ਰਾਵੀ ’ਚੋਂ 300 ਕਰੋੜ ਦੀ ਹੈਰੋਇਨ ਬਰਾਮਦ

ਬਟਾਲਾ/ਡੇਰਾ ਬਾਬਾ ਨਾਨਕ : ਸੀਮਾ ਸੁਰੱਖਿਆ ਬਲ (ਬੀਐੱਸਐਫ) ਨੇ ਨੰਗਲੀ ਪੋਸਟ ਕੋਲੋਂ 60 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਤਿੰਨ ਸੌ ਕਰੋੜ ਰੁਪਏ ਦੱਸੀ ਗਈ ਹੈ। ਪੈਕੇਟਾਂ ਵਿਚ ਕਰੀਬ 64 ਕਿਲੋਗ੍ਰਾਮ ਹੈਰੋਇਨ ਸੀ ਤੇ ਇਹ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਕਰੀਬ ਦੋ ਵਜੇ ਬੀਐੱਸਐਫ ਨੇ ਫੜੀ ਹੈ।
ਪਾਕਿਸਤਾਨ ਅਧਾਰਿਤ ਨਸ਼ਾ ਤਸਕਰਾਂ ਵਲੋਂ ਇਹ ਹੈਰੋਇਨ ਰਾਵੀ ਦਰਿਆ ਰਾਹੀਂ ਭੇਜਣ ਦਾ ਯਤਨ ਕੀਤਾ ਜਾ ਰਿਹਾ ਸੀ ਜੋ ਨਾਕਾਮ ਹੋ ਗਿਆ। ਬੀਐੱਸਐਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਤਸਕਰ ਰਾਵੀ ਦਰਿਆ ਵਿੱਚ ਪਾਣੀ ਦੇ ਵਧੇ ਤੇਜ਼ ਵਹਾਅ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਪੈਕੇਟ ਚਿੱਟੇ, ਭੂਰੇ ਤੇ ਪੀਲੇ ਰੰਗ ਦੇ ਸਨ ਤੇ ਇਨ੍ਹਾਂ ਦੁਆਲੇ ਲਾਲ ਰੰਗ ਦੀ ਰੱਸੀ ਬੰਨ੍ਹ ਕੇ ਨਾਲ ਜਲਕੁੰਭੀ ਵੀ ਬੰਨ੍ਹੀ ਗਈ ਸੀ। ਹੈਰੋਇਨ ਦੇ 15-15 ਪੈਕੇਟ ਇੱਕ ਟਿਊੂਬ ਵਿੱਚ ਭਰੇ ਗਏ ਸਨ ਤਾਂ ਜੋ ਇਨ੍ਹਾਂ ’ਚ ਨਮੀ/ਪਾਣੀ ਨਾ ਭਰ ਜਾਵੇ। ਡੀਆਈਜੀ ਨੇ ਦੱਸਿਆ ਕਿ ਇਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸੇ ਰਾਵੀ ਦਰਿਆ ਕੋਲ ਬੈਠਾ ਤਸਕਰ ਕੰਟਰੋਲ ਕਰ ਰਿਹਾ ਸੀ ਜਿਸ ਕੋਲ 15 ਸੌ ਮੀਟਰ ਲੰਮੀ ਰੱਸੀ ਸੀ। ਰੱਸੀ ਨਾਲ ਇਹ ਸਾਰੇ ਪੈਕੇਟ ਬੰਨ੍ਹੇ ਗਏ ਸਨ। ਬੀਐੱਸਐਫ ਅਧਿਕਾਰੀ ਨੇ ਦੱਸਿਆ ਕਿ ਦਰਿਆ ਵਿੱਚ ਹਲਚਲ ਹੋਣ ’ਤੇ ਜਵਾਨ ਤੁਰੰਤ ਕਿਸ਼ਤੀ ਰਾਹੀਂ ਘਟਨਾ ਸਥਾਨ ’ਤੇ ਗਏ, ਪਰ ਉਸ ਤੋਂ ਪਹਿਲਾਂ ਹੀ ਪਾਕਿਸਤਾਨ ਵਾਲੇ ਪਾਸੇ ਇਨ੍ਹਾਂ ਪੈਕੇਟਾਂ ਨੂੰ ਰੱਸੀ ਨਾਲ ਕੰਟਰੋਲ ਕਰਨ ਵਾਲੇ ਨਸ਼ਾ ਸੌਦਾਗਰ ਭੱਜ ਗਏ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਇੱਧਰ (ਭਾਰਤੀ ਪਾਸੇ) ਇਸ ਹੈਰੋਇਨ ਨੂੰ ਕੋਈ ਸ਼ਾਇਦ ਲੈਣ ਆਇਆ ਹੋਵੇ, ਪਰ ਬੀਐੱਸਐਫ ਦੇ ਜਵਾਨਾਂ ਵੱਲੋਂ ਜਦ ਸਰਗਰਮੀ ਦਿਖਾਈ ਗਈ ਤਾਂ ਹੋ ਸਕਦਾ ਹੈ ਇੱਧਰਲੇ ਨਸ਼ਾ ਤਸ਼ਕਰ ਵੀ ਫ਼ਰਾਰ ਹੋ ਗਏ ਹੋਣ। ਜ਼ਿਕਰਯੋਗ ਹੈ ਕਿ ਬੀਓਪੀ ਨੰਗਲੀ ਜੋ ਗੁਰਦਾਸਪੁਰ ਸੈਕਟਰ ਅਧੀਨ ਆਉਂਦੀ ਹੈ, ਵਿਚ ਪਹਿਲੀ ਵਾਰ ਐਨੀ ਵੱਡੀ ਮਾਤਰਾ ਵਿੱਚ ਹੈਰੋਇਨ ਫੜੀ ਗਈ ਹੈ।