ਮੌੜ ਬੰਬ ਧਮਾਕਾ : ਗੱਡੀ ‘ਚ ਆਈਈਡੀ ਲਾਉਣ ਵਾਲਾ ਅਵਤਾਰ ਹੈ ਸੌਦਾ ਸਾਧ ਦਾ ਕਰੀਬੀ

ਬਠਿੰਡਾ : ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਭੈਂਸੀ ਮਾਜਰਾ ਦਾ ਅਵਤਾਰ ਸਿੰਘ ਲੰਬੇ ਸਮੇਂ ਤੋਂ ਡੇਰਾ ਪ੍ਰੇਮੀ ਹੈ। ਉਹ ਲੰਬੇ ਸਮੇਂ ਤੋਂ ਡੇਰੇ ਵਿਚ ਹੀ ਰਹਿ ਰਿਹਾ ਹੈ ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕਰੀਬੀਆਂ ‘ਚ ਉਸ ਦਾ ਨਾਂ ਵੀ ਸ਼ਾਮਲ ਹੈ। ਉਸ ‘ਤੇ ਦੋਸ਼ ਹੈ ਕਿ ਮੌੜ ਬੰਬ ਧਮਾਕੇ ‘ਚ ਵਰਤੀ ਗਈ ਕਾਰ ਵਿਚ ਆਈਈਡੀ ਅਵਤਾਰ ਸਿੰਘ ਨੇ ਲਾਈ ਸੀ।

ਮੌੜ ਬੰਬ ਧਮਾਕੇ ਦੇ ਪੀੜਤਾਂ ਦਾ ਦੋਸ਼ ਹੈ ਕਿ ਮੁਲਜ਼ਮ ਅਵਤਾਰ ਸਿੰਘ ਡੇਰਾ ਸਿਰਸਾ ਦੇ ਮੁਖੀ ਦੇ ਕਾਫੀ ਕਰੀਬੀਆਂ ‘ਚੋਂ ਹੈ ਤੇ ਇਸ ਧਮਾਕੇ ‘ਚ ਡੇਰਾ ਸਿਰਸਾ ਵੀ ਸ਼ਾਮਲ ਹੈ ਕਿਉਂਕਿ ਉਨ੍ਹਾਂ ਦੀ ਵੀਆਈਪੀ ਵਰਕਸ਼ਾਪ ‘ਚ ਹੀ ਕਾਰ ਨੂੰ ਤਿਆਰ ਕੀਤਾ ਗਿਆ ਸੀ ਤੇ ਉੱਥੇ ਹੀ ਅਵਤਾਰ ਨੇ ਕਾਰ ‘ਤੇ ਆਈਈਡੀ ਨੂੰ ਫਿਟ ਕੀਤਾ ਸੀ। ਪੀੜਤਾਂ ਨੇ ਮੀਡੀਏ ਨਾਲ ਅਵਤਾਰ ਸਿੰਘ ਦੇ ਫੋਟੋ ਵੀ ਸਾਂਝੇ ਕੀਤੇ ਹਨ, ਜਿਸ ਵਿਚ ਉਹ ਡੇਰਾ ਮੁਖੀ ਦੇ ਨਾਲ ਕੰਮ ਕਰ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਮੌੜ ਧਮਾਕੇ ਦੀ ਜਾਂਚ ਲਈ ਦੋ ਸਾਲ ਪਹਿਲਾਂ ਗਠਿਤ ਡੀਆਈਜੀ ਰਣਬੀਰ ਸਿੰਘ ਖੱਟੜਾ, ਐੱਸਐੱਸਪੀ ਸਵਪਨ ਸ਼ਰਮਾ ਤੇ ਦਲਬੀਰ ਸਿੰਘ ਦੀ ਐੱਸਆਈਟੀ ਨੇ ਜਾਂਚ ਤੋਂ ਬਾਅਦ ਫਰਵਰੀ 2018 ਨੂੰ ਤਲਵੰਡੀ ਸਾਬੋ ਅਦਾਲਤ ‘ਚ ਗਵਾਹ ਪੇਸ਼ ਕੀਤੇ ਸਨ, ਜਿਨ੍ਹਾਂ ਨੇ ਧਮਾਕੇ ‘ਚ ਵਰਤੀ ਗਈ ਮਾਰੂਤੀ ਕਾਰ ਨੂੰ ਤਿਆਰ ਕਰਨ ‘ਚ ਮਦਦ ਕੀਤੀ ਸੀ। ਇਨ੍ਹਾਂ ਨੂੰ ਪੁਲਿਸ ਨੇ ਗਵਾਹ ਦੇ ਤੌਰ ‘ਤੇ ਕੋਰਟ ‘ਚ ਪੇਸ਼ ਕਰ ਕੇ ਇਨ੍ਹਾਂ ਦੇ 164 ਸੀਆਰਪੀਸੀ ਦੇ ਬਿਆਨ ਦਰਜ ਕਰਾਏ ਸਨ। ਇਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਵੀਆਈਪੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ ਦੇ ਕਹਿਣ ‘ਤੇ ਇਹ ਕਾਰ ਤਿਆਰ ਕੀਤੀ ਸੀ। ਕਾਰ ‘ਚ ਆਈਈਡੀ ਲਗਾਉਣ ਦਾ ਕੰਮ ਕੁਰੂਕਸ਼ੇਤਰ ਦੇ ਪਿੰਡ ਭੈਂਸੀ ਮਾਜਰਾ ਦੇ ਅਵਤਾਰ ਸਿੰਘ ਨੇ ਕੀਤਾ ਸੀ। ਹਾਈ ਕੋਰਟ ਦੇ ਆਦੇਸ਼ ‘ਤੇ ਡੀਜੀਪੀ ਨੇ 25 ਅਕਤੂਬਰ ਨੂੰ ਪੱਤਰ 9965-72/ਸੀਆਰ-ਐੱਲਏ ਮੌੜ ਬੰਬ ਧਮਾਕੇ ਦੀ ਜਾਂਚ ਲਈ ਡੀਜੀਪੀ ਲਾਅ ਐਂਡ ਆਰਡਰ ਈਸ਼ਵਰ ਸਿੰਘ ਦੀ ਅਗਵਾਈ ‘ਚ ਐੱਸਆਈਟੀ ਗਠਿਤ ਕੀਤੀ ਗਈ। ਇਸ ਐੱਸਆਈਟੀ ਨੇ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਹੈ।

ਇਹ ਹੈ ਮਾਮਲਾ

ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੌਰਾਨ 31 ਜਨਵਰੀ 2017 ਨੂੰ ਤਲਵੰਡੀ ਸਾਬੋ ਹਲਕੇ ‘ਚ ਕਾਂਗਰਸ ਦੇ ਉਮੀਦਵਾਰ ਤੇ ਡੇਰਾ ਮੁਖੀ ਦੇ ਕੁੜਮ ਹਰਮੰਦਰ ਸਿੰਘ ਜੱਸੀ ਦੀ ਮੌੜ ਮੰਡੀ ‘ਚ ਹੋਈ ਚੋਣ ਰੈਲੀ ‘ਚ ਧਮਾਕਾ ਹੋਇਆ ਸੀ। ਇਸ ਧਮਾਕੇ ‘ਚ ਪੰਜ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਪੰਜਾਬ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਹੋਇਆ ਹੈ।

Leave a Reply

Your email address will not be published. Required fields are marked *