ਪੰਜਾਬ ‘ਚ ਟਿੱਡੀ ਦਲ ਦਾ ਅਲਰਟ

ਫਾਜ਼ਿਲਕਾ : ਰਾਜਸਥਾਨ ਦੇ ਸਰਹੱਦੀ ਖੇਤਰ ਤੇ ਅਨੁਪਗੜ੍ਹ ਦੇ ਕਈ ਜ਼ਿਲਿ੍ਆਂ ‘ਚ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ, ਜਿਸਦੇ ਚਲਦਿਆਂ ਪੰਜਾਬ ‘ਚ ਵੀ ਇਸਦੇ ਹਮਲੇ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਖੇਤੀਬਾੜੀ ਵਿਭਾਗ ਦੁਆਰਾ ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਦੀ ਟੀਮ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਨਾਲ ਹੀ ਕਿਸਾਨਾਂ ਦੀ ਜ਼ਮੀਨ ਦਾ ਮੁਆਇਨਾ ਕਰ ਕੇ ਰੋਜ਼ਾਨਾ ਰਿਪੋਰਟ ਭੇਜਣ ਦੀ ਹਿਦਾਇਤ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਕੈਂਪ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਟਿੱਡੀ ਇਕ ਭੂਰੇ ਰੰਗ ਦਾ ਕੀੜਾ ਹੈ, ਜੋ ਹਰੀਆਂ ਥਾਵਾਂ ‘ਤੇ ਬੈਠਦਾ ਹੈ। ਟਿੱਡੀਆਂ ਆਪਣੇ ਨਿਵਾਸ ਸਥਾਨਾਂ ਨੂੰ ਅਜਿਹੀ ਥਾਂ ‘ਤੇ ਬਣਾਉਂਦੀਆਂ ਹਨ, ਜਿਥੇ ਵਾਤਾਵਰਨ ਅਸੰਤੁਲਿਤ ਹੁੰਦਾ ਹੈ। ਅਜਿਹੀ ਥਾਂ ਕਾਫੀ ਘੱਟ ਹੁੰਦੀ ਹੈ। ਰਾਜਸਥਾਨ ਦੇ ਕੁਝ ਖੇਤਰਾਂ ‘ਚ ਟਿੱਡੀਆਂ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ।

ਜ਼ਿਲ੍ਹੇ ਦੇ ਪਿੰਡ ਰਾਮਕੋਟ ਦੇ ਕਿਸਾਨ ਦਵਿੰਦਰ ਸਹਾਰਨ, ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਖ਼ਾਸ ਕਰ ਕੇ ਪੰਜਾਬ ਵਿਚ ਟਿੱਡੀ ਦਲ ਦਾ ਪ੍ਰਕੋਪ ਦੇਖਣ ਨੂੰ ਨਹੀਂ ਮਿਲਿਆ, ਪਰ ਹੁਣ ਰਾਜਸਥਾਨ ਦੇ ਸਰਹੱਦੀ ਖੇਤਰਾਂ ‘ਚ ਟਿੱਡੀਆਂ ਦਿਖਾਈ ਦੇਣ ਕਾਰਨ ਕਈ ਜ਼ਿਲਿ੍ਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ, ਜਿਸ ਕਾਰਨ ਉਨ੍ਹਾਂ ਦੇ ਤੇ ਕਈ ਕਿਸਾਨਾਂ ਦੇ ਚਿਹਰਿਆਂ ‘ਤੇ ਚਿੰਤਾ ਦੀਆਂ ਲਕੀਰਾਂ ਬਣ ਗਈਆਂ ਹਨ ਕਿਉਂਕਿ ਇਹ ਟਿੱਡੀ ਜਿਸ ਵੀ ਫ਼ਸਲ ‘ਤੇ ਬੈਠ ਜਾਏ, ਉਹ ਉਸ ਫ਼ਸਲ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰਨ ਤੋਂ ਬਾਅਦ ਹੀ ਅੱਗੇ ਵਧਦੀ ਹੈ।

ਸਰਕਾਰ ਹਮਲੇ ਤੋਂ ਪਹਿਲਾਂ ਕੱਢੇ ਹੱਲ : ਪ੍ਰਗਟ ਸਿੰਘ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਕਿਸਾਨ ਪਹਿਲੇ ਹੀ ਕਾਫ਼ੀ ਪਰੇਸ਼ਾਨ ਹਨ। ਉੱਪਰ ਤੋਂ ਜੇਕਰ ਟਿੱਡੀਆਂ ਦਾ ਹਮਲਾ ਹੁੰਦਾ ਹੈ, ਤਾਂ ਉਨ੍ਹਾਂ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਟਿੱਡੀ ਅਜਿਹਾ ਕੀੜਾ ਹੈ, ਜਿਸਦਾ ਅਜੇ ਤਕ ਹੱਲ ਨਹੀਂ ਕੱਢਿਆ ਜਾ ਸਕਿਆ। ਉਹ ਜੇਕਰ ਰਾਤ ਦੇ ਸਮੇਂ ਕਿਸੇ ਵੀ ਖੇਤ ‘ਤੇ ਬੈਠ ਜਾਏ, ਤਾਂ ਸਵੇਰ ਤਕ ਖੇਤ ਨੂੰ ਸਾਫ਼ ਕਰ ਦਿੰਦੀ ਹੈ। ਫਿਲਹਾਲ ਤਾਂ ਖੇਤਰ ਵਿਚ ਟਿੱਡੀਆਂ ਦੀ ਕੋਈ ਹਲਚਲ ਨਹੀਂ ਹੈ, ਪਰ ਫਿਰ ਵੀ ਸਰਕਾਰ ਇਸਦੇ ਹਮਲੇ ਤੋਂ ਪਹਿਲਾਂ ਇਸਦਾ ਹੱਲ ਕੱਢੇ।

ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਸਟਾਫ਼ ਚੌਕੰਨਾ : ਸਵਰਣ ਸਿੰਘ
ਬਲਾਕ ਖੇਤੀ ਅਧਿਕਾਰੀ ਸਵਰਣ ਸਿੰਘ ਨੇ ਕਿਹਾ ਕਿ ਮੁੱਖ ਖੇਤੀ ਅਧਿਕਾਰੀ ਮਨਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਨਾਲ ਫੀਲਡ ਸਟਾਫ ਦੀ ਡਿਊਟੀ ਲਗਾ ਦਿੱਤੀ ਹੈ ਕਿ ਉਹ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰੇ। ਇਸ ਤੋਂ ਇਲਾਵਾ ਪਿੰਡਾਂ ਵਿਚ ਲਾਊਡ ਸਪੀਕਰ ਦੇ ਜ਼ਰੀਏ ਵੀ ਕਿਸਾਨਾਂ ਨੂੰ ਟਿੱਡੀਆਂ ਦੇ ਹਮਲੇ ਬਾਰੇ ਤੁਰੰਤ ਵਿਭਾਗ ਨੂੰ ਜਾਣਕਾਰੀ ਦੇਣ ਸਬੰਧੀ ਕਹਿ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਸਮੱਸਿਆ ਨਾਲ ਨਿਪਟਣ ਲਈ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਫਾਜ਼ਿਲਕਾ ਵਿਚ ਹਾਲਾਤ ਸਾਧਾਰਨ ਹਨ।

Leave a Reply

Your email address will not be published. Required fields are marked *