ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ਵਿਚ ਕੀਤੇ ਗਏ ਫੌਜੀ ਹਮਲੇ ਦੇ ਰੋਸ ਵਜੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਸ਼੍ਰੋਮਣੀ ਕਮੇਟੀ ਵਲੋਂ ਹਰਿਮੰਦਰ ਸਾਹਿਬ ਸਮੂਹ ਵਿਚ ਮਨਾਇਆ ਗਿਆ। ਇਸ ਮੌਕੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਖਾਲਿਸਤਾਨ ਪੱਖੀ ਨਾਅਰੇ ਵੀ ਲੱਗੇ। ਗੁਰਦੁਆਰਾ ਝੰਡਾ ਬੁੰਗਾ ਵਿਖੇ ਅਖੰਡ ਪਾਠ ਦੇ ਭੋਗ ਮਗਰੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਹੀਦ ਸਤਵੰਤ ਸਿੰਘ ਦੇ ਭਰਾ ਵਰਿਆਮ ਸਿੰਘ ਅਤੇ ਭਤੀਜੇ ਬਲਤੇਜ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਿੱਖ ਕਾਰਕੁਨਾਂ ਵਲੋਂ ਖਾਲਿਸਤਾਨੀ ਪੱਖੀ, ਸੰਤ ਭਿੰਡਰਾਂਵਾਲਾ ਤੇ ਸ਼ਹੀਦਾਂ ਦੇ ਹੱਕ ਵਿਚ ਨਾਅਰੇ ਲਾਏ ਗਏ। ਦੱਸਣਯੋਗ ਹੈ ਕਿ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਦੋਸ਼ ਵਿਚ 6 ਜਨਵਰੀ 1989 ਨੂੰ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਜਦੋਂਕਿ ਬੇਅੰਤ ਸਿੰਘ ਨੂੰ ਹਮਲਾ ਕਰਨ ਵੇਲੇ 31 ਅਕਤੂਬਰ 1984 ਨੂੰ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਸਮਾਗਮ ਵਿਚ ਗਰਮ ਖਿਆਲੀ ਧਿਰਾਂ ਵਲੋਂ ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਬਿੱਟੂ, ਭਾਈ ਮੋਹਕਮ ਸਿੰਘ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਤੇ ਮਨਜੀਤ ਸਿੰਘ ਭੋਮਾ ਹਾਜ਼ਰ ਸਨ।

ਮੁਤਵਾਜ਼ੀ ਜਥੇਦਾਰ ਦੀ ਹਾਜ਼ਰੀ ਨੇ ਚਿੰਤਾ ਵਧਾਈ
ਸਮਾਗਮ ਦੌਰਾਨ ਉਸ ਵੇਲੇ ਸਥਿਤੀ ਦੁਚਿਤੀ ਵਾਲੀ ਬਣ ਗਈ ਜਦੋਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੋਵੇਂ ਇਕੱਠੇ ਹੋ ਗਏ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਚਿੰਤਤ ਰਹੇ ਕਿ ਮੁਤਵਾਜ਼ੀ ਜਥੇਦਾਰ ਜਾਂ ਉਨ੍ਹਾਂ ਦੇ ਸਮਰਥਕਾਂ ਵਲੋਂ ਇਸ ਮੌਕੇ ਕੋਈ ਅੜਿੱਕਾ ਖੜ੍ਹਾ ਨਾ ਕੀਤਾ ਜਾਵੇ ਪਰ ਸਮਾਗਮ ਨਾਅਰੇਬਾਜ਼ੀ ਨੂੰ ਛੱਡ ਕੇ ਸ਼ਾਂਤੀਪੂਰਵਕ ਸਮਾਪਤ ਹੋਇਆ। ਇਸ ਦੌਰਾਨ ਗਰਮ ਖਿਆਲੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਬਾਅਦ ਵਿਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਤਵਾਜ਼ੀ ਜਥੇਦਾਰ ਭਾਈ ਮੰਡ ਕੋਲੋਂ ਵੀ ਸਿਰੋਪੇ ਦਿਵਾ ਕੇ ਸਨਮਾਨਿਤ ਕੀਤਾ।

ਸਿੱਖ ਤਾਲਮੇਲ ਕਮੇਟੀ ਨੇ ਸਮਾਗਮ ਕਰਵਾਇਆ
ਜਲੰਧਰ ਸਿੱਖ ਤਾਲਮੇਲ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ ਯਾਦ ਕਰਦਿਆਂ ਗੁਰਮਤਿ ਸਮਾਗਮ ਕਰਵਾਇਆ। ਸਿੱਖ ਕੌਮ ਵੱਲੋਂ ਇਨ੍ਹਾਂ ਦੋਵੇਂ ਸਿੰਘਾਂ ਨੂੰ ਸ਼ਹੀਦ ਐਲਾਨਿਆ ਹੋਇਆ ਹੈ। ਇਸ ਮੌਕੇ ਜੱਥੇਬੰਦੀ ਦੇ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ, ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਸਿੱਖ ਹਰ ਗੱਲ ਬਰਦਾਸ਼ਤ ਕਰ ਸਕਦੇ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਜਾਂ ਕਿਸੇ ਹੋਰ ਗੁਰਧਾਮਾਂ ’ਤੇ ਹਮਲੇ ਬਰਦਾਸ਼ਤ ਨਹੀਂ ਕਰ ਸਕਦੇ।

Leave a Reply

Your email address will not be published. Required fields are marked *