ਪੀੜਤਾਂ ਨੂੰ ਸਰਕਾਰ ਦੀ ਕਰਜ਼ਾ ਮੁਆਫ਼ੀ ਮੁਹਿੰਮ ਦਾ ਆਸਰਾ ਨਹੀਂ

ਬੁਰਜ ਹਰੀ (ਮਾਨਸਾ): ਪਿੰਡ ਬੁਰਜ ਹਰੀ ਦੇ ਬਿਰਧ ਜੋੜੇ ਨੂੰ ਪੁੱਤ ਦਾ ਗ਼ਮ ਖਾ ਰਿਹਾ ਹੈ। ਕਰਜ਼ੇ ਨੇ ਪੁੱਤ ਨਿਗਲ ਲਿਆ। ਨੂੰਹ ਨੇ ਦੂਜਾ ਵਿਆਹ ਕਰਵਾ ਲਿਆ। ਮਾਂ ਦੀ ਗੋਦ ਤੇ ਪਿਓ ਦੇ ਪਿਆਰ ਤੋਂ ਸੱਖਣੀ 11 ਸਾਲ ਦੀ ਧੀ ਸੁਖਪ੍ਰੀਤ ਕੌਰ ਨੂੰ ਵੀ ਪੜ੍ਹਾਈ ਲਈ ਪਿੰਡ ਛੱਡ ਆਪਣੀ ਭੂਆ ਕੋਲ ਮੋਗੇ ਜ਼ਿਲ੍ਹੇ ਵਿੱਚ ਰਹਿਣਾ ਪੈ ਰਿਹਾ ਹੈ।

ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਵਸਨੀਕ ਗੁਰਪਾਲ ਸਿੰਘ ਨੇ 2017 ਵਿੱਚ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਲਈ ਸੀ। ਪੁੱਤ ਦੇ ਗ਼ਮ ਨੂੰ ਦਿਲ ਵਿੱਚ ਰੱਖ ਕੇ ਬਿਰਧ ਵਿਸਾਖਾ ਸਿੰਘ ਪਿੰਡ ਵਿੱਚ ਆਟਾ ਚੱਕੀ ਤੇ ਦਿਹਾੜੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਵਿਸਾਖਾ ਸਿੰਘ (72 ਸਾਲ) ਨੇ ਦੱਸਿਆ ਕਿ ਸਾਲ 2017 ਵਿੱਚ ਉਸ ਦੇ ਪੁੱਤਰ ਗੁਰਪਾਲ ਸਿੰਘ (25 ਸਾਲ) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਵਿਸਾਖਾ ਸਿੰਘ ਆਪਣੀ ਦੋ ਏਕੜ ਜ਼ਮੀਨ ਵੇਚ ਕੇ ਵੀ ਕਰਜ਼ਾ ਨਹੀਂ ਉਤਾਰ ਸਕਿਆ। ਇਸ ਸਮੇਂ ਵੀ ਪਰਿਵਾਰ ਉਪਰ ਕਰੀਬ 1.50 ਲੱਖ ਰੁਪਏ ਦਾ ਕਰਜ਼ਾ ਹੈ। ਵਿਸਾਖਾ ਸਿੰਘ ਦੀ ਉਮਰ ਦੇ ਸੱਤਵੇਂ ਦਹਾਕੇ ਆਪਣੇ ਨੌਜਵਾਨ ਪੁੱਤਰ ਨੂੰ ਅਰਥੀ ਨੂੰ ਮੋਢਾ ਦੇਣਾ ਉਸ ਲਈ ਅੱਜ ਤੱਕ ਦਾ ਸਭ ਤੋਂ ਵੱਡਾ ਬੋਝ ਸੀ। ਕੈਪਟਨ ਸਰਕਾਰ ਵੱਲੋਂ ਭਾਵੇਂ ਕੁਝ ਕਰਜ਼ੇ ਮੁਆਫ਼ ਕੀਤੇ ਗਏ ਪਰ ਪਰਿਵਾਰ ਨੂੰ ਕੋਈ ਵੀ ਰਾਹਤ ਨਹੀਂ ਮਿਲੀ। ਵਿਸਾਖਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ ਦੋ ਕਨਾਲ ਜ਼ਮੀਨ ਬਚੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਲ ਹੈ। ਪਰਿਵਾਰ ਇਸ ਸਮੇਂ ਬੇਹੱਦ ਖਸਤਾ ਹਾਲ ਮਕਾਨ ਵਿੱਚ ਰਹਿ ਰਿਹਾ ਹੈ ਅਤੇ ਮਕਾਨ ਬਣਾਉਣਾ ਉਨ੍ਹਾਂ ਲਈ ਇੱਕ ਸੁਫ਼ਨਾ ਬਣ ਕੇ ਰਹਿ ਗਿਆ ਹੈ।

ਵਿਸਾਖਾ ਸਿੰਘ ਦੀ 65 ਸਾਲਾਂ ਦੀ ਪਤਨੀ ਜੀਤ ਕੌਰ ਦਾ ਕਹਿਣਾ ਹੈ ਕਿ ਉਮਰ ਜ਼ਿਆਦਾ ਹੋਣ ਕਰਕੇ ਉਹ ਆਪਣੀ ਪੋਤੀ ਸੁਖਪ੍ਰੀਤ ਕੌਰ ਦੀ ਦੇਖਭਾਲ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਉਸ ਨੂੰ ਉਸ ਦੀ ਭੂਆ ਕੋਲ ਭੇਜ ਦਿੱਤਾ ਹੈ ਤਾਂ ਜੋ ਉਸ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ। ਪਰਿਵਾਰ ਨੂੰ ਆਪਣੀ ਨੂੰਹ ਦੇ ਦੂਜਾ ਵਿਆਹ ਕਰਵਾ ਲੈਣ ਤੋਂ ਕੋਈ ਗਿਲਾ ਨਹੀਂ ਹੈ ਕਿਉਂਕਿ ਉਹ ਆਪਣੀ ਜਵਾਨ ਨੂੰਹ ਦੀਆਂ ਸਧਰਾਂ ਨੂੰ ਦਮ ਘੁੱਟਦਿਆਂ ਨਹੀਂ ਵੇਖ ਸਕਦੇ। ਸੁਖਪ੍ਰੀਤ ਦੀ ਛੋਟੀ ਭੈਣ ਆਪਣੀ ਮਾਂ ਕੋਲ ਰਹਿ ਰਹੀ ਹੈ। ਜੀਤ ਕੌਰ ਚਾਹੁੰਦੀ ਹੈ ਕਿ ਉਸ ਦੀ ਪੋਤੀ ਸੁਖਪ੍ਰੀਤ ਕੌਰ ਪੜ੍ਹਾਈ ਕਰਕੇ ਕਿਸੇ ਸਰਕਾਰੀ ਨੌਕਰੀ ’ਤੇ ਲੱਗ ਜਾਵੇ। ਜੀਤ ਕੌਰ ਨੂੰ ਆਪਣੀ ਪੋਤੀ ਦੇ ਵਿਆਹ ਲਈ ਦਾਜ ਜੋੜਨ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਵਿਸਾਖਾ ਸਿੰਘ ਨੇ ਮੰਗ ਕੀਤੀ ਸਰਕਾਰ ਵੱਲੋਂ ਬਜ਼ੁਰਗਾਂ ਨੂੰ 2500 ਪ੍ਰਤੀ ਮਹੀਨਾ ਪੈਨਸ਼ਨ ਦੇਣੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲ ਸਕੇ।

ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਦੀ ਬਾਂਹ ਨਹੀਂ ਫੜ ਰਹੀ। ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਵੀ ਵਫਾ ਨਹੀਂ ਹੋਏ। ਉਨ੍ਹਾਂ ਮੰਗ ਕੀਤੀ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

Leave a Reply

Your email address will not be published. Required fields are marked *