ਬੋਰੀਆਂ ਹੇਠ ਆਉਣ ਕਾਰਨ ਦੋ ਚੌਕੀਦਾਰਾਂ ਦੀ ਮੌਤ

ਮੋਗਾ : ਬਾਘਾਪੁਰਾਣਾ ’ਚ ਵੇਅਰਹਾਊਸ ਗੁਦਾਮ ’ਚ ਬੋਰੀਆਂ ਹੇਠ ਆਉਣ ਕਾਰਨ ਦੋ ਚੌਕੀਦਾਰਾਂ ਦੀ ਮੌਤ ਹੋ ਗਈ। ਗੁਦਾਮ ਅੰਦਰ ਅਚਾਨਕ ਬੋਰੀਆਂ ਦਾ ਚੱਕਾ ਦੋਵਾਂ ਮਜ਼ਦੂਰਾਂ ਉੱਤੇ ਡਿੱਗ ਪਿਆ। ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਭਜਨ ਸਿੰਘ ਪਿੰਡ ਰਾਜੇਆਣਾ ਤੇ ਬਲਜੀਤ ਸਿੰਘ ਪਿੰਡ ਜੈਮਲਵਾਲਾ ਵੇਅਰਹਾਊਸ ਦੇ ਗੁਦਾਮ (ਬਰਾੜ ਪੁਲੰਥ) ’ਚ ਚੌਕੀਦਾਰ ਤਾਇਨਾਤ ਸਨ। ਲੰਘੀ ਰਾਤ ਉਨ੍ਹਾਂ ’ਤੇ ਬੋਰੀਆਂ ਡਿੱਗ ਪਈਆਂ ਤੇ ਹੇਠਾਂ ਦਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਚੌਕੀਦਾਰ ਭਜਨ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪਿਤਾ ਵੱਲੋਂ ਫੋਨ ਨਾ ਚੁੱਕਣ ’ਤੇ ਉਹ ਗੁਦਾਮ ’ਚ ਗਿਆ। ਉਥੇ ਬੋਰੀਆਂ ਹੇਠ ਉਸ ਦੇ ਪਿਤਾ ਤੇ ਦੂਜਾ ਚੌਕੀਦਾਰ ਪਏ ਸਨ। ਇਕੱਠੇ ਹੋਏ ਵਿਅਕਤੀਆਂ ਨੇ ਦੋਵਾਂ ਨੂੰ ਬੋਰੀਆਂ ਹੇਠੋਂ ਕੱਢ ਕੇ ਸਿਵਲ ਹਸਪਤਾਲ ਲਿਆਂਦਾ , ਜਿੱਥੇ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।