ਪੰਜਾਬ ਵਿੱਚ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜੀ

ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਅੱਜ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ ਅਤੇ 16 ਜਨਵਰੀ ਤੋਂ ਪੰਜਾਬ ਵਿੱਚ ਟੀਕਾਕਰਨ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਨੇ 16 ਜਨਵਰੀ ਨੂੰ 110 ਥਾਵਾਂ ’ਤੇ ਹੈਲਥ ਕੇਅਰ ਵਰਕਰਾਂ (ਐੱਚਸੀਡਬਲਿਊ) ਦੇ ਟੀਕਾਕਰਨ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਅੱਜ ਟੀਕੇ ਦੀਆਂ 20,450 ਵਾਇਲ (ਸ਼ੀਸ਼ੀਆਂ) ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ ਵਿਚ ਟੀਕੇ ਦੀਆਂ 10 ਖੁਰਾਕਾਂ ਹਨ, ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫ਼ਰਕ ਨਾਲ ਦੋ ਖ਼ੁਰਾਕਾਂ ਵਿੱਚ ਦਿੱਤੀਆਂ ਜਾਣਗੀਆਂ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਈਪੀਆਈ ਅਧਿਕਾਰੀ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਵੀਸ਼ੀਲਡ ਨਾਮੀ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪ੍ਰਾਪਤ ਕੀਤੀ। ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਹੁਣ ਇਸ ਦਾ ਉਤਪਾਦਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਤੀਜੇ ਪੜਾਅ ਦੇ ਟਰਾਇਲਾਂ ਦਾ ਡਾਟਾ ਉਪਲੱਬਧ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸ਼ੁਰੂਆਤ ਲਈ ਹਰੇਕ ਜ਼ਿਲ੍ਹੇ ਵਿੱਚ ਪੰਜ ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਹਰੇਕ ਸਥਾਨ ’ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਜ਼ਿਲ੍ਹਾ ਹਸਪਤਾਲ ਐੱਸਏਐੱਸ ਨਗਰ ਅਤੇ ਜੀਐੱਮਸੀ ਅੰਮ੍ਰਿਤਸਰ ਵਿੱਚ ਕੇਂਦਰ ਸਰਕਾਰ ਨਾਲ ਦੋ ਸੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਨ/ਵੈੱਬਕਾਸਟ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ-24 ਵਿੱਚ ਸਟੋਰ ਕੀਤਾ ਗਿਆ ਹੈ ਅਤੇ ਮਗਰੋਂ ਇਸ ਨੂੰ ਖੇਤਰੀ, ਜ਼ਿਲ੍ਹਾ ਅਤੇ ਬਲਾਕ ਵੈਕਸੀਨ ਸਟੋਰਾਂ ’ਤੇ ਉਪਲੱਬਧ ਕਰਵਾਇਆ ਜਾਵੇਗਾ। ਹਰੇਕ ਟੀਕਾਕਰਨ ਸੈਸ਼ਨ ਦੇ ਪ੍ਰਬੰਧਨ ਲਈ ਪੰਜ ਮੈਂਬਰੀ ਟੀਮ ਬਣਾਈ ਗਈ ਹੈ। ਇਸ ਤੋਂ ਇਲਾਵਾ ਟੀਕਾਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟੀਮ ਸੁਪਰਵਾਈਜ਼ਰ ਅਤੇ ਏਈਐੱਫਆਈ ਪ੍ਰਬੰਧਨ ਕੇਂਦਰ ਵਿੱਚ ਨੋਡਲ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ।  

Leave a Reply

Your email address will not be published. Required fields are marked *