ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਫ਼ਰੀਦਕੋਟ ਪੁਲੀਸ ਹਵਾਲੇ

ਫ਼ਰੀਦਕੋਟ : ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਭੁੱਲਰ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ 21 ਫ਼ਰਵਰੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਨੂੰ ਅੱਜ ਦਿੱਲੀ ਪੁਲੀਸ ਨੇ ਇੱਥੇ ਚੀਫ਼ ਜੁਡੀਸ਼ੀਅਲ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਮੁਲਜ਼ਮ ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਸੌਰਵ ਵਰਮਾ ਨੂੰ ਫ਼ਰੀਦਕੋਟ ਪੁਲੀਸ ਦੇ ਹਵਾਲੇ ਕਰ ਦਿੱਤਾ। ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ 8 ਮਾਰਚ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਫ਼ਰੀਦਕੋਟ ਪੁਲੀਸ ਨੇ ਨੌਜਵਾਨਾਂ ਦੀ ਦਿੱਲੀ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਮੁਲਜ਼ਮਾਂ ਨੂੰ ਦਿੱਲੀ ਤੋਂ ਲਿਆਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਤਿੰਨੇ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਸਨ ਪਰ ਦਿੱਲੀ ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਪੁਲੀਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਿੱਲੀ ਪੁਲੀਸ ਨੇ ਮੈਟਰੋਪੋਲੀਟਨ ਮੈਜਿਸਟਰੇਟ ਦੀਆਂ ਹਦਾਇਤਾਂ ਅਨੁਸਾਰ ਅੱਜ ਤਿੰਨੇ ਮੁਲਜ਼ਮਾਂ ਨੂੰ ਹਰਵਿੰਦਰ ਸਿੰਘ ਸਿੰਧੀਆ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤਾ। ਫਰੀਦਕੋਟ ਪੁਲੀਸ ਅਨੁਸਾਰ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਸੌਰਵ ਸ਼ਰਮਾ ਜੋ ਫ਼ਰੀਦਕੋਟ ਜ਼ਿਲ੍ਹੇ ਦੇ ਵਾਸੀ ਹਨ, ਨੇ ਕਥਿਤ ਤੌਰ ’ਤੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਸਾਜਿਸ਼ ਰਚ ਕੇ ਕਾਂਗਰਸੀ ਆਗੂ ਗੁਰਲਾਲ ਭਲਵਾਨ ਦਾ 19 ਫਰਵਰੀ ਨੂੰ ਫਰੀਦਕੋਟ ਵਿੱਚ ਗੋਲੀਆਂ ਮਰਵਾ ਕੇ ਕਤਲ ਕਰ ਦਿੱਤਾ ਸੀ।