾਨਾਂ ਨੇ ਘੇਰ ਲਿਆ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਨੂੰ ਬਾਹਰ ਕੱਢਣ ਲਈ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਅੱਗੇ ਕਰੀਬ ਸਵਾ ਦੋ ਮਹੀਨੇ ਤੋਂ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ। ਅੱਜ ਜਦੋਂ ਇੱਥੇ ਅਸ਼ਵਨੀ ਸ਼ਰਮਾ ਤੇ ਹੋਰ ਭਾਜਪਾ ਆਗੂ ਵਿਨੈ ਸ਼ਰਮਾ ਦਾ ਹੌਸਲਾ ਵਧਾਉਣ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਬੈਰੀਕੇਡ ਤੋੜ ਕੇ ਉਨ੍ਹਾਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਵੀ ਕਿਸਾਨਾਂ ਦੇ ਬਰਾਬਰ ਭਾਜਪਾ ਦੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਾਲਾਤ ਵਿਗੜਦੇ ਦੇਖ ਫਰੀਦਕੋਟ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਨੇ ਕਮਾਨ ਸੰਭਾਲੀ ਅਤੇ ਪੁਲੀਸ ਨੇ ਭਾਜਪਾ ਆਗੂਆਂ ਨੂੰ ਸੁਰੱਖਿਆ ਘੇਰੇ ’ਚ ਲੈ ਕੇ ਇੱਕ ਹੋਟਲ ਵਿੱਚ ਪਹੁੰਚਾ ਦਿੱਤਾ, ਜਿੱਥੇ ਬਾਅਦ ਵਿੱਚ ਉਨ੍ਹਾਂ ਵੱਲੋਂ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੀਪੀਆਈ ਆਗੂ ਕੁਲਦੀਪ ਭੋਲਾ ਤੇ ਸੁਖਜਿੰਦਰ ਮਹੇਸ਼ਰੀ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦੇ ਆਗੂ ਵਰ੍ਹਦੇ ਮੀਂਹ ਵਿੱਚ ਬੈਰੀਕੇਡ ਤੋੜ ਕੇ ਹੋਟਲ ਨੇੜੇ ਪੁੱਜ ਗਏ। ਇਸ ਮੌਕੇ ਧੱਕਾ-ਮੁੱਕੀ ਹੋਈ ਅਤੇ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।
‘ਹਮਲਾ ਕਰਨ ਵਾਲੇ ਕਿਸਾਨ ਨਹੀਂ ਸਗੋਂ ਕਾਂਗਰਸ ਦੀ ਸਾਜ਼ਿਸ਼’
ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਦੇ ਇਸ਼ਾਰੇ ’ਤੇ ਭਾਜਪਾ ਆਗੂਆਂ ਤੇ ਵਰਕਰਾਂ ’ਤੇ ਹਮਲੇ ਹੋ ਰਹੇ ਹਨ। ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਹਮਲਾ ਕਰਨ ਵਾਲੇ ਕਿਸਾਨ ਨਹੀਂ ਹੋ ਸਕਦੇ, ਇਨ੍ਹਾਂ ਪਿੱਛੇ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਿੰਦੂ-ਸਿੱਖ ਏਕਤਾ ’ਚ ਪਾੜਾ ਪਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਸੂਬੇ ਵਿੱਚ ਕਾਨੂੰਨ ਅਤੇ ਸ਼ਾਂਤੀ ਦੀ ਸਥਿਤੀ ਭੰੰਗ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਨੂੰ ਵੀ ਡੀਜੀਪੀ ਦੇ ਘਰ ਅੱਗੇ ਪੱਕਾ ਮੋਰਚਾ ਲਾਉਣ ਦੀ ਆਗਿਆ ਦਿੱਤੀ ਜਾਵੇ। ਉਹ ਮੀਡੀਆ ਵੱਲੋਂ ਕੀਤੇ ਤਿੱਖੇ ਸਵਾਲਾਂ ਦਾ ਜਵਾਬ ਟਾਲਦੇ ਰਹੇ ਅਤੇ ਪ੍ਰੈੱਸ ਕਾਨਫਰੰਸ ਅੱਧ ਵਿਚਾਲੇ ਛੱਡ ਕੇ ਹੀ ਚਲੇ ਗਏ।