ਯੂਪੀ ਦੇ ਸਿੱਖਾਂ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ: ਰਾਮੂਵਾਲੀਆ

ਮਾਨਸਾ: ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਐੱਮਐੱਲਸੀ ਬਲਵੰਤ ਸਿੰਘ ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਯੂਪੀ ਦੇ ਪੀਲੀਭੀਤ ਖੇਤਰ ’ਚ ਨਗਰ ਕੀਰਤਨ ਕੱਢਣ ਦੇ ਦੋਸ਼ ’ਚ ਪੁਲੀਸ ਵੱਲੋਂ 55 ਸਿੱਖਾਂ ’ਤੇ ਦਰਜ ਕੀਤੇ ਮੁਕੱਦਮਿਆਂ ਦਾ ਮਾਮਲਾ ਉਨ੍ਹਾਂ ਲਗਭਗ ਹੱਲ ਕਰਵਾ ਲਿਆ ਹੈ। ਉਹ ਅੱਜ ਇੱਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰਾਮੂਵਾਲੀਆ ਨੇ ਦੱਸਿਆ ਜਿਨ੍ਹਾਂ ਵਿਅਕਤੀਆਂ ’ਤੇ ਮੁਕੱਦਮੇ ਦਰਜ ਕੀਤੇ ਗਏ ਹਨ, ਦੀ ਗ੍ਰਿਫ਼ਤਾਰ ਨਹੀਂ ਹੋਵੇਗੀ ਅਤੇ ਉੱਥੋਂ ਦੀ ਸਰਕਾਰ ਨੇ ਇਸ ਮੁੱਦੇ ’ਤੇ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ’ਚ ਦਰਜ ਮੁਕੱਦਮੇ ਰੱਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਉਨ੍ਹਾਂ ਯੂਪੀ ਦੇ ਉੱਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਬੀਤੀ ਰਾਤ ਮੁੜ ਉਪ ਮੁੱਖ ਮੰਤਰੀ ਨਾਲ ਵਿਸਥਾਰ ’ਚ ਟੈਲੀਫ਼ੋਨ ’ਤੇ ਚਰਚਾ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁੱਦੇ ਦੇ ਨਾਲ ਹੀ ਸਿੱਖਾਂ ਦੇ ਹੋਰ ਭਖਦੇ ਮਸਲਿਆਂ ’ਤੇ ਭਲਕੇ 6 ਜਨਵਰੀ ਨੂੰ ਉਹ ਸੀਨੀਅਰ ਅਕਾਲੀ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨਾਲ ਚੰਡੀਗੜ੍ਹ ’ਚ ਮੁਲਾਕਾਤ ਕਰਨਗੇ, ਜਿੱਥੇ ਭਵਿੱਖ ਦੀ ਰਾਜਨੀਤੀ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰਿਵਾਰਵਾਦ ਦਾ ਕਬਜ਼ਾ ਤੋੜਨ ਅਤੇ ਆਮ ਚੋਣਾਂ ਕਰਵਾਉਣ ਲਈ ਮੁਹਿੰਮ ਜਾਰੀ ਹੈ।

ਸ੍ਰੀ ਰਾਮੂਵਾਲੀਆ ਨੇ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਣਾਈ ਯੋਜਨਾਬੰਦੀ ’ਚ ਪੰਜਾਬ ਨੂੰ ਬਾਹਰ ਰੱਖਣ ਦੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਹੋਰਨਾਂ 7 ਰਾਜਾਂ ਦੇ ਨਾਲ ਪੰਜਾਬ ਨੂੰ ਵੀ ਸ਼ਾਮਲ ਕਰੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇ 99 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਪਾਰਟੀ ਪ੍ਰਧਾਨ ਉੱਪਰ ਲੱਗੇ ਦੋਸ਼ ਸਾਬਤ ਹੋਏ ਹਨ, ਪਰ ਇਸ ਦੇ ਬਾਵਜੂਦ ਇਹ ਪ੍ਰਧਾਨਗੀ ਦੀ ਕੁਰਸੀ ਨਾਲ ਚਿੰਬੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਾਰਨਾਂ ਕਰਕੇ ਹੀ ਅਕਾਲੀ ਦਲ ਟੁੱਟਣ ਲੱਗਿਆ ਹੈ ਅਤੇ ਪਾਰਟੀ ਦੇ ਸੀਨੀਅਰ ਆਗੂ ਬਾਦਲ ਪਰਿਵਾਰ ਤੋਂ ਕਿਨਾਰਾ ਕਰਨ ਲੱਗੇ ਹਨ। ਇਸ ਮੌਕੇ ਨਵਦੀਪ ਸਿੰਘ ਮੰਡੀ ਕਲਾਂ, ਸੁਰਜੀਤ ਸਿੰਘ ਅਕਾਲੀ ਹਾਜ਼ਰ ਸਨ।

Leave a Reply

Your email address will not be published. Required fields are marked *