ਪੇਸ਼ੀ ਭੁਗਤਣ ਆਈ ਔਰਤ ਦੀ ਹੱਤਿਆ

ਮੋਗਾ : ਇੱਥੇ ਅਦਾਲਤ ਵਿੱਚ ਪੇਸ਼ੀ ਭੁਗਤ ਕੇ ਆਪਣੇ ਪਤੀ ਨਾਲ ਵਾਪਸ ਅੰਮ੍ਰਿਤਸਰ ਜਾ ਰਹੀ ਔਰਤ ਦੀ ਉਸ ਦੇ ਜੀਜੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਣਕਾਰੀ ਹਾਸਲ ਕੀਤੀ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਗਵਿੰਦਰ ਸਿੰਘ ਉਰਫ਼ ਗੁਰਿੰਦਰ ਸਿੰਘ ਉਰਫ਼ ਘਾਲੀ ਨੇ ਆਪਣੀ ਸਾਲੀ ਹਰਵਿੰਦਰ ਕੌਰ, ਉਸ ਦੇ ਪਤੀ ਕਰਮਜੀਤ ਸਿੰਘ ਸੰਧੂ ਵਾਸੀ ਨਿਊ ਅੰਮ੍ਰਿਤਸਰ ਤੇ ਹੋਰਨਾਂ ਖ਼ਿਲਾਫ਼ ਸਥਾਨਕ ਅਦਾਲਤ ਵਿੱਚ ਫ਼ੌਜਦਾਰੀ ਕੇਸ ਦਾਇਰ ਕੀਤਾ ਹੋਇਆ ਹੈ। ਅੱਜ ਹਰਵਿੰਦਰ ਕੌਰ ਆਪਣੇ ਪਤੀ ਨਾਲ ਅਦਾਲਤ ’ਚੋਂ ਪੇਸ਼ੀ ਭੁਗਤ ਕੇ ਵਾਪਸ ਜਾ ਰਹੀ ਸੀ ਕਿ ਥਾਣਾ ਕੋਟ ਈਸੇ ਖਾਂ ਖੇਤਰ ਅਧੀਨ ਲੁਹਾਰਾ ਬਾਈਪਾਸ ਨੇੜੇ ਮੁਲਜ਼ਮ ਨੇ 315 ਬੋਰ ਰਾਈਫ਼ਲ ਨਾਲ ਉਨ੍ਹਾਂ ਉੱਤੇ ਗੋਲੀ ਚਲਾ ਦਿੱਤੀ ਗਈ।