ਬੈਂਸ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤ ਧਰਨੇ ’ਤੇ ਬੈਠੀ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਜਬਰ-ਜਨਾਹ ਦੇ ਦੋਸ਼ ਲਾਉਣ ਵਾਲੀ ਔਰਤ ਵਿਧਾਇਕ ਬੈਂਸ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਇਕੱਲੀ ਹੀ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ। ਔਰਤ ਨੇ ਦੋਸ਼ ਲਾਇਆ ਕਿ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮਗਰੋਂ ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਰੂਰਲ ਕੰਵਰਦੀਪ ਸਿੰਘ ਕੌਰ ਨੇ ਉਸ ਨੂੰ ਮੁਲਾਕਾਤ ਲਈ ਬੁਲਾਇਆ, ਜਿੱਥੇ ਉਸ ਲਈ ਦੋ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ।

ਪੀੜਤ ਔਰਤ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਉਹ ਪੈਸੇ ਲਈ ਅਜਿਹਾ ਕਰ ਰਹੀ ਹੈ ਪਰ ਉਸ ਨਾਲ ਜੋ ਬੀਤੀ ਹੈ, ਉਹੀ ਜਾਣਦੀ ਹੈ। ਉਸ ਨੇ ਕਿਹਾ ਕਿ ਪੁਲੀਸ ਇਸ ਕਾਰਵਾਈ ’ਚ ਦੇਰੀ ਕਰ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਜੇ ਸਮੇਂ ’ਤੇ ਸਹੀ ਕਾਰਵਾਈ ਨਾ ਹੋਈ ਤਾਂ ਉਸ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ। ਕਾਫ਼ੀ ਸਮਾਂ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠਣ ਮਗਰੋਂ ਪੁਲੀਸ ਉਸ ਨੂੰ ਜੁਆਇੰਟ ਕਮਿਸ਼ਨਰ ਕੋਲ ਲੈ ਗਏ। ਉਥੇ ਉਨ੍ਹਾਂ ਉਸ ਦੀ ਸੁਰੱਖਿਆ ਲਈ 2 ਮੁਲਾਜ਼ਮ ਤਾਇਨਾਤ ਕਰ ਦਿੱਤੇ, ਜਿਸ ਮਗਰੋਂ ਸੰਤੁਸ਼ਟ ਹੋ ਕੇ ਉਹ ਚਲੀ ਗਈ।

Leave a Reply

Your email address will not be published. Required fields are marked *