ਬੁੱਤ ਤੋੜਨ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਰਾਜਪੁਰਾ : ਇੱਥੋਂ ਦੇ ਆਈਟੀਆਈ ਚੌਕ ਨੇੜਲੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਦਲਿਤ ਸਮਾਜ ਸਮੇਤ ਹੋਰਨਾਂ ਵਰਗਾਂ ਨੇ ਹੰਸ ਰਾਜ ਬਨਵਾੜੀ, ਅਸ਼ੋਕ ਕਮੁਾਰ ਬਿੱਟੂ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਬਲਦੇਵ ਸਿੰਘ ਮਹਿਰਾ, ਐਡਵੋਕੇਟ ਰਵਿੰਦਰ ਸਿੰਘ, ਸਤਪਾਲ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਦੂਜੇ ਦਿਨ ਵੀ ਰੋਸ ਧਰਨਾ ਦਿੱਤਾ, ਜਿਸ ਨੂੰ ਬਾਅਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਮਗਰੋਂ ਚੁੱਕ ਲਿਆ ਗਿਆ। ਬੁਲਾਰਿਆਂ ਨੇ ਦੱਸਿਆ ਕਿ ਡਾ. ਅੰਬੇਡਕਰ ਦੇ ਇਸ ਬੁੱਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਕਰੀਬ ਡੇਢ ਸਾਲ ਦੇ ਅਰਸੇ ਦੌਰਾਨ ਦੂਜੀ ਵਾਰ ਬੁੱਤ ਦੇ ਸੱਜੇ ਹੱਥ ਦੀ ਉਂਗਲ ਤੋੜ ਕੇ ਨੁਕਸਾਨ ਪਹੁੰਚਾਇਆ ਗਿਆ ਹੈ ਪਰ ਹਾਲੇ ਤਕ ਪਹਿਲੀ ਘਟਨਾ ਨੁੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੁੱਜੇ ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲੀਸ ਨੇ ਮੰਗਲਵਾਰ ਤਕ ਦਾ ਸਮਾਂ ਮੰਗਿਆ ਹੈ, ਇਸ ਤੋਂ ਪਹਿਲਾਂ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਨਾਇਬ ਤਹਿਸੀਲਦਾਰ ਨੇ ਕਿਹਾ ਕਿ ਬੁੱਤ ਦੀ ਸੁਰੱਖਿਆ ਲਈ ਇਸ ਦੇ ਆਲੇ- ਦੁਆਲੇ ਗਰਿੱਲਾਂ ਲਗਾਈਆਂ ਜਾ ਰਹੀਆਂ ਸਨ, ਮੂਰਤੀ ਨੂੰ ਕੱਚ ਦੇ ਸ਼ੀਸ਼ੇ ਨਾਲ ਢੱਕਿਆ ਜਾਵੇਗਾ ਅਤੇ ਨਵੇਂ ਕੈਮਰੇ ਲਗਾਏ ਜਾਣਗੇ। ਇਸ ਭਰੋਸੇ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ।