ਸ਼ਾਹੀ ਲੰਚ ਦੀ ‘ਤਾਕਤ’: ਹੁਣ ਸਾਰੀਆਂ ਨਾਰਾਜ਼ਗੀਆਂ ਦੂਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਸਕੱਤਰ ਦੇ ਮਸਲੇ ’ਤੇ ਉੱਠ ਰਹੀਆਂ ਬਗ਼ਾਵਤੀ ਸੁਰਾਂ ਨਾਲ ਸਿੱਝਣ ਲਈ ‘ਲੰਚ ਡਿਪਲੋਮੇਸੀ’ ਦੀ ਟੇਕ ਲੈਣੀ ਪਈ ਹੈ। ਉਨ੍ਹਾਂ ਵੱਲੋਂ ਖਾਣਾ ਖੁਆਉਣ ਮਗਰੋਂ ਨਾਰਾਜ਼ ਵਜ਼ੀਰ ਤੇ ਕੁਝ ਵਿਧਾਇਕ ਸੰਜਮ ’ਚ ਨਜ਼ਰ ਆਏ। ਦੱਸਣਯੋਗ ਹੈ ਕਿ ਤਿੰਨ ਵਜ਼ੀਰਾਂ ਦਾ ਸਿੱਧੇ ਤੌਰ ’ਤੇ ਮੁੱਖ ਸਕੱਤਰ ਨਾਲ ਪੇਚਾ ਪਿਆ ਹੋਇਆ ਹੈ। ਅੱਜ ਦੁਪਹਿਰ ਦੇ ਖਾਣੇ ਮੌਕੇ ਤਿੰਨੋਂ ਵਜ਼ੀਰਾਂ ’ਚੋਂ ਸਿਰਫ਼ ਸਹਿਕਾਰਤਾ ਸੁਖਜਿੰਦਰ ਸਿੰਘ ਰੰਧਾਵਾ ਹੀ ਹਾਜ਼ਰ ਸਨ ਜਦਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਾਲੇ ਵਾਪਸ ਨਹੀਂ ਆਏ ਹਨ।

ਸੂਤਰ ਦੱਸਦੇ ਹਨ ਕਿ ਵਜ਼ੀਰ ਸੁਖਜਿੰਦਰ ਰੰਧਾਵਾ ਨੇ ਸਾਥੀ ਮੰਤਰੀ ਚਰਨਜੀਤ ਚੰਨੀ ਨੂੰ ਲੰਚ ਵਾਸਤੇ ਨਾਲ ਲਿਜਾਣ ਲਈ ਫੋਨ ਖੜਕਾਏ ਪਰ ਉਨ੍ਹਾਂ ਪੱਲਾ ਨਾ ਫੜਾਇਆ। ਵੇਰਵਿਆਂ ਅਨੁਸਾਰ ਬਾਗ਼ੀ ਸੁਰ ਰੱਖਣ ਵਾਲੇ ਖੇਮੇ ’ਚੋਂ ਬਹੁਤੇ ਵਿਧਾਇਕ ਅੱਜ ਲੰਚ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਨੇ ਗ਼ੈਰ-ਰਸਮੀ ਤੌਰ ’ਤੇ ਅੱਜ ਵੱਖਰੀ ਸਿਆਸੀ ਮਿਲਣੀ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਪ੍ਰਗਟ ਸਿੰਘ ਅਤੇ ਵਿਧਾਇਕ ਸੰਗਤ ਸਿੰਘ ਗਿਲਜੀਆ ਨੂੰ ਦੁਪਹਿਰ ਦੇ ਖਾਣੇ ’ਤੇ ਬੁਲਾਇਆ ਗਿਆ ਜੋ ਕਰੀਬ ਤਿੰਨ ਘੰਟੇ ਮੁੱਖ ਮੰਤਰੀ ਦੇ ਸਿਸਵਾਂ ਰਿਜ਼ੋਰਟ ’ਤੇ ਰਹੇ। ਸੂਤਰਾਂ ਅਨੁਸਾਰ ਅੱਜ ਲੰਚ ਦੇ ਟੇਬਲ ’ਤੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਦਾ ਪੱਖ ਪੂਰ ਕੇ ਸਿਆਸੀ ਮਨਸ਼ਾ ਜ਼ਾਹਰ ਕਰ ਦਿੱਤੀ। ਉਨ੍ਹਾਂ ਤਰਕ ਦਿੱਤਾ ਕਿ ਮੁੱਖ ਸਕੱਤਰ ਤਾਂ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ। ਜਦੋਂ ਸ੍ਰੀ ਰੰਧਾਵਾ ਨੇ ਗੱਲ ਕੱਟੀ ਤਾਂ ਫੌਰੀ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੁੱਖ ਮੰਤਰੀ ਨੇ ਫੋਨ ’ਤੇ ਗੱਲ ਕੀਤੀ ਜਿੱਥੋਂ ਪਤਾ ਲੱਗਾ ਕਿ ਮੁੱਖ ਸਕੱਤਰ ਨੇ ਮੀਟਿੰਗ ਮਗਰੋਂ ਗੱਡੀ ’ਚ ਬੈਠੇ ਮਨਪ੍ਰੀਤ ਬਾਦਲ ਕੋਲ ਜਾ ਕੇ ਮੁਆਫ਼ੀ ਮੰਗੀ ਸੀ। ਸ੍ਰੀ ਰੰਧਾਵਾ ਨੇ ਮੁੱਖ ਸਕੱਤਰ ਨੂੰ ਲਾਂਭੇ ਕਰਨ ਦੀ ਗੱਲ ਰੱਖੀ।

ਇਸ ਦੌਰਾਨ ਰਾਜਾ ਵੜਿੰਗ ਨੇ ਮੁੱਖ ਸਕੱਤਰ ਦਾ ਮੁੱਦਾ ਚੁੱਕਿਆ। ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਇੱਕ ਐੱਸਡੀਐੱਮ ਵਾਲਾ ਮਾਮਲਾ ਮੁੜ ਚੁੱਕਿਆ। ਵਿਧਾਇਕ ਪ੍ਰਗਟ ਸਿੰਘ ਨੇ ਦੋ ਵਾਰ ਬਰਗਾੜੀ ਕਾਂਡ ਦੇ ਮੁੱਦੇ ’ਤੇ ਗੱਲ ਤੋਰਨੀ ਚਾਹੀ ਪਰ ਕੋਈ ਨਾ ਕੋਈ ਵਿਘਨ ਪੈਂਦਾ ਰਿਹਾ। ਉਨ੍ਹਾਂ ਮੁੱਖ ਮੰਤਰੀ ਨੂੰ ਚੌਕਸ ਕੀਤਾ ਕਿ ਅਫ਼ਸਰਸ਼ਾਹੀ ਸਭ ਕੁਝ ਗੋਲ ਕਰ ਰਹੀ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਦੋਂ ਮੁੱਖ ਸਕੱਤਰ ਦੇ ਹੈਂਕੜ ਵਤੀਰੇ ਦੀ ਗੱਲ ਕੀਤੀ ਤਾਂ ਅੱਗਿਓਂ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸਕੱਤਰ ਪਹਿਲਾਂ ਤਾਂ ਠੀਕ-ਠਾਕ ਸਨ। ਸ੍ਰੀ ਜਾਖੜ ਨੇ ਚੌਕਸ ਕੀਤਾ ਕਿ ਅਫ਼ਸਰਸ਼ਾਹੀ ਨੂੰ ਸਰਕਾਰ ਚਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਕੋਈ ਮੱਤਭੇਦ ਨਹੀਂ ਹਨ। ਜਦੋਂ ਮੁੱਖ ਮੰਤਰੀ ਬੁਲਾਉਣਗੇ, ਉਹ ਆਉਣਗੇ। ਉਨ੍ਹਾਂ ਕਿਹਾ ਕਿ ਆਬਕਾਰੀ ਘਾਟੇ ਲਈ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਲੰਚ ਖੁਣੋਂ ਰਹਿ ਗਏ ਵਿਧਾਇਕਾਂ ਨੇ ਹੀ ਸ੍ਰੀ ਰੰਧਾਵਾ ਨੂੰ ਮੀਟਿੰਗ ਲਈ ਅਧਿਕਾਰਤ ਕੀਤਾ ਸੀ। ਮੁੱਖ ਮੰਤਰੀ ਦਫ਼ਤਰ ਨੇ ਰਾਜਨੀਤੀ ਬਰਾਂਚ-1 ’ਚ ਤਾਇਨਾਤ ਬੁਕਿੰਗ ਸਹਾਇਕ ਰਜਨੀਸ਼ ਮੈਣੀ ਨੂੰ ਬਦਲਣ ਦੇ ਜ਼ੁਬਾਨੀ ਹੁਕਮ ਦੇ ਦਿੱਤੇ ਹਨ। ਬੁਕਿੰਗ ਸਹਾਇਕ ਖ਼ਿਲਾਫ਼ ਵਿਧਾਇਕਾਂ ਨੇ ਰੌਲਾ ਪਾਇਆ ਸੀ ਕਿ ਦਿੱਲੀ ਦੇ ਪੰਜਾਬ ਭਵਨ ਦੇ ਬਲਾਕ-ਏ ਵਿੱਚ ਬੁਕਿੰਗ ਨਹੀਂ ਦਿੱਤੀ ਜਾਂਦੀ।

ਆਗੂਆਂ ਦੇ ਮਸ਼ਵਰੇ ਦੀ ਕਦਰ ਹੈ: ਅਮਰਿੰਦਰ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਮਹੱਤਵਪੂਰਨ ਮੁੱਦਿਆਂ ’ਤੇ ਰਾਇ ਦੇਣ ਵਾਲੇ ਆਗੂਆਂ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਗੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਕੋਵਿਡ- 19 ਦੇ ਪ੍ਰਭਾਵ ਘਟਣ ਕਰਨ ਲਈ ਉਹ ਹਰ ਸੰਭਵ ਉਪਾਅ ਕਰ ਰਹੇ ਹਨ। ਸਰਕਾਰ ਲੋਕਾਂ ਦੇ ਦੁੱਖ ਦੂਰ ਕਰਨ ਲਈ ਯਤਨਸ਼ੀਲ ਹੈ।

ਅਮਰਿੰਦਰ ਨਿਰਵਿਵਾਦ ਨੇਤਾ: ਰੰਧਾਵਾ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਨਿਰਵਿਵਾਦ ਨੇਤਾ ਹਨ। ਸ਼ਰਾਬ ਤਸਕਰੀ ’ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਬਾਰੇ ਸ੍ਰੀ ਰੰਧਾਵਾ ਨੇ ਕਿਹਾ ਕਿ ਜੇਕਰ ਕੋਈ ਵੀ ਗ਼ੈਰ-ਕਾਨੂੰਨੀ ਕੰਮ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *