ਮੁਲਾਜ਼ਮਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਗੇਟ ਅੱਗੇ ਕੂੜਾ ਖਿਲਾਰਿਆ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਹਾੜੀਦਾਰ ਮੁਲਾਜ਼ਮਾਂ ਨੇ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਅੱਜ ਯੂਨੀਵਰਸਿਟੀ ਦੇ ਮੁੱਖ ਗੇਟ, ਰਜਿਸਟਰਾਰ ਦਫ਼ਤਰ ਅਤੇ ਹੋਰ ਵੱਖ-ਵੱਖ ਪ੍ਰਬੰਧਕੀ ਬਲਾਕਾਂ ਵਿੱਚ ਕੂੜਾ ਖ਼ਿਲਾਰ ਕੇ ਗੰਦਗੀ ਦੇ ਢੇਰ ਲਗਾ ਦਿੱਤੇ। ਇਸ ਦੌਰਾਨ ਪ੍ਰਦਰਸ਼ਨਕਾਰੀ ਕਾਰਕੁਨਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਵੇਰੇ ਦੋ ਘੰਟੇ ਯੂਨੀਵਰਸਿਟੀ ਦਾ ਮੇਨ ਗੇਟ ਵੀ ਬੰਦ ਰੱਖਿਆ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਕਰੀਬ ਦੋ ਸਾਲ ਪਹਿਲਾਂ ਸੈਂਕੜਿਆਂ ਦੀ ਤਾਦਾਦ ਵਿੱਚ ਕੰਟਰੈਕਟ ਤੋਂ ਦਿਹਾੜੀਦਾਰ ਵਜੋਂ ਪਦਉਨਤ ਕੀਤੇ ਗਏ ਸਫ਼ਾਈ ਸੇਵਕ, ਸੇਵਾਦਾਰ ਅਤੇ ਸੁਰੱਖਿਆ ਮੁਲਾਜ਼ਮ ਤਨਖਾਹ ਵਿੱਚ ਬਰੇਕ ਦੇ ਦਿਨ ਵਧਾਏ ਜਾਣ ਕਾਰਨ ਖਫਾ ਹਨ, ਜਿਸ ਤਹਿਤ ਮੁਲਾਜ਼ਮਾਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਕਈ ਜਗ੍ਹਾ ਧਰਨੇ ਲਗਾਏ ਹੋਏ ਹਨ। ਅੱਜ ਮੁਲਾਜ਼ਮ ਆਗੂ ਜਤਿੰਦਰ ਕਾਲਾ ਤੇ ਸੰਦੀਪ ਕੁਮਾਰ ਦੀ ਅਗਵਾਈ ਹੇਠ ਇਨ੍ਹਾਂ ਨੇ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਸਾਰੇ ਰਾਹਾਂ, ਰਜਿਸਟਰਾਰ ਦਫ਼ਤਰ ਦੀ ਗੈਲਰੀ, ਪ੍ਰੀਖਿਆ ਸ਼ਾਖਾਵਾਂ ਤੇ ਹੋਰ ਪ੍ਰਬੰਧਕੀ ਬਲਾਕਾਂ ਵਿੱਚ ਕੂੜਾ ਖਿਲਾਰ ਕੇ ਰੋਸ ਦਾ ਪ੍ਰਗਟਾਵਾ ਕੀਤਾ। ਬਦਬੂ ਫੈਲਣ ਕਾਰਨ ਯੂਨੀਵਰਸਟੀ ਕੈਂਪਸ ਵਿੱਚ ਰਹਿ ਰਹੇ ਲੋਕਾਂ ਤੇ ਹੋਰ ਦਫ਼ਤਰੀ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੋਸ ਧਰਨਿਆਂ ਦੌਰਾਨ ਬਰੇਕ ਦੇ ਦਿਨਾਂ ਨੂੰ ਪਹਿਲਾਂ ਵਾਂਗ ਇੱਕ ਦਿਨ ਤਕ ਸੀਮਤ ਰੱਖਣ ’ਤੇ ਹੀ ਜ਼ੋਰ ਦਿੱਤਾ ਗਿਆ। ਇਸ ਸਬੰਧੀ ਪੱਖ ਲੈਣ ਲਈ ਜਦੋਂ ਰਜਿਸਟਰਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

Leave a Reply

Your email address will not be published. Required fields are marked *