ਪੰਜਾਬ ਭਾਜਪਾ ’ਚ ਅੰਦਰੂਨੀ ਕਲੇਸ਼ ਸ਼ੁਰੂ

ਕੋਟਕਪੂਰਾ : ਨਗਰ ਕੌਂਸਲ ਚੋਣਾਂ ’ਚ ਮਿਲੀ ਕਰਾਰੀ ਹਾਰ ਮਗਰੋਂ ਭਾਜਪਾ ਅੰਦਰ ਕਲੇਸ਼ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਵੀ ਇਹ ਕਲੇਸ਼ ਸਪੱਸ਼ਟ ਦਿਖਾਈ ਦੇ ਰਿਹਾ ਹੈ। ਭਾਜਪਾ ਪੰਜਾਬ ਸੂੁਬਾਈ ਦੇ ਇਕ ਧੜੇ ਵੱਲੋਂ ਅੱਜ ਇਥੇ ਪਾਰਟੀ ਦੀ ਸੂਬਾ ਸਕੱਤਰ ਸੁਨੀਤਾ ਗਰਗ ਖ਼ਿਲਾਫ਼ ਪੱਤਰਕਾਰ ਮਿਲਣੀ ਕਰਵਾਈ ਗਈ ਜਿਸ ਵਿਚ ਉਨ੍ਹਾਂ ’ਤੇ ਦੋਸ਼ ਲਾਉਂਦਿਆਂ ਪਾਰਟੀ ’ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ’ਚ ਸਟੇਟ ਇਨਵਾਇਟੀ ਮੈਂਬਰ ਜੈਪਾਲ ਗਰਗ, ਸੇਵਾਮੁਕਤ ਅਧਿਆਪਕ ਹਰਬੰਸ ਲਾਲ ਸ਼ਰਮਾ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਕਮਲ ਗਰਗ, ਸਾਬਕਾ ਮੰਡਲ ਪ੍ਰਧਾਨ ਮਦਨ ਗੋਪਾਲ, ਗਿੰਦਰ ਸਿੰਘ ਰੋਮਾਣਾ, ਪਾਖਰ ਸਿੰਘ, ਹਰਜੀਤ ਸਿੰਘ, ਮਨੋਜ ਕੁਮਾਰ, ਸੰਜੇ ਕੁਮਾਰ ਨੇ ਸੂਬਾਈ ਸਕੱਤਰ ’ਤੇ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਪਾਰਟੀ ਵੱਲੋਂ ਭੇਜੇ ਗਏ ਫ਼ੰਡਾਂ ਵਿਚ ਕਥਿਤ ਘਪਲੇਬਾਜ਼ੀ ਕਰਨ ਦੇ ਦੋਸ਼ ਲਾੲੇ। ਜੈਪਾਲ ਗਰਗ ਨੇ ਦੋਸ਼ ਲਾਇਆ ਕਿ ਉਮੀਦਵਾਰਾਂ ਨੂੰ ਚੋਣ ਮੁਹਿੰਮ ਚਲਾਉਣ ਲਈ ਹਾਈਕਮਾਂਡ ਨੇ ਕਰੀਬ 13 ਲੱਖ ਰੁਪਏ ਭੇਜੇ ਸਨ ਪਰ ਇਹ ਰਕਮ ਪੂਰੀ ਤਰ੍ਹਾਂ ਵੰਡੀ ਨਹੀਂ ਗਈ। ਮੀਟਿੰਗ ’ਚ ਮੌਜੂਦ ਜੈਤੋ ਦੇ ਇਕ ਵਾਰਡ ’ਚੋਂ ਚੋਣ ਲੜੇ ਰਾਜ ਕੁਮਾਰ ਸ਼ਰਮਾ ਨੇ ਆਖਿਆ ਕਿ ਮੰਡਲ ਪ੍ਰਧਾਨ ਨੇ ਉਸ ਦੇ ਵਿਰੋਧ ਵਿਚ ਕਾਂਗਰਸੀ ਉਮੀਦਵਾਰ ਦਾ ਪੋਲਿੰਗ ਏਜੰਟ ਬਣ ਕੇ ਪਾਰਟੀ ਦੀ ਬੇੜੀ ਡੋਬੀ ਹੈ। ਉਸ ਨੇ ਮੰਗ ਕੀਤੀ ਕਿ ਹਾਈਕਮਾਂਡ ਨੂੰ ਇਸ ਜ਼ਿਲ੍ਹੇ ਅੰਦਰ ਪਾਰਟੀ ਟਿਕਟ ’ਤੇ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨਾਲ ਸੰਪਰਕ ਕਰਕੇ ਸਥਿਤੀ ਦਾ ਸਹੀ ਜਾਇਜ਼ਾ ਲੈਣਾ ਚਾਹੀਦਾ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸੁਨੀਤਾ ਗਰਗ ਵੱਲੋਂ ਜੈਪਾਲ ਗਰਗ, ਆਸ਼ੂ ਗੱਪਾ, ਭੂਸ਼ਣ ਕੁਮਾਰ ਮਿੱਤਲ ਅਤੇ ਰਾਕੇਸ਼ ਗੋਇਲ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਜਿਸ ਮਗਰੋਂ ਪਾਰਟੀ ਵਿਚ ਨਿਘਾਰ ਆਇਆ। ਦੂਜੇ ਪਾਸੇ ਸੁਨੀਤਾ ਗਰਗ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।