ਦੋ ਨੌਜਵਾਨ ਭਾਖੜਾ ਨਹਿਰ ’ਚ ਡੁੱਬੇ

ਫ਼ਤਹਿਗੜ੍ਹ ਸਾਹਿਬ : ਮੰਡੀ ਗੋਬਿੰਦਗੜ੍ਹ ਦੇ ਨਸਰਾਲੀ ਇਲਾਕੇ ਨਾਲ ਸਬੰਧਤ ਦੋ ਨੌਜਵਾਨ ਅੱਜ ਦੁਪਹਿਰ ਵੇਲੇ ਭਾਖੜਾ ਨਹਿਰ ਵਿਚ ਡੁੱਬ ਗਏ, ਜਿਨ੍ਹਾਂ ਦੀ ਭਾਲ ਲਈ ਪੁਲੀਸ ਅਤੇ ਮਾਪਿਆਂ ਵੱਲੋਂ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਦੇਰ ਸ਼ਾਮ ਤੱਕ ਊਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਪ੍ਰਾਪਤ ਸੂਚਨਾ ਅਨੁਸਾਰ ਕਿਰਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਅੱਜ ਦੁਪਹਿਰ ਸਮੇਂ ਆਪਣੇ ਮੋਟਰਸਾਈਕਲ ਉੱਪਰ ਸਰਹਿੰਦ ਭਾਖੜਾ ਨਹਿਰ ਉੱਪਰ ਪਿੰਡ ਜੰਡਾਲੀ ਨੇੜੇ ਪੁਲ ’ਤੇ ਚਲਾ ਗਿਆ ਜਿੱਥੇ ਉਸ ਨੇ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਫ਼ੋਨ ਰਾਹੀ ਆਪਣੇ ਨਜ਼ਦੀਕੀਆਂ ਨੂੰ ਜਾਣਕਾਰੀ ਦਿੱਤੀ। ਉਸ ਦੇ ਮਾਪਿਆਂ ਨੇ ਪਵਿੱਤਰ ਸਿੰਘ ਪੁੱਤਰ ਕਰਮਜੀਤ ਸਿੰਘ ਤੇ ਹੋਰਨਾਂ ਨੌਜਵਾਨਾਂ ਨੂੰ ਊਸ ਨੂੰ ਬਚਾਉਣ ਲਈ ਭੇਜ ਦਿੱਤਾ ਅਤੇ ਉਹ ਆਪਣੀ ਕਾਰ ਲੈ ਕੇ ਜੰਡਾਲੀ ਪਹੁੰਚੇ। ਇਸ ਦੌਰਾਨ ਕਿਰਨਜੀਤ ਸਿੰਘ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਊਸ ਨੂੰ ਬਚਾਉਣ ਲਈ ਪਵਿੱਤਰ ਸਿੰਘ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਜਣੇ ਡੁੱਬ ਗੲੇ। ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਰਜਨੀਸ਼ ਸੂਦ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਿਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਰਿਪੋਰਟ ਦਰਜ ਕਰ ਲਈ ਗਈ ਹੈ।