ਆਖਰੀ ਪਲਾਂ ਤੱਕ ਰਾਣਾ ਦਾ ਰਾਹ ਰੋਕਦੇ ਰਹੇ ‘ਆਪਣੇ’

ਜਲੰਧਰ: ਮੁੱਖ ਮੰਤਰੀ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੋਆਬੇ ਦਾ ਇੱਕ ਮੰਤਰੀ ਹੀ ਕੈਬਨਿਟ ਵਿੱਚ ਲਿਆ ਸੀ, ਜਦਕਿ ਹੁਣ ਚਰਨਜੀਤ ਸਿੰਘ ਚੰਨੀ ਨੇ ਦੋਆਬੇ ਵਿੱਚੋਂ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਤੇ ਸੰਗਤ ਸਿੰਘ ਗਿਲਜ਼ੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ। ਇਸ ਮਗਰੋਂ ਹੁਣ ਪੰਜਾਬ ਸਰਕਾਰ ਵਿੱਚ ਤਾਂ ਦੋਆਬੇ ਦਾ ਦਬਦਬਾ ਵਧ ਗਿਆ ਹੈ, ਪਰ ਕਾਂਗਰਸੀ ਆਗੂ ਆਪਸ ਵਿੱਚ ਭਿੜਨ ਲੱਗ ਪਏ ਹਨ।

ਰਾਣਾ ਗੁਰਜੀਤ ਸਿੰਘ ਦਾ ਰਾਹ ਰੋਕਣ ਲਈ ਪੰਜਾਬ ਕਾਂਗਰਸ ਦੇ ਇੱਕ ਸਾਬਕਾ ਪ੍ਰਧਾਨ ਤੇ 6 ਵਿਧਾਇਕਾਂ ਨੇ ਆਖਰੀ ਪਲਾਂ ਤੱਕ ਵੀ ਜ਼ੋਰ ਲਾਇਆ। ਉਨ੍ਹਾਂ ਪਟਿਆਲਾ ’ਚ ਨਵਜੋਤ ਸਿੰਘ ਸਿੱਧੂ ਦੇ ਘਰ ਡੇਰੇ ਵੀ ਲਾਈ ਰੱਖੇ। ਹਾਲਾਂਕਿ ਕਾਂਗਰਸੀ ਆਗੂ ਕੈਬਨਿਟ ਵਿੱਚ ਜਾਣ ਲਈ ਰਾਣਾ ਦਾ ਰਾਹ ਰੋਕਣ ’ਚ ਸਫ਼ਲ ਨਹੀਂ ਹੋ ਸਕੇ, ਪਰ ਇਸ ਨਾਲ ਦੋਆਬੇ ਵਿੱਚ ਕਾਂਗਰਸ ਅੰਦਰਲੀ ਫੁੱਟ ਜੱਗ ਜ਼ਾਹਰ ਹੋ ਗਈ ਹੈ। ਜਿਹੜੇ ਕਾਂਗਰਸੀ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖੀ ਸੀ ਉਸ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਸਾਬਕਾ ਸੂਬਾਈ ਪ੍ਰਧਾਨ ਤੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ, ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ, ਸ਼ਾਮ ਚੌਰਾਸੀ ਤੋਂ ਵਿਧਾਇਕ ਪਵਨ ਆਧੀਆ, ਭੁੱਲਥ ਤੋਂ ਸੁਖਪਾਲ ਸਿੰਘ ਖਹਿਰਾ, ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ, ਜਲੰਧਰ ਉੱਤਰੀ ਤੋਂ ਵਿਧਾਇਕ ਬਾਵਾ ਹੈਨਰੀ ਤੇ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹਨ। ਜਿਹੜੇ ਚਾਰ ਵਿਧਾਇਕ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਉਨ੍ਹਾਂ ਵਿੱਚ ਸੁਖਪਾਲ ਸਿੰਘ ਖਹਿਰਾ, ਨਵਤੇਜ ਸਿੰਘ ਚੀਮਾ, ਬਾਵਾ ਹੈਨਰੀ ਤੇ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਸਨ। ਕਾਂਗਰਸ ਵਿੱਚ ਧੜੇਬੰਦੀ ਤਿੱਖੀ ਹੋਣ ਨਾਲ ਹੁਣ ਸਿਆਸੀ ਕੁੜੱਤਣ ਹੋਰ ਵਧੇਗੀ। ਸੂਤਰਾਂ ਅਨੁਸਾਰ 2017 ਦੀਆਂ ਚੋਣਾਂ ਲਈ ਜਲੰਧਰ ਪੱਛਮੀ ਤੋਂ ਮਹਿੰਦਰ ਸਿੰਘ ਕੇਪੀ ਦੀ ਟਿਕਟ ਦਾ ਵਿਰੋਧ ਕਰਕੇ ਰਾਣਾ ਗੁਰਜੀਤ ਸਿੰਘ ਨੇ ਆਪਣੇ ਕਰੀਬ ਸੁਸ਼ੀਲ ਰਿੰਕੂ ਨੂੰ ਟਿਕਟ ਦੁਆਈ ਸੀ। ਰਾਣਾ ਦੇ ਧੜੇ ਵਿੱਚ ਦੋ ਹੋਰ ਵਿਧਾਇਕ ਗਿਣੇ ਜਾਂਦੇ ਹਨ, ਜਿਨ੍ਹਾਂ ਵਿੱਚ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਖਡੂਰ ਸਾਹਿਬ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਸ਼ਾਮਲ ਹਨ।

ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਸੀ ਕਿ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਵਿਰੋਧ ਵਿੱਚ ਰਹੇ ਸਾਬਕਾ ਕਾਂਗਰਸੀ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਹਮਾਇਤ ਰਾਣਾ ਗੁਰਜੀਤ ਹੀ ਕਰ ਰਿਹਾ ਸੀ। ਰਾਣਾ ਗੁਰਜੀਤ ਦਾ ਸਭ ਤੋਂ ਵੱਧ ਵਿਰੋਧ ਸੁਖਪਾਲ ਸਿੰਘ ਖਹਿਰਾ ਕਰਦੇ ਰਹੇ ਹਨ। ਹੁਣ ਜਦੋਂ ਖਹਿਰਾ ‘ਆਪ’ ਛੱਡ ਕੇ ਮੁੜ ਕਾਂਗਰਸ ਵਿੱਚ ਆ ਗਏ ਹਨ ਤਾਂ ਦੋਵੇਂ ਆਗੂ ਮੁੜ ਇੱਕ-ਦੂਜੇ ਦੇ ਕੱਟੜ ਵਿਰੋਧੀ ਬਣ ਗਏ ਹਨ। ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਸੀ ਕਿ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਵਿਰੋਧ ਵਿੱਚ ਰਹੇ ਸਾਬਕਾ ਕਾਂਗਰਸੀ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅੰਦਰਖਾਤੇ ਹਮਾਇਤ ਰਾਣਾ ਗੁਰਜੀਤ ਹੀ ਕਰ ਰਿਹਾ ਸੀ।

Leave a Reply

Your email address will not be published. Required fields are marked *