ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸ਼ਨਾਖਤ ਦਾ ਕਾਰਜ ਸ਼ੁਰੂ

ਅੰਮ੍ਰਿਤਸਰ : ਲਗਪਗ ਸੌ ਵਰ੍ਹੇ ਪਹਿਲਾਂ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸਹੀ ਗਿਣਤੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਪਤਾ ਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਣਵੰਡੇ ਪੰਜਾਬ ਵਿਚ ਨਨਕਾਣਾ ਸਾਹਿਬ ਦੀ ਧਰਤੀ ’ਤੇ ਵਾਪਰੇ ਇਸ ਸਾਕੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੋਏ ਸਨ। ਇਸ ਕਤਲੇਆਮ ਵਿਚ ਕਿੰਨੇ ਸਿੱਖ ਮਾਰੇ ਗਏ ਸਨ, ਬਾਰੇ ਹਾਲੇ ਤਕ ਭੰਬਲਭੂਸਾ ਬਣਿਆ ਹੋਇਆ ਹੈ। ਵੱਖ ਵੱਖ ਪੁਸਤਕਾਂ ਅਤੇ ਲੇਖਾਂ ਵਿੱਚ ਸ਼ਹੀਦਾਂ ਦੀ ਗਿਣਤੀ ਵਿੱਚ ਵੱਡਾ ਅੰਤਰ ਹੈ। ਬੀਤੇ ਦਿਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਇਥੇ ਅਕਾਲ ਤਖਤ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇਸ ਸਾਕੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਗਿਣਤੀ ਲਗਪਗ 130 ਦੱਸੀ ਸੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਸ਼ਹੀਦ ਮਿਸ਼ਨਰੀ ਕਾਲਜ, ਜੋ ਸਾਕਾ ਨਨਕਾਣਾ ਸਾਹਿਬ ਦੇ ਨਾਂ ’ਤੇ ਬਣਾਇਆ ਗਿਆ ਸੀ, ਦੀ ਪ੍ਰਿੰਸੀਪਲ ਅਤੇ ਖੋਜਕਰਤਾ ਪ੍ਰੋ. ਮਨਜੀਤ ਕੌਰ ਦੀ ਅਗਵਾਈ ਹੇਠ ਖੋਜ ਕਾਰਜ ਆਰੰਭ ਕੀਤਾ ਗਿਆ ਹੈ, ਜਿਨ੍ਹਾਂ ਨੇ ਕੁਝ ਪਰਿਵਾਰਾਂ ਦੀ ਸ਼ਨਾਖਤ ਕਰ ਲਈ ਹੈ।
ਸ਼ਹੀਦਾਂ ਦੀ ਗਿਣਤੀ 400 ਤੋਂ ਵੱਧ ਹੋਣ ਦਾ ਅਨੁਮਾਨ: ਪ੍ਰਿੰ. ਮਨਜੀਤ ਕੌਰ
ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਖੋਜ ਕਾਰਜ ਦੌਰਾਨ ਪਤਾ ਲੱਗਾ ਹੈ ਕਿ ਉਸ ਵੇਲੇ ਦੇ ਪੁਲੀਸ ਇੰਸਪੈਕਟਰ ਚਰਨ ਸਿੰਘ ਨੇ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ 156 ਸਿੱਖਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਜ਼ਿਕਰ ਸ਼ਾਮਲ ਸੀ। ਉਨ੍ਹਾਂ ਆਖਿਆ ਕਿ ਇਤਿਹਾਸ ਵਿੱਚ ਕੁਝ ਥਾਵਾਂ ’ਤੇ ਸ਼ਹੀਦਾਂ ਦੀ ਗਿਣਤੀ 260 ਅਤੇ ਕੁਝ ਥਾਵਾਂ ’ਤੇ 86 ਤੋਂ 150 ਦੱਸੀ ਗਈ ਹੈ ਪਰ ਉਨ੍ਹਾਂ ਮੁਤਾਬਕ ਸ਼ਹੀਦਾਂ ਦੀ ਗਿਣਤੀ 400 ਤੋਂ ਵੱਧ ਹੋਣ ਦਾ ਅਨੁਮਾਨ ਹੈ।