ਪੰਜਾਬ ਵਿਧਾਨ ਸਭਾ: ਖਹਿਰਾ ’ਤੇ ਛਾਪੇ ਗੈਰਸੰਵਿਧਾਨਕ ਕਰਾਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਅੱਜ ਬਜਟ ਇਜਲਾਸ ਦੌਰਾਨ ਕੇਂਦਰ ਸਰਕਾਰ ਨੂੰ ਸਿੱਧਾ ਨਿਸ਼ਾਨੇ ’ਤੇ ਲੈਂਦਿਆਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਾਰੇ ਛਾਪਿਆਂ ਨੂੰ ਗੈਰਸੰਵਿਧਾਨਕ ਤੇ ਗੈਰਵਾਜਬ ਕਰਾਰ ਦਿੱਤਾ ਹੈ। ਕੈਪਟਨ ਸਰਕਾਰ ਇਸ ਤੋਂ ਪਹਿਲਾਂ ਸੀਬੀਆਈ ਦੀ ਰਾਜ ’ਚ ਬਿਨਾਂ ਪ੍ਰਵਾਨਗੀ ਤੋਂ ਸਿੱਧੀ ਛਾਪੇਮਾਰੀ ਖਿਲਾਫ਼ ਵੀ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ। ਸਦਨ ਨੇ ਅੱਜ ਕੇਂਦਰੀ ਏਜੰਸੀਆਂ ਖਿਲਾਫ਼ ਇਹ ਕਦਮ ਚੁੱਕ ਕੇ ਕੇਂਦਰ ਸਰਕਾਰ ਨੂੰ ਸਖ਼ਤ ਤੇਵਰ ਵਿਖਾ ਦਿੱਤੇ ਹਨ। ਇਸ ਦੌਰਾਨ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ ਹੈ। ਸਦਨ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਕਿਸਾਨ ਘੋਲ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਹਮਾਇਤੀ ਧਿਰਾਂ ਨੂੰ ਦਿੱਤੀ ਜਾ ਰਹੀ ਪ੍ਰੇਸ਼ਾਨੀ ਨੂੰ ਲੈ ਕੇ ਰੋਸ ਵੇਖਣ ਨੂੰ ਮਿਲਿਆ। ਈਡੀ ਵੱਲੋਂ ਖਹਿਰਾ ਦੀ ਰਿਹਾਇਸ਼ ’ਤੇ ਲੰਘੇ ਦਿਨ ਕੀਤੀ ਛਾਪੇਮਾਰੀ ਦੀ ਪੰਜਾਬ ਅਸੈਂਬਲੀ ’ਚ ਅੱਜ ਦੂਜੇ ਦਿਨ ਵੀ ਗੂੰਜ ਪੈਂਦੀ ਰਹੀ। ਬਜਟ ਇਜਲਾਸ ਦੇ ਅਖੀਰਲੇ ਦਿਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਦਨ ਨੇ ਕੇਂਦਰੀ ਏਜੰਸੀਆਂ ਜਿਵੇਂ ਸੀਬੀਆਈ, ਈਡੀ, ਐੱਨਆਈਏ ਆਦਿ ਦੀ ਵਰਤੋਂ ਕਿਸਾਨਾਂ, ਰਾਜਨੀਤਿਕ ਤੌਰ ’ਤੇ ਚੁਣੇ ਨੁਮਾਇੰਦਿਆਂ ਅਤੇ ਇੱਥੋਂ ਤੱਕ ਕਿ ਕੁਝ ਸਰਕਾਰੀ ਅਧਿਕਾਰੀਆਂ ਸਮੇਤ ਨਿਰਦੋਸ਼ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਕੀਤੇ ਜਾਣ ਵਿਰੁੱਧ ਇਕਸੁਰ ਵਿੱਚ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਜਨਤਕ ਜ਼ਿੰਦਗੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਨ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਜਲਾਸ ਦੌਰਾਨ ਸੁਖਪਾਲ ਖਹਿਰਾ ਨੂੰ ਸਦਨ ਦੀ ਕਾਰਵਾਈ ਵਿੱਚ ਗੈਰਹਾਜ਼ਰ ਰਹਿਣ ਲਈ ਮਜਬੂਰ ਕੀਤਾ ਗਿਆ ਅਤੇ ਈਡੀ ਦੀ ਗੈਰਵਾਜਬ ਅਤੇ ਗੈਰਸੰਵਿਧਾਨਕ ਦਖ਼ਲਅੰਦਾਜ਼ੀ ਕਰਕੇ ਉਨ੍ਹਾਂ ਨੂੰ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕਿਆ ਗਿਆ, ਜਿਸ ਦਾ ਸਦਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਨੋਟਿਸ ਲਿਆ ਗਿਆ ਹੈ। ਉਨ੍ਹਾਂ ਈਡੀ ਦੀ ਇਸ ਕਾਰਵਾਈ ਦੀ ਆਲੋਚਨਾ ਵੀ ਕੀਤੀ। ਸਦਨ ਨੇ ਕੇਂਦਰੀ ਏਜੰਸੀਆਂ ਦੀ ਗੈਰਸੰਵਿਧਾਨਿਕ ਅਤੇ ਗੈਰਵਾਜਬ ਵਰਤੋਂ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਨਿਰਧਾਰਿਤ ਪ੍ਰਕਿਰਿਆ ਨੂੰ ਤੋੜ ਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰੇ ਅਤੇ ਦੇਸ਼ ਵਿੱਚ ਸਥਾਪਤ ਜਮਹੂਰੀ ਸਿਧਾਂਤਾਂ ਨੂੰ ਕਾਇਮ ਰੱਖੇ।
ਇਸ ਤੋਂ ਪਹਿਲਾਂ ਵਿਧਾਇਕ ਕੰਵਰ ਸੰਧੂ ਨੇ ਈਡੀ ਵੱਲੋਂ ਖਹਿਰਾ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਦਾ ਮਾਮਲਾ ਅੱਜ ਸਦਨ ਵਿੱਚ ਚੁੱਕਿਆ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਵੱਲੋਂ ਵਿਧਾਇਕ ਖਹਿਰਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਸੰਧੂ ਨੇ ਕਿਹਾ ਕਿ ਕਿਸਾਨ ਘੋਲ ਦੌਰਾਨ ਖਹਿਰਾ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ ਹੈ ਅਤੇ ਇਹ ਕੇਂਦਰੀ ਏਜੰਸੀ ਦੀ ਵਿਧਾਇਕ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਹੈ। ਵਿਧਾਇਕ ਨੇ ਇਸ ਪੂਰੇ ਮਾਮਲੇ ’ਤੇ ਸਦਨ ਵਿਚ ਨਾਖੁਸ਼ੀ ਜ਼ਾਹਰ ਕੀਤੇ ਜਾਣ ਦੀ ਮੰਗ ਵੀ ਕੀਤੀ।
ਸਪੀਕਰ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਇਜਲਾਸ ਦੌਰਾਨ ਕਿਸੇ ਵਿਧਾਇਕ ਨੂੰ ਸਦਨ ਵਿਚ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਹੈ ਅਤੇ ਮੈਂਬਰਾਂ ਵੱਲੋਂ ਇਸ ਬਾਰੇ ਮਤਾ ਲਿਆਉਣਾ ਚਾਹੀਦਾ ਹੈ। ਬ੍ਰਹਮ ਮਹਿੰਦਰਾ ਆਖਦੇ ਰਹੇ ਕਿ ਸਪੀਕਰ ਮਤਾ ਲੈ ਕੇ ਆਉਣ। ਨਵਜੋਤ ਸਿੱਧੂ ਨੇ ਮੁੜ ਆਖਿਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ ਅੰਦਰ ਕਰ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਕਿਸਾਨਾਂ ਨੂੰ ਰਾਸ਼ਟਰ ਵਿਰੋਧੀ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਡੰਡਾਤੰਤਰ ਹੈ।
ਅਨਿਆਂ ਖਿਲਾਫ਼ ਲੜਾਂਗਾ: ਖਹਿਰਾ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਦਨ ਵਿਚ ਕਿਹਾ ਕਿ ਉਹ ਕਿਸਾਨੀ ਘੋਲ ਦੀ ਹਮਾਇਤ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਡਟ ਕੇ ਬੋਲਦੇ ਰਹਿਣਗੇ ਅਤੇ ਅਨਿਆਂ ਖਿਲਾਫ਼ ਲੜਦੇ ਰਹਿਣਗੇ। ਉਨ੍ਹਾਂ ਇਸ ਪੂਰੇ ਮਾਮਲੇ ਨੂੰ ਸਦਨ ਵਿੱਚ ਉਠਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਈਡੀ ਨੇ ਜਾਣਬੁੱਝ ਕੇ ਝੂਠੇ ਮਾਮਲੇ ਵਿਚ ਛਾਪੇ ਮਾਰੇ ਹਨ। ਖਹਿਰਾ ਨੇ ਕਿਹਾ ਕਿ ਈਡੀ ਦੀ ਟੀਮ ਨੇ ਉਨ੍ਹਾਂ ਡਾਇਰੀਆਂ ’ਤੇ ਵੀ ਦਸਤਖ਼ਤ ਕਰਾ ਲਏ ਹਨ, ਜਿਨ੍ਹਾਂ ਡਾਇਰੀਆਂ ਵਿਚ ਕੈਂਸਰ ਪੀੜਤਾਂ ਨੂੰ ਰਿਸ਼ਤੇਦਾਰਾਂ ਵੱਲੋਂ ਦਿੱਤੀ ਵਿੱਤੀ ਮਦਦ ਦਾ ਜ਼ਿਕਰ ਸੀ।
ਖਹਿਰਾ ਸਾਹਿਬ! ਮੈਂ ਤੁਹਾਡੇ ਨਾਲ ਖੜ੍ਹਾਂਗਾ: ਸਿੱਧੂ
ਵਿਧਾਇਕ ਨਵਜੋਤ ਸਿੱਧੂ ਨੇ ਸਾਥੀ ਵਿਧਾਇਕ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਮਾਰੇ ਛਾਪਿਆਂ ’ਤੇ ਆਪਣੇ ਪ੍ਰਤੀਕਰਮ ਵਿੱਚ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਰਵੱਈਆ ਪੱਖਪਾਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਉਨ੍ਹਾਂ ਬਿਨਾਂ ਨਾਮ ਲਏ ਕਿਹਾ ਕਿ ਇੱਕ ‘ਛੇ ਫੁੱਟ ਚਾਰ ਇੰਚ ਵਾਲੇ’ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਜਾਂਚ ਅਧਿਕਾਰੀ ਨੂੰ ਬਦਲ ਦਿੱਤਾ ਜਾਂਦਾ ਹੈ ਜਦੋਂਕਿ ਦੂਜੇ ਪਾਸੇ ਖਹਿਰਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ‘ਖਹਿਰਾ ਸਾਹਿਬ ! ਮੈਂ ਤੁਹਾਡੇ ਨਾਲ ਖੜ੍ਹਾਂਗਾ।’
ਵਿਰੋਧੀ ਧਿਰਾਂ ਦੇ ਰੌਲੇ-ਰੱਪੇ ’ਚ ਬਜਟ ਇਜਲਾਸ ਸਮਾਪਤ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਦਰਮਿਆਨ ਸਮਾਪਤ ਹੋ ਗਿਆ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਦੌਰਾਨ ਅੱਜ ਬਜਟ ’ਤੇ ਬਹਿਸ ਨੂੰ ਸੰਖੇਪ ਕਰਕੇ ਸਮੇਟਿਆ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਕੀਤੇ ਹੰਗਾਮੇ ਕਰਕੇ ਵਿੱਤ ਮੰਤਰੀ ਨੂੰ ਬਜਟ ’ਤੇ ਬਹਿਸ ਦੌਰਾਨ ਦਿੱਕਤ ਆਈ ਤੇ ਉਨ੍ਹਾਂ ਰੌਲੇ-ਰੱਪੇ ਦੌਰਾਨ ਹੀ ਆਪਣਾ ਭਾਸ਼ਣ ਪੂਰਾ ਕੀਤਾ। ਵਿਰੋਧੀ ਧਿਰਾਂ ਦੇ ਹੰਗਾਮੇ ਕਰਕੇ ਮਨਪ੍ਰੀਤ ਬਾਦਲ ਨੂੰ ਚਾਰ ਮਿੰਟ ਲਈ ਭਾਸ਼ਣ ਰੋਕ ਕੇ ਬੈਠਣਾ ਵੀ ਪਿਆ। ਬਜਟ ਇਜਲਾਸ ਦੇ ਆਖਰੀ ਦਿਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਦੀਆਂ ਖੂਬੀਆਂ ਬਾਰੇ ਚਰਚਾ ਕੀਤੀ। ਅੱਧੇ ਘੰਟੇ ਮਗਰੋਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਿਧਾਇਕਾਂ ਨੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਕਾਲੀ ਵਿਧਾਇਕਾਂ ਨੇ ਬਿਕਰਮ ਮਜੀਠੀਆ ਅਤੇ ਸ਼ਰਨਜੀਤ ਢਿੱਲੋਂ ਦੀ ਅਗਵਾਈ ਵਿਚ ਸਪੀਕਰ ਦੇ ਆਸਣ ਅੱਗੇ ਕਰੀਬ 33 ਮਿੰਟ ਲਗਾਤਾਰ ਨਾਅਰੇ ਮਾਰਨ ਮਗਰੋਂ ਸਦਨ ’ਚੋਂ ਵਾਕਆਊਟ ਕੀਤਾ। ਇਸ ਤੋਂ ਪਹਿਲਾਂ ਅਕਾਲੀ ਵਿਧਾਇਕਾਂ ਨੇ ਵਿੱਤ ਮੰਤਰੀ ਦੇ ਲਾਗੇ ਖੜ੍ਹ ਕੇ ਵੀ ਨਾਅਰੇ ਲਾਏ। ਅਕਾਲੀ ਵਿਧਾਇਕਾਂ ਨੇ ਮਹਿੰਗੀ ਬਿਜਲੀ ਦੇ ਮੁੱਦੇ ’ਤੇ ਅਤੇ ‘ਆਪ’ ਨੇ ਸਰਕਾਰ ਵੱਲੋਂ ਲਾਏ ਜਾ ਰਹੇ ਨਵੇਂ ਬੁਨਿਆਦੀ ਢਾਂਚਾ ਸੈੱਸ ਦੇ ਮੁੱਦੇ ’ਤੇ ਨਾਅਰੇਬਾਜ਼ੀ ਕੀਤੀ। ਮਗਰੋਂ ‘ਆਪ’ ਵਿਧਾਇਕ ਵੀ ਸਦਨ ’ਚੋਂ ਵਾਕਆਊਟ ਕਰ ਗਏ। ਉਂਜ ਆਖਰੀ ਦਿਨ ਸਦਨ ਵਿਚ ਮਾਹੌਲ ਕਾਫੀ ਹੰਗਾਮੇ ਵਾਲਾ ਬਣਿਆ ਰਿਹਾ। ਸਿਫਰ ਕਾਲ ਦੌਰਾਨ ਵੀ ਅਕਾਲੀ ਵਿਧਾਇਕਾਂ ਨੇ ਆਂਗਣਵਾੜੀ ਵਰਕਰਾਂ ਦੀ ਬਠਿੰਡਾ ’ਚ ਹੋਈ ਖਿੱਚ-ਧੂਹ ਦੇ ਮੁੱਦੇ ’ਤੇ ਵਾਕਆਊਟ ਕੀਤਾ।
ਖਜ਼ਾਨਾ ਮੰਤਰੀ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਪੰਜਾਬ ਪ੍ਰਤੀ ਦਰਦ ਦਾ ਪ੍ਰਗਟਾਅ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਵਰ੍ਹੇ ਦੌਰਾਨ 33 ਹਜ਼ਾਰ ਲੜਕੀਆਂ ਨੂੰ ਨੌਕਰੀ ਮਿਲੇਗੀ। ਵਿੱਤ ਮੰਤਰੀ ਨੇ ਅੱਜ ਹਾਕਮ ਧਿਰ ਦੇ ਹਲਕਿਆਂ ਲਈ ਨਵੇਂ ਐਲਾਨ ਕੀਤੇ, ਜਿਨ੍ਹਾਂ ਵਿਚ ਬਨੂੜ ਤੇ ਰਾਮਪੁਰਾ ਲਈ ਨਵਾਂ ਤਹਿਸੀਲ ਕੰਪਲੈਕਸ, ਧੂਰੀ ਹਲਕੇ ਲਈ ਓਵਰ ਬਰਿੱਜ, ਹੁਸ਼ਿਆਰਪੁਰ ਲਈ ਫੂਡ ਸਟਰੀਟ, ਘਨੌਰ ਅਤੇ ਫਤਹਿਗੜ੍ਹ ਚੂੜੀਆਂ ਲਈ ਐਸਟੀਪੀ, ਅਮਲੋਹ ਲਈ ਹਸਪਤਾਲ, ਸਪੋਰਟਸ ਕੰਪਲੈਕਸ, ਤੈਰਾਕੀ ਪੂਲ ਤੇ ਅਫਸਰ ਕਲੋਨੀ ਸੰਗਰੂਰ ਲਈ, ਮੁਕੇਰੀਆਂ ਲਈ ਸਟੇਡੀਅਮ ਅਤੇ ਸੁਲਤਾਨਪੁਰ ਲੋਧੀ ਲਈ ਧਰਮਸ਼ਾਲਾਵਾਂ ਵਾਸਤੇ ਫੰਡਾਂ ਤੋਂ ਇਲਾਵਾ ਬਾਲਮੀਕ ਸਮਾਜ ਲਈ ਧਰਮਸ਼ਾਲਾਵਾਂ ਵਾਸਤੇ ਪੰਜ ਕਰੋੜ ਅਤੇ ਬ੍ਰਾਹਮਣ ਸਭਾ ਨੂੰ ਪ੍ਰਾਚੀਨ ਮੰਦਰ ਲਈ ਪੰਜ ਕਰੋੜ ਦੇਣ ਦਾ ਐਲਾਨ ਕੀਤਾ। ਮਨਪ੍ਰੀਤ ਨੇ ਕਿਹਾ ਕਿ ਭਲਾਈ ਸਕੀਮਾਂ ਵਿਚ ਕੀਤੇ ਇਜ਼ਾਫੇ ਨਾਲ ਸਿੱਧਾ ਲਾਭ ਗਰੀਬ ਨੂੰ ਜਾਣਾ ਹੈ ਅਤੇ 150 ਕਰੋੜ ਦੀ ਲਾਗਤ ਨਾਲ ਨਵੀਆਂ ਬੱਸਾਂ ਪਾਈਆਂ ਜਾਣੀਆਂ ਹਨ। ਖਜ਼ਾਨਾ ਮੰਤਰੀ ਨੇ ਪੰਜਾਬ ਸਿਰ ਵਧ ਰਹੇ ਕਰਜ਼ੇ ਅਤੇ ਫੰਡਾਂ ਦੇ ਪ੍ਰਬੰਧ ਬਾਰੇ ਵੀ ਸਫਾਈ ਪੇਸ਼ ਕੀਤੀ। ਉਨ੍ਹਾਂ ਬਜਟ ਵਿੱਚ ਸਸਤੀ ਬਿਜਲੀ ਅਤੇ ਕਿਸਾਨ ਖੁਦਕੁਸ਼ੀ ਪੀੜਤਾਂ ਲਈ ਮੁਆਵਜ਼ਾ ਅਤੇ ਬੇਕਾਰੀ ਭੱਤੇ ਨਾ ਦਿੱਤੇ ਜਾਣ ਬਾਰੇ ਬੋਲਣ ਤੋਂ ਪਾਸਾ ਹੀ ਵੱਟਿਆ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਜਟ ਨੂੰ ਕਾਂਗਰਸ ਦਾ ਚੋਣ ਮੈਨੀਫੈਸਟੋ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਤੋਂ ਸਰਕਾਰ ਭੱਜ ਗਈ ਅਤੇ ਦਲਿਤਾਂ ਦੀ ਭਲਾਈ ਖਾਸ ਕਰਕੇ ਵਜ਼ੀਫੇ ਵਿਚ ਅਨਿਆਂ ਹੋਇਆ ਹੈ। ਚੀਮਾ ਨੇ ਬਿਜਲੀ ਦੇ ਰੇਟ ਨਾ ਘਟਾਏ ਜਾਣ ਅਤੇ ਬੇਰੁਜ਼ਗਾਰੀ ਭੱਤਾ ਨਾ ਦਿੱਤੇ ਜਾਣ ਦੀ ਗੱਲ ਵੀ ਰੱਖੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੱਤਾ।
ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਬੇਦਅਬੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਗੁਰੂ ਨਾਲ ਮੱਥਾ ਲਾਇਆ, ਉਸ ਦਾ ਖਾਨਦਾਨ ਮਿਟ ਜਾਂਦਾ ਹੈ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਬਾਕੀ ਸੂਬਿਆਂ ਨਾਲੋਂ ਪਛੜ ਗਿਆ ਹੈ। ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਸਿਰ ਕਰਜ਼ ਨੂੰ ਤਿੰਨ ਲੱਖ ਕਰੋੜ ਤੱਕ ਲੈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਕਰੀਬ 1000 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਿਸ ’ਚ ਜਾਲਸਾਜ਼ੀ ਹੋਈ ਹੈ। ਵਿਧਾਇਕ ਐੱਨ.ਕੇ.ਸ਼ਰਮਾ ਨੇ ਵੀ 15 ਲੱਖ ਮੀਟਰਿਕ ਟਨ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਵਿਕਣ ਦੀ ਗੱਲ ਆਖੀ ਅਤੇ ਕੇਂਦਰ ਦੀ ਸਿੱਧੀ ਅਦਾਇਗੀ ਦੇ ਫੈਸਲੇ ਦੀ ਆਲੋਚਨਾ ਕੀਤੀ। ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਿਰ ਕਰਜ਼ਾ ਹਰ ਸਾਲ 15,600 ਕਰੋੋੜ ਵਧ ਰਿਹਾ ਹੈ। ਵਿਧਾਇਕ ਮੀਤ ਹੇਅਰ ਨੇ ਮਹਿੰਗੀ ਮੈਡੀਕਲ ਸਿੱਖਿਆ ਦੀ ਗੱਲ ਕੀਤੀ। ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਬਜਟ ਦੀ ਸ਼ਲਾਘਾ ਕੀਤੀ ਅਤੇ ਵਿਧਾਇਕ ਨੱਥੂ ਰਾਮ ਨੇ ਹੜ੍ਹਾਂ ਦੀ ਮਾਰ ਦਾ ਮਸਲਾ ਰੱਖਿਆ।