ਭੁੱਖ ਹੜਤਾਲ ਤੋਂ ਰਾਜੋਆਣਾ ਦਾ ਯੂ-ਟਰਨ

ਪਟਿਆਲਾ: ਸਾਬਕਾ ਮੁੱਖ ਮੰਤਰੀ ਬੇਅੰਤ ਦੀ ਹੱਤਿਆ ਦੇ ਮਾਮਲੇ ’ਚ ਪਟਿਆਲਾ ਜੇਲ੍ਹ ਵਿਚ ਬੰਦ ਖ਼ਤਰਨਾਕ ਅੱਤਵਾਦੀ ਬਲਵੰਤ ਰਾਜੋਆਣਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨਾਲ ਮੁਲਾਕਾਤ ਮਗਰੋਂ 11 ਜਨਵਰੀ ਨੂੰ ਕੀਤੀ ਜਾਣ ਵਾਲੀ ਭੁੱਖ ਹੜਤਾਲ ਦੇ ਐਲਾਨ ਤੋਂ ਯੂ-ਟਰਨ ਲੈ ਲਿਆ ਹੈ। ਰਾਜੋਆਣਾ ਨੇ ਇਹ ਯੂ-ਟਰਨ ਸਜ਼ਾ ਮਾਫ਼ੀ ਦਾ ਭਰੋਸਾ ਮਿਲਣਾ ਪਿੱਛੋਂ ਲਿਆ। ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਸੋਮਵਾਰ ਨੂੰ ਉਸ ਨਾਲ ਇਥੇ ਜੇਲ੍ਹ ਵਿਚ ਮੁਲਾਕਾਤ ਕੀਤੀ ਅਤੇ ਅੱਠ ਸਾਲ ਪਹਿਲਾਂ ਰਾਜੋਆਣਾ ਦੀ ਫਾਂਸੀ ਮੁਆਫ਼ ਕਰਾਉਣ ਲਈ ਰਾਸ਼ਟਰਪਤੀ ਕੋਲ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਦੇ ਫੌਰੀ ਨਿਪਟਾਰੇ ਲਈ ਜਲਦੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਅਤੇ ਹੋਰ ਮੈਂਬਰਾਂ ਨੂੰ ਵੀ ਅਜਿਹਾ ਭਰੋਸਾ ਦਿੱਤਾ ਸੀ।

ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮੈਂਬਰ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਸੁਰਜੀਤ ਸਿੰਘ ਗੜ੍ਹੀ ਤੇ ਕੁਲਦੀਪ ਕੌਰ ਟੌਹੜਾ ਅਤੇ ਮੈਨੇਜਰ ਕਰਨੈਲ ਸਿੰਘ ਨਾਭਾ ਸ਼ਾਮਲ ਸਨ। ਉਨ੍ਹਾਂ ਨਾਲ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੀ ਹਾਜ਼ਰ ਸਨ। ਜੇਲ੍ਹ ਸੁਪਰਡੈਂਟ ਦੇ ਦਫ਼ਤਰ ਵਿਚ ਹੋਈ ਇਸ ਮੁਲਾਕਾਤ ਦੌਰਾਨ ਵਫ਼ਦ ਨੇ ਰਾਜੋਆਣਾ ਨੂੰ ਉਨ੍ਹਾਂ ਦੇ ਫਾਂਸੀ ਸਬੰਧੀ ਕੇਸ ਦੀ ਢੁੱਕਵੇਂ ਰੂਪ ’ਚ ਪੈਰਵੀ ਕਰਨ ਦਾ ਭਰੋਸਾ ਦਿਵਾਇਆ। ਜੇਲ੍ਹ ਤੋਂ ਬਾਹਰ ਆ ਕੇ ਪ੍ਰਧਾਨ ਲੌਂਗੋਵਾਲ ਅਤੇ ਕਮਲਦੀਪ ਕੌਰ ਨੇ ਰਾਜੋਆਣਾ ਵੱਲੋਂ ਭੁੱਖ ਹੜਤਾਲ ਵਾਪਸ ਲੈਣ ਦੀ ਮੀਡੀਆ ਨੂੰ ਵੀ ਅਧਿਕਾਰਤ ਤੌਰ ’ਤੇ ਜਾਣਕਾਰੀ ਦਿੱਤੀ।

ਰਾਜੋਆਣਾ ਨੇ 11 ਜਨਵਰੀ ਨੂੰ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਗ੍ਰਹਿ ਮੰਤਰਾਲੇ ਕੋਲ ਅੱਠ ਸਾਲਾਂ ਤੋਂ ਬਕਾਇਆ ਪਏ ਕੇਸ ਦੀ ਸ਼੍ਰੋਮਣੀ ਕਮੇਟੀ ਵੱੱਲੋਂ ਢੁੱਕਵੇਂ ਰੂਪ ਵਿਚ ਪੈਰਵੀ ਨਹੀਂ ਕੀਤੀ ਜਾ ਰਹੀ ਹੈ। ਇਸੇ ਕਾਰਨ ਰਾਜੋਆਣਾ ਦੋ ਵਾਰ ਪਹਿਲਾਂ ਵੀ ਭੁੱਖ ਹੜਤਾਲ ਰੱਖ ਚੁੱਕੇ ਹਨ। ਦੋਵੇਂ ਵਾਰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨਾਂ ਵੱਲੋਂ ਕੇਸ ਦੀ ਢੁੱਕਵੀਂ ਪੈਰਵੀ ਦੇ ਭਰੋਸਿਆਂ ਮਗਰੋਂ ਰਾਜੋਆਣਾ ਭੁੱਖ ਹੜਤਾਲ ਖੋਲ੍ਹਦੇ ਰਹੇ ਹਨ।

ਐਤਕੀਂ ਫਰਕ ਇਹ ਹੈ ਕਿ ਅਜਿਹਾ ਭਰੋਸਾ ਭੁੱਖ ਹੜਤਾਲ ਤੋਂ ਪਹਿਲਾਂ ਦਿੱਤਾ ਗਿਆ ਹੈ। ਕਮਲਦੀਪ ਕੌਰ ਨੇ ਆਸ ਜਤਾਈ ਕਿ ਵਫ਼ਦ ਦਿੱਤੇ ਗਏ ਭਰੋਸੇ ’ਤੇ ਖਰਾ ਉਤਰੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ’ਚ 31 ਅਗਸਤ 1995 ਨੂੰ ਵਾਪਰੇ ਹੱਤਿਆ ਕਾਂਡ ਸਬੰਧੀ ਰਾਜੋਆਣਾ ਨੂੰ 22 ਦਸੰਬਰ 1995 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ 31 ਜੁਲਾਈ 2007 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਮਗਰੋਂ 30 ਮਾਰਚ 2012 ਨੂੰ ਫਾਂਸੀ ਦੇਣ ਦਾ ਦਿਨ ਮੁਕੱਰਰ ਹੋਇਆ ਸੀ ਪਰ ਸ਼੍ਰੋਮਣੀ ਕਮੇਟੀ ਨੇ ਰਹਿਮ ਦੀ ਅਪੀਲ ਦਾਇਰ ਕੀਤੀ, ਤਾਂ ਦੋ ਦਿਨ ਪਹਿਲਾਂ 28 ਮਾਰਚ 2012 ਨੂੰ ਫਾਂਸੀ ’ਤੇ ਰੋਕ ਲਾ ਦਿੱਤੀ ਗਈ ਅਤੇ ਰਾਸ਼ਟਰਪਤੀ ਨੇ ਟਿੱਪਣੀ ਲਈ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਸੀ, ਜੋ ਅਜੇ ਵੀ ਉਥੇ ਹੀ ਪਈ ਹੈ।

Leave a Reply

Your email address will not be published. Required fields are marked *