ਵਿਰੋਧੀਆਂ ਵੱਲੋਂ ਅਕਾਲੀ ਆਗੂ ਉੱਪਰ ਫਾਇਰਿੰਗ

ਮੌੜ ਮੰਡੀ : ਨਜ਼ਦੀਕੀ ਪਿੰਡ ਮਾਨਸਾ ਖੁਰਦ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਦੇ  ਨਜ਼ਦੀਕੀ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਭੋਲਾ ਸਿੰਘ ਮਾਨ ‘ਤੇ ਉਸ ਦੇ ਵਿਰੋਧੀਆਂ ਵੱਲੋਂ ਨਿੱਜੀ ਰੰਜਿਸ਼ ਕਾਰਨ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਅਕਾਲੀ ਆਗੂ ਦੇ ਵੱਖੀ ਅਤੇ ਪੈਰ ‘ਚ ਗੋਲ਼ੀਆਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸਮਿਤੀ ਮੈਂਬਰ ਭੋਲਾ ਸਿੰਘ ਮਾਨ ਆਪਣੇ ਫਾਰਮ ਹਾਊਸ ਤੋਂ ਆਪਣੇ ਪਿੰਡ ਵਿਚਲੇ ਘਰ ਜਾ ਰਿਹਾ ਸੀ। ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਭੋਲਾ ਸਿੰਘ ਮਾਨ ਨੇ ਦੱਸਿਆ ਕਿ ਉਸ ਦੀ  ਰਿਹਾਇਸ਼ ਭਾਵੇਂ ਬਠਿੰਡਾ ‘ਚ ਹੈ ਪਰ ਉਹ ਆਪਣੇ ਖੇਤ ਮਾਨਸਾ ਖੁਰਦ ’ਚ ਗੇੜਾ ਮਾਰਨ ਗਏ ਸਨ। ਜਦੋਂ ਉਹ ਆਪਣੇ ਖੇਤ ਤੋਂ ਕਾਰ ’ਤੇ ਪਿੰਡ ਵੱਲ ਆ ਰਹੇ ਸਨ ਤਾਂ ਉਸ ਦੇ ਵਿਰੋਧੀਆਂ ਨੇ ਮਿੱਥੀ ਹੋਈ ਯੋਜਨਾ ਨਾਲ  ਕਾਰ ਅੱਗੇ ਟਰੈਕਟਰ ਟਰਾਲੀ ਲਗਾ ਕੇ ਰਿਵਾਲਵਰ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਵੱਖੀ ਤੇ ਪੈਰ ’ਤੇ ਗੋਲੀਆਂ ਲਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਜੂਦ ਲੋਕਾਂ ਨੇ ਥੋੜ੍ਹੀ ਦੂਰ ਜਾ ਕੇ ਉਨ੍ਹਾਂ ਨੂੰ ਦਬੋਚ ਲਿਆ। ਪੁਲੀਸ ਅਨੁਸਾਰ ਫਾਇਰਿੰਗ ਦੋਵਾਂ ਪਾਸਿਆਂ ਤੋਂ ਕੀਤੀ ਗਈ ਹੈ। ਥਾਣਾ ਬਾਲਿਆਂਵਾਲੀ ਦੇ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ, ਦੋਵਾਂ ਧਿਰਾਂ ਦੇ ਬਿਆਨਾਂ ਦੇ ਅਾਧਾਰ ’ਤੇ ਕਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *